“ਸੋਨੀ ਠੁੱਲ੍ਹੇਵਾਲ”
ਪਿੰਡ ਹੁਣ ਓਹ ਨੀ ਰਿਹਾ
ਬਦਲ ਗਿਆ !
ਦਰਵਾਜ਼ੇ ਢਹਿ ਗਏ
ਖੁੱਲ੍ਹੇ ਵਿਹੜਿਆਂ ‘ਚ
ਕੰਧਾਂ ਨਿਕਲ ਗਈਆਂ
ਤੇ ਕਬੀਲਦਾਰੀ ਬਜ਼ੁਰਗਾਂ
ਹੱਥੋਂ ਨਿਕਲ ਕੇ ਜਵਾਕਾਂ
ਹੱਥ ਆ ਗਈ
ਤੇ ਜਵਾਕ ਇਹਨੂੰ
ਖੇਡ ਹੀ ਸਮਝਦੇ ਨੇ|
ਹੁਣ ਦਰਾਣੀ ਜਠਾਣੀ
ਇੱਕੋ ਜਿਹੇ ਸੂਟ ਨਹੀਂ
ਪਾਉਂਦੀਆਂ ਤੇ ਮੇਲੇ
ਮੱਸਿਆ ਵੀ ‘ਕੱਠੀਆਂ
ਨੀ ਜਾਂਦੀਆਂ|
ਚਾਚੇ ਤਾਏ ਦੇ ਮੁੰਡਿਆਂ ‘ਚ
ਯਾਰੀ ਘੱਟ ਦੁਸ਼ਮਣੀ
ਵੱਧ ਆ |
ਪੰਚਾਇਤ ਬਣਦੀ ਤਾਂ ਲੋਕਾਂ
ਦੇ ਫ਼ੈਸਲੇ ਕਰਨ ਨੂੰ ਆ
ਪਰ ਪੰਚਾਇਤ ਦਾ ਆਪਦਾ
ਫ਼ੈਸਲਾ ਹੀ ਕਈ ਸਾਲ
ਨਹੀ ਹੁੰਦਾ !
ਪਿੰਡ ਵਿੱਚ ਖਿਡਾਰੀ
ਤਾਂ ਭਾਵੇਂ ਕੋਈ ਨਹੀਂ
ਪਰ ਸਪੋਰਟਸ ਕਲੱਬ
ਦੋ ਨੇ !
ਹੁਣ ਤਾਂ ਬਰਾਤ ਵਿੱਚ ਵੀ
ਯਾਰ ਦੋਸਤ ਸਕੇ ਸਬੰਧੀ
ਤੇ ਪਿੰਡ ਦੇ ਮੋਹਤਬਾਰ ਨਹੀਂ
ਅਕਾਲੀ, ਕਾਂਗਰਸੀ ਤੇ
ਆਮ ਆਦਮੀ ਵਾਲੇ
ਜਾਂਦੇ ਨੇ !
ਤੇ ਭੋਗ ‘ਤੇ ਤਾਂ
ਪਹੁੰਚ ਦੇ ਹੀ ਅਰਦਾਸ
ਵੇਲੇ ਨੇ |
ਮੰਜੇ ਬਿਸਤਰੇ ਹੁਣ
‘ਕੱਠੇ ਨੀ ਹੁੰਦੇ
ਕਿਰਾਏ ‘ਤੇ ਆਉਂਦੇ ਨੇ
ਲੜਾਈ ਝਗੜੇ ਵੇਲੇ
ਬੰਦਾ ਸਹੀ ਜਾਂ ਗ਼ਲਤ
ਨਹੀਂ ਦੇਖਿਆ ਜਾਂਦਾ
ਇਹ ਦੇਖਿਆ ਜਾਂਦਾ
ਬਈ ਹੈ ਕਿਹੜੀ ਪਾਰਟੀ ਦਾ
ਫਿਰ ਉਹ ਲੜਾਈ ਉਸ
ਬੰਦੇ ਦੀ ਨਿੱਜੀ ਨਾ ਹੋ ਕੇ
ਪਾਰਟੀਆਂ ਦੀ ਹੋ ਜਾਂਦੀ ਆ |
ਸਰਪੰਚੀ ਪਿੰਡ ਦੇ ਵਿਕਾਸ
ਲਈ ਨਹੀਂ |
ਵਿਰੋਧੀ ਪਾਰਟੀ ਦੀ
ਅੜ ਭੰਨ੍ਹਣ ਲਈ
ਜਿੱਤੀ ਜਾਂਦੀ ਐ|
ਹੋਰ ਵੀ ਬਹੁਤ ਕੁੱਝ ਆ
ਜੋ ਪਿੰਡ ‘ਚ ਪਹਿਲਾਂ
ਵਰਗਾ ਨਹੀਂ ਰਿਹਾ|