9.6 C
United Kingdom
Saturday, March 7, 2026

More

    ਆਸਟ੍ਰੇਲੀਆ-ਚੀਨ ‘ਚ ਵਪਾਰਕ ਤਣਾਅ ਕਾਰਨ ਲੱਗੀਆਂ ਆਰਥਿਕ ਪਾਬੰਦੀਆਂ

    (ਹਰਜੀਤ ਲਸਾੜਾ, ਬ੍ਰਿਸਬੇਨ 13 ਮਈ)

    ਕੋਵਿਡ-19 ਦੇ ਚੱਲਦਿਆਂ ਆਸਟ੍ਰੇਲੀਆ ਵੱਲੋਂ ਚੀਨ ‘ਤੇ ਕਰੋਨਾਵਾਇਰਸ ਦੀ ਸ਼ੁਰੂਆਤ ਅਤੇ ਫੈਲਣ ਦੀ ਸੁਤੰਤਰ ਜਾਂਚ ਦੀ ਮੰਗ ‘ਤੇ ਬਜ਼ਿਦ ਰਹਿਣ (ਜਿਸ ਨੂੰ ਚੀਨ ਨੇ ਰੱਦ ਕਰ ਦਿੱਤਾ ਹੈ) ਕਾਰਨ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਚਰਮਸੀਮਾ ‘ਤੇ ਪਹੁੰਚ ਗਿਆ ਹੈ। ਜਿਸਦੇ ਫਲਸਰੂਪ ਚੀਨ ਵੱਲੋਂ ਆਸਟ੍ਰੇਲਿਆਈ ਜੌਂ (ਅਨਾਜ) ਦੀ ਦਰਾਮਦ ‘ਤੇ 80 ਫੀਸਦੀ ਟੈਕਸ ਲਗਾਉਣ ਦੀ ਧਮਕੀ ਅਤੇ ਆਸਟਰੇਲੀਆ ਦੇ ਚਾਰ ਵੱਡੇ ਮੀਟ ਸਪਲਾਇਰਾਂ (ਜੇ. ਬੀ. ਐੱਸ. ਡਿਨਮੋਰ, ਜੇ. ਬੀ. ਐੱਸ. ਬੀਫ ਸਿਟੀ, ਕਿਲਕੋਏ ਅਤੇ ਉੱਤਰੀ ਸਹਿਕਾਰੀ ਮੀਟ ਕੰਪਨੀ ਆਸਟ੍ਰੇਲੀਆ) ਨੂੰ ਲਾਲ ਮੀਟ ਦੀ ਬਰਾਮਦ ਕਰਨ ਤੋਂ ਮੁਅੱਤਲ ਕਰ ਦਿੱਤਾ ਹੈ। ਇਹ ਪ੍ਰਗਟਾਵਾ ਆਸਟ੍ਰੇਲਿਆਈ ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਡੇਲੀ ਮੇਲ ਆਸਟਰੇਲੀਆ ਨਿਊਜ਼ ਨੂੰ ਆਪਣੇ ਸੰਬੋਧਨ ‘ਚ ਕੀਤਾ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਦੇ ਅਠਾਰਾਂ ਫੀਸਦੀ ਬੀਫ (ਮੀਟ) ਦਾ ਉਤਪਾਦਨ ਚੀਨ ਨੂੰ ਨਿਰਯਾਤ ਕੀਤਾ ਜਾਂਦਾ ਹੈ, ਜੋ ਕਿ ਸਲਾਨਾ 3 ਬਿਲੀਅਨ ਡਾਲਰ ਤੋਂ ਵੱਧ ਦੀ ਬਰਾਮਦ ਹੈ। ਉੱਧਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਕਸਟਮ ਅਫਸਰਾਂ ਦੇ ਕਹਿਣ ਮੁਤਾਬਿਕ
    ਕੁਝ ਆਸਟ੍ਰੇਲਿਆਈ ਬੀਫ ਨਿਰਯਾਤ ਕੰਪਨੀਆਂ ਵਲੋਂ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਾਰਨ ਹੀ ਇਹਨਾਂ ਕੰਪਨੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਚੀਨ ਵੱਲੋਂ ਜਨਤਕ ਤੌਰ ‘ਤੇ ਕੋਵਿਡ-19 ਦੀ ਜਾਂਚ ਦੇ ਬਦਲੇ ਵਿਚ ਆਸਟ੍ਰੇਲੀਆ ‘ਤੇ ਆਰਥਿਕ ਪਾਬੰਦੀਆਂ ਲਗਾਉਣ ਦੀ ਧਮਕੀ ਕਾਰਨ ਜੌਂ ਦੀ ਖੇਤੀ ਅਤੇ ਬੀਫ ਦੇ ਉਤਪਾਦਕ ਕਿਸਾਨ ਆਰਥਿਕ ਸਦਮੇ ‘ਚ ਆ ਗਏ ਹਨ। ਜੌਂ ਦੇ ਮੁੱਦੇ ‘ਤੇ ਖੇਤੀਬਾੜੀ ਮੰਤਰੀ ਡੇਵਿਡ ਲਿਟਲਪ੍ਰੌਡ ਨੇ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਦਰਾਂ ਦਾ ਵਾਧਾ ਬਦਲਾ ਲੈਣ ਦੀ ਕੋਈ ਕਾਰਵਾਈ ਅਧੀਨ ਨਾ ਹੋਵੇ।” ਵਪਾਰ ਮੰਤਰੀ ਸਾਈਮਨ ਬਰਮਿੰਘਮ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਗੰਭੀਰਤਾ ਵਾਲਾ ਮੁੱਦਾ ਹੈ ਅਤੇ ਚੀਨ ਵੱਲੋਂ ਇਸ ਦਾ ‘ਇਹ ਕੋਈ ਉਚਿਤ ਹੱਲ ਨਹੀਂ ਹੈ’। ਜੌਂ ਚੀਨ ਦੇ ਲਈ ਆਸਟਰੇਲੀਆ ਦਾ ਦੂਜਾ ਸਭ ਤੋਂ ਕੀਮਤੀ ਖੇਤੀ ਬਰਾਮਦ ਹੈ, ਜਿਸਦਾ ਵਪਾਰ 1.5 ਬਿਲੀਅਨ ਡਾਲਰ ਦਾ ਹੈ। ਚੀਨ 19 ਮਈ ਤੱਕ ਆਸਟ੍ਰੇਲਿਆਈ ਜੌਂ ਦੀ 18 ਮਹੀਨੇ ਤੋਂ ਐਂਟੀ-ਡੰਪਿੰਗ ਦੀ ਚੱਲ ਰਹੀ ਜਾਂਚ ਮੁਕੰਮਲ ਕਰਨ ਵਾਲਾ ਹੈ। ਆਸਟ੍ਰੇਲੀਆ ਚੀਨ ਨੂੰ ਜੌਂ ਦੇ ਮੁੱਦੇ ‘ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਸ ਲੜਾਈ ਨੂੰ ਵਿਸ਼ਵ ਵਪਾਰ ਸੰਗਠਨ ‘ਚ ਲਿਜਾਣ ਲਈ ਤਿਆਰ ਹੈ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ, “ਅਸੀਂ ਯੂਰਪੀ ਸੰਘ ਦੇ ਮਤੇ ਦਾ ਸਮਰਥਨ ਕਰਦੇ ਹਾਂ ਜਿਸ ਵਿੱਚ ਵੁਹਾਨ ਦੀ ਵੈੱਟ ਮਾਰਕੀਟ (ਫਲਾਂ ਸਬਜੀਆ, ਅਤੇ ਜਿੱਥੇ ਜਿਉਂਦੇ ਜਾਨਵਰ ਵੱਢੇ ਅਤੇ ਵੇਚੇ ਜਾਂਦੇ ਹਨ) ਦੀ ਸੁਤੰਤਰ ਜਾਂਚ, ਏਸ਼ੀਆ, ਅਫਰੀਕਾ ਅਤੇ ਮੱਧ ਪੂਰਬੀ ਖਿੱਤੇ ਅੰਦਰ ਵੈੱਟ ਮਾਰਕੀਟ (ਬਾਜ਼ਾਰਾਂ) ਨੂੰ ਨਿਯਮਤ ਕਾਨੂੰਨ ਦੇ ਦਾਇਰੇ ਵਿੱਚ ਲਿਆਉਣਾ ਅਤੇ ਜਾਂਚ ਲਈ ਸੁਤੰਤਰ ਜਾਂਚ ਏਜੰਸੀਆਂ ਆਦਿ ਨੂੰ ਸ਼ਾਮਲ ਕਰਨਾ ਹੈ। ਦੱਸਣਯੋਗ ਹੈ ਕਿ ਚੀਨ ਵਸਤੂਆਂ ਅਤੇ ਸੇਵਾਵਾਂ ਦੇ ਮਾਮਲੇ ਵਿਚ ਆਸਟਰੇਲੀਆ ਦਾ ਸਭ ਤੋਂ ਵੱਡਾ ਦੋ-ਧਿਰ ਵਪਾਰਕ ਭਾਈਵਾਲ ਹੈ, ਦੋ-ਪੱਖੀ ਵਪਾਰ 2018–19 ਵਿਚ ਇਕ ਰਿਕਾਰਡ 235 ਬਿਲੀਅਨ ਡਾਲਰ ਤੱਕ ਪਹੁੰਚ ਗਿਆ (20.5% ਵਾਧੇ ਨਾਲ਼) ਚੀਨ ਨੂੰ ਬਰਾਮਦ 23.9 ਫੀਸਦ ਵਧ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ (153 ਅਰਬ ਡਾਲਰ) ‘ਤੇ ਪਹੁੰਚ ਗਈ, ਜੋ ਆਸਟਰੇਲਿਆਈ ਲੋਹੇ, ਕੋਲਾ ਅਤੇ ਐੱਲ. ਐੱਨ. ਜੀ. ਚੀਨ ਸਭ ਤੋਂ ਵੱਡੀ ਸੇਵਾਵਾਂ ਨਿਰਯਾਤ ਬਾਜ਼ਾਰ ਬਣਿਆ ਹੋਇਆ ਹੈ, ਖ਼ਾਸਕਰ ਸਿੱਖਿਆ ਵਿਚ (ਸਾਲ 2018 ਵਿੱਚ 205,000 ਤੋਂ ਵੱਧ ਵਿਦਿਆਰਥੀ, ਇੱਕ ਸਾਲ ਵਿੱਚ 11 ਪ੍ਰਤੀਸ਼ਤ ਵਾਧਾ) ਅਤੇ ਸੈਰ ਸਪਾਟਾ (2018–19 ਵਿੱਚ 1.4 ਮਿਲੀਅਨ ਤੋਂ ਵੱਧ ਚੀਨੀ ਯਾਤਰੀ) ਆਦਿ ਸ਼ਾਮਲ ਹਨ। ਵਪਾਰਕ ਮਾਹਰਾਂ ਅਨੁਸਾਰ ਕੋਵਿਡ-19 ਦੌਰਾਨ ਆਸਟ੍ਰੇਲਿਆਈ ਅਰਥਚਾਰੇ ਨੂੰ ਹਫਤਾਵਾਰੀ 4 ਬਿਲੀਅਨ ਡਾਲਰ ਤੱਕ ਦਾ ਘਾਟਾ ਪੈ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!