ਡਾ. ਸੁਰਜੀਤ ਸਿੰਘ ਭਦੌੜ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਵਿਸ਼ਵ ਭਰ ਵਿੱਚ ਬੈਠੇ ਕਬੱਡੀ ਪ੍ਰੇਮੀਆਂ ਲਈ ਸਦਮੇ ਵਾਲ਼ੀ ਖ਼ਬਰ ਹੈ ਕਿ ਕਿ ਬਰਤਾਨੀਆ ਵਿੱਚ ਕਬੱਡੀ ਦੀਆਂ ਤਿੜ੍ਹਾਂ ਬੀਜਣ ਵਾਲ਼ੇ ਮੋਹਰੀਆਂ ਵਿੱਚ ਸ਼ੁਮਾਰ ਮਹਿੰਦਰ ਸਿੰਘ ਮੌੜ ਇਸ ਜਹਾਨੋਂ ਰੁਖਸਤ ਹੋ ਗਿਆ ਹੈ। ਉਹਨਾਂ ਅੱਜ ਭਾਰਤੀ ਸਮੇਂ ਅਨੁਸਾਰ 7:35 ਸਵੇਰੇ ਆਖਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਇਲਾਜ਼ ਅਧੀਨ ਸਨ। ਆਪਣੀ ਉਮਰ ਦੇ ਅੱਧਿਉਂ ਵੱਧ ਵਰ੍ਹੇ ਕਬੱਡੀ ਖੇਡ ਦੀ ਬਿਹਤਰੀ ਲੇਖੇ ਲਾਉਣ ਵਾਲਾ, ਆਪਣੀ ਜਨਮ ਭੋਇੰ ਤੋਂ ਦੂਰ ਵਿਦੇਸ਼ਾਂ ਵਿੱਚ ਆਪਣੀ ਮਾਂ ਖੇਡ ਕਬੱਡੀ ਦਾ ਝੰਡਾ ਬਰਦਾਰ ਮਹਿੰਦਰ ਮੌੜ ਆਪਣੇ ਚਾਹੁਣ ਵਾਲਿਆਂ ਦੀ ਝੋਲੀ ਵਿਛੋੜਾ ਪਾ ਗਿਆ। ਮਹਿੰਦਰ ਸਿੰਘ ਮੌੜ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਇੱਕ ਹਸਪਤਾਲ਼ ਵਿੱਚ ਜੇਰੇ ਇਲਾਜ ਸਨ । ਉਨਾਂ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਜੱਦੀ ਪਿੰਡ ਕਾਲਾ ਸੰਘਿਆਂ ਵਿਖੇ ਰੱਖਿਆ ਗਿਆ ਹੈ। ਕਬੱਡੀ ਦੇ ਬਾਬਾ ਬੋਹੜ ਵਜੋਂ ਜਾਣਿਆ ਜਾਣ ਵਾਲਾ ਕਾਲਾ ਸੰਘਿਆਂ ਵਾਲਾ ਇਹ ਪਹਿਲਵਾਨ ਮੌੜ ਕਬੱਡੀ ਜਗਤ ਦਾ ਧਰੂ ਤਾਰਾ ਰਹੇਗਾ। ਮਹਿੰਦਰ ਮੋੜ ਦੀ ਮੌਤ ਇਸ ਲਈ ਵੀ ਝਟਕੇ ਵਜੋਂ ਆਈ ਕਿਉਂਕਿ ਲਾਕਡਾਊਨ ਵਿੱਚ ਫਸਿਆ ਪੰਜਾਬੀ ਖੇਡ ਜਗਤ ਹਾਲੇ ਚਾਰ ਦਿਨ ਪਹਿਲਾਂ ਦਿਨ ਦਿਹਾੜੇ ਕਤਲ ਕੀਤੇ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਦੇ ਸੋਗ ਤੋਂ ਬਾਹਰ ਨਹੀਂ ਸੀ ਆਇਆ । ਦੱਸਣਯੋਗ ਹੈ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਇੰਗਲੈਂਡ ਰੋਟੀ ਕਮਾਉਣ ਲਈ ਮਹਿੰਦਰ ਸਿੰਘ ਸਿੰਗਾਪੁਰ ਰਾਹੀਂ ਇੰਗਲੈਂਡ ਪਹੁੰਚ ਗਿਆ। ਉਹਦਾ ਘਰ ਤਾਂ ਉਸਦੀ ਕਰਮ ਭੂਮੀ ਇੰਗਲੈਂਡ ਵਿੱਚ ਚਾਹੇ ਸਥਾਪਿਤ ਹੋ ਗਿਆ ਪਰ ਉਹਦੇ ਦਿਮਾਗ ਚ ਕਬੱਡੀ ਪ੍ਰੇਮ ਇਸ ਕਦਰ ਤਰਥੱਲੀ ਮਚਾਉਂਦਾ ਰਹੇਗਾ, ਇਸਦਾ ਤਾਂ ਉਹਨੂੰ ਵੀ ਸਾਇਦ ਪਤਾ ਨਹੀਂ ਹੋਵੇਗਾ । ਪੇਟ ਲਈ ਕੰਮ ਕਰਦੇ ਕਰਦੇ ਮੌੜ ਨੇ ਕਬੱਡੀ ਨੂੰ ਇਸ ਕਦਰ ਅਪਣਾ ਲਿਆ ਕਿ ਉਹ ਮਾਂ ਖੇਡ ਦਾ ਬਾਬਾ ਬੋਹੜ ਬਣ ਗਿਆ । ਮਹੱਤਵਪੂਰਣ ਗੱਲ ਤਾਂ ਇਹ ਹੈ ਕਿ ਪੜਾਈ ਤੋਂ ਕੋਰੇ ਮਹਿੰਦਰ ਸਿੰਘ ਨੇ ਆਪਣੀ ਜਿੰਦਗੀ ਚ ਕਬੱਡੀ ਕਦੇ ਖੇਡੀ ਹੀ ਨਹੀਂ ਸੀ ਅਤੇ 16-17 ਸਾਲ ਦੀ ਉਮਰ ਤੋਂ ਕੁਸ਼ਤੀ ਦੇ ਪਿੜ ਵਿੱਚ ਵੱਡੇ ਵੱਡੇ ਭਲਵਾਨਾਂ ਦੇ ਛੱਕੇ ਛਡਾਉਂਦਾ ਮਹਿੰਦਰ ਮੌੜ ਕਬੱਡੀ ਜਗਤ ਦਾ ਨਾਮਵਰ ਹਸਤਾਖਰ ਬਣ ਗਿਆ। 8 ਜਨਵਰੀ 1931 ਨੂੰ ਕਪੂਰਥਲਾ ਜਿਲੇ ਦੇ ਪਿੰਡ ਕਾਲਾ ਸੰਘਿਆਂ ਚ ਜਨਮੇ ਮਹਿੰਦਰ ਮੌੜ ਦੇ ਮਾਂ ਖੇਡ ਕਬੱਡੀ ਦੇ ਇਸ ਮੁਕਾਮ ਤੇ ਪਹੁੰਚਣ ਪਿੱਛੇ ਉਸਦੀ ਨਿਰਸਵਾਰਥ ਕਮਾਈ ਹੈ, ਜਿਹੜੀ ਉਸ ਦੁਆਰਾ ਇੰਗਲੈਂਡ ਦੇ ਪਾਰਕਾਂ ਵਿੱਚ ਬੱਚਿਆਂ ਤੋਂ ਸ਼ੁਰੂ ਕਰਵਾ ਕੇ ਵਿਸ਼ਵ ਕਬੱਡੀ ਤੱਕ ਜਾਂਦੀ ਹੈ। ਉਸਦੀ ਮਿਹਨਤ ਸਦਕਾ 1972 ਵਿੱਚ ਕਬੱਡੀ ਫੈਡਰੇਸਨ ਦੀ ਸਥਾਪਨਾ ਕਰ ਲਈ ਗਈ ਜਿਸ ਦੁਆਰਾ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਕਨੈਡਾ, ਅਮਰੀਕਾ, ਇੰਗਲੈਂਡ ਅਤੇ ਪਾਕਿਸਤਾਨ ਵਿੱਚ ਖੇਡਣ ਦਾ ਮੌਕਾ ਮਿਲਿਆ । ਹਾਲ ਹੀ ਵਿੱਚ ਮਹਿੰਦਰ ਮੌੜ ਨੂੰ ਵਿਸ਼ਵ ਕਬੱਡੀ ਸੰਸਥਾ ਦਾ ਸਰਪ੍ਰਸਤ ਵੀ ਚੁਣਿਆ ਗਿਆ ਸੀ। ਕਬੱਡੀ ਜਦੋਂ ਸੰਸਥਾਵਾਂ ਦੇ ਸੰਗਠਤ ਢਾਂਚੇ ਰਾਹੀਂ ਪਸਰਦੀ ਗਈ ਤਾਂ ਪੰਜਾਬੀਆਂ ਨੇ ਇੰਗਲੈਂਡ ਦੇ ਵਿਦੇਸ਼ ਮੰਤਰਾਲੇ ਰਾਹੀਂ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਇੰਗਲੈਂਡ ਵਿੱਚ ਖੇਡਣ ਦੇ ਪਰਮਿਟ ਜਾਰੀ ਹੋਣ ਲੱਗ ਗਏ । ਇਹੀ ਮੌੜ ਦੀ ਮਿਹਨਤ ਦਾ ਰੰਗ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕਬੱਡੀ ਖਿਡਾਰੀਆਂ ਦੀ ਇੰਗਲੈਂਡ ਵਿੱਚ ਵਸਣ ਦੀ ਚਾਹਤ ਨੂੰ ਵੀ ਮਹਿੰਦਰ ਮੌੜ ਦੀਆਂ ਕੋਸ਼ਿਸਾਂ ਨੇ ਪੂਰਾ ਕੀਤਾ । ਇਸ ਕੰਮ ਲਈ ਉਹ ਇੰਗਲੈਂਡ ਦੇ ਪੱਕੇ ਵਸਨੀਕਾਂ ਨੂੰ ਆਪਣੀਆਂ ਬੇਟੀਆਂ ਦੀਆਂ ਸ਼ਾਦੀਆਂ ਕਬੱਡੀ ਖਿਡਾਰੀਆਂ ਨਾਲ ਕਰਵਾਉਣ ਲਈ ਮਨਾਉਣ ਵਿੱਚ ਕਾਮਯਾਬ ਰਿਹਾ, ਜਿਸਦਾ ਸਿੱਟਾ ਇੰਗਲੈਂਡ ਦੀ ਧਰਤੀ ਤੇ ਕਬੱਡੀ ਦਾ ਝੰਡਾ ਉੱਚਾ ਰਿਹਾ । ਕਬੱਡੀ ਖੇਡ ਨੂੰ ਉਤਸ਼ਾਹਤ ਕਰਨ ਲਈ ਮਹਿੰਦਰ ਮੌੜ ਨੇ ਸੈਂਕੜੇ ਕਬੱਡੀ ਖਿਡਾਰੀਆਂ ਦੇ ਇੰਗਲੈਂਡ ਵਿੱਚ ਵਿਆਹ ਕਰਵਾਏ ਤਾਂ ਕਿ ਰੋਟੀ ਦੀ ਪੂਰਤੀ ਹੁੰਦਿਆਂ ਇਹ ਨੌਜਵਾਨ ਇਸ ਖੇਡ ਨਾਲ ਜੁੜੇ ਰਹਿਣ। ਪੰਜਾਬ ਦੇ ਧਰਤੀ ਤੋਂ ਨਾਮਵਾਰ ਕਬੱਡੀ ਖਿਡਾਰੀ ਵਿਸ਼ਵ ਕਬੱਡੀ ਜਗਤ ਦੀ ਝੋਲੀ ਪਾਉਣ ਵਾਲੇ ਮਹਿੰਦਰ ਮੌੜ ਦੀ ਵਿਸ਼ਵ ਕਬੱਡੀ ਦੇਣ ਨੂੰ ਕਬੱਡੀ ਜਗਤ ਸਿਜਦਾ ਕਰਦਾ ਰਹੇਗਾ ।