9.6 C
United Kingdom
Saturday, March 7, 2026

More

    ਪਿੰਡ ਦੀ ਸੱਥ

    ਅਮਰਜੀਤ ਸਿੰਘ ਫੌਜੀ
    ਕਈ ਅੱਧਖੜ ਤੇ ਬੁੱਢੇ ਠੇਰੇ
    ਪਿੰਡ ਦੀ ਸੱਥ ਵਿੱਚ ਬੰਦੇ ਬੈਠੇ
    ਦਾਣਾ ਫੱਕਾ ਸਾਂਭ ਕੇ ਤੂੜੀ
    ਮੁਕਾ ਕੇ ਸਭ ਕੰਮ ਧੰਦੇ ਬੈਠੇ

    ਹੋ ਗਏ ਛਾਵੇਂ ਧੁੱਪ ਤੋ ਡਰਦੇ
    ਇੱਕ ਦੂਜੇ ਨਾਲ ਗੱਲਾਂ ਕਰਦੇ
    ਪਾਣੀ ਬਹੁਤ ਹੀ ਡੂੰਘੇ ਹੋ ਗਏ
    ਹੁਣ ਕੀ ਕਰੀਏ ਹਾਉਂਕੇ ਭਰਦੇ !

    ਬੋਲ ਪਿਆ ਬਲਜੀਤ ਕਾ ਘੋਨਾ
    ਹੁਣ ਨਹੀਂ ਲੱਗਣਾਂ ਪੂਸਾ ਝੋਨਾ
    ਉਹਨੂੰ ਕਹਿੰਦਾ ਰਾਜਾ ਸ਼ਰਮਾਂ
    ਛੱਡ ਝੋਨਾ ਬੀਜੋ ਮੱਕੀ ਨਰਮਾਂ

    ਮੇਜਰ ਕਹਿੰਦਾ ਸੁਣ ਉਏ ਸੱਜਣਾਂ
    ਗੱਲ ਤਾਂ ਤੇਰੀ ਬਹੁਤ ਸਿਆਣੀਂ
    ਬੋਰ ਵੀ ਡੂੰਘਾ ਕਰਨਾ ਪੈਣੈਂ
    ਮੋਟਰ ਵੀ ਹੁਣ ਛੱਡ ਗਈ ਪਾਣੀ

    ਕੰਨ ਜੇ ਸਿੱਟ ਕੇ ਕਹਿੰਦਾ ਕਾਲਾ
    ਸੁਣ ਲੈ ਗੱਲ ਮੇਰੀ ਸ਼ਰਮੇ ਤਾਊ
    ਨਰਮਾਂ ਆਪਾਂ ਬੀਜ ਲਵਾਂਗੇ
    ਚੁਗਣ ਲਈ ਲੇਬਰ ਕਿਥੋਂ ਆਊ?

    ਡੈਰੀ ਵਾਲਾ ਬਿੰਦਰ ਕਹਿੰਦਾ
    ਲੇਬਰ ਤੋਂ ਕਿਉਂ ਆਪਾਂ ਡਰੀਏ
    ਢੰਗ ਅਪਣਾ ਕੇ ਪਹਿਲਾਂ ਵਾਲਾ
    ਇੱਕ ਦੂਜੇ ਨਾਲ ਬ੍ਹੀੜ੍ਹੀ ਕਰੀਏ!

    ਥੋੜਾ ਚਿਰ ਚੁੱਪ ਰਹਿਣ ਤੋਂ ਪਿੱਛੋਂ
    ਕਰਨੈਲ ਤੇ ਮੱਘਰ ਕੱਠੇ ਬੋਲੇ
    ਖੇਤੀ ਕਰਮਾਂ ਸੇਤੀ ਹੋ ਗਈ
    ਦਿਲ ਦੇ ਦੁੱਖੜੇ ਬਹੁਤ ਫਰੋਲੇ!

    ਬਾਗ ਵਾਲਾ ਜਰਨੈਲ ਸੀ ਕਹਿੰਦਾ
    ਥੋਨੂੰ ਦੱਸਾਂ ਗੱਲ ਪੁਰਾਣੀਂ
    ਉੱਤਮ ਖੇਤੀ ਕਹਿੰਦੇ ਹੁੰਦੇ ਸੀ
    ਜੋ ਸੀ ਮੇਰੇ ਬਾਪ ਦੇ ਹਾਣੀ !

    ਭੋਲੇ ਦੇ ਬੋਲਣ ਤੋਂ ਪਹਿਲਾਂ
    ਬੋਲ ਪਿਆ ਸੀ ਚੰਦ ਕਾ ਫੱਬਾ
    ਆਥਣ ਹੋ ਗਿਆ ਚੱਲ ਉਏ ਜੱਗੀ
    ਠੇਕੇ ਤੋਂ ਚੱਕ ਲਿਆਈਏ ਡੱਬਾ!

    ਏਨੇ ਨੂੰ ਮੇਰੀ ਖੁੱਲ੍ਹ ਗਈ ਅੱਖ
    ਸੁਪਨੇ ਦੇ ਵਿੱਚ ਜੁੜੀ ਸੀ ਸੱਥ
    ਚੱਲ ਫੌਜੀਆ ਕੰਮ ਤੇ ਚੱਲੀਏ
    ਰਾਹ ਕਿਰਤ ਦਾ ਆਪਾਂ ਮੱਲੀਏ ।

    ਅਮਰਜੀਤ ਸਿੰਘ ਫੌਜੀ
    ਪਿੰਡ ਦੀਨਾ ਸਾਹਿਬ
    ਜਿਲ੍ਹਾ ਮੋਗਾ ਪੰਜਾਬ
    95011-27033

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!