“ਪੰਜ ਦਰਿਆ” ਟੀਮ ਨੂੰ ਮਾਣ ਹੈ ਕਿ ਗੁਰਭਜਨ ਸਿੰਘ ਗਿੱਲ ਜੀ ਵਰਗੀਆਂ ਰੌਸ਼ਨ ਦਿਮਾਗ਼ ਹਸਤੀਆਂ ਦੀ ਉਂਗਲ ਫੜ੍ਹ ਕੇ ਅੱਗੇ ਵਧ ਰਹੇ ਹਾਂ। “ਪੰਜ ਦਰਿਆ” ਦੇ ਪਾਠਕਾਂ ਦੇ ਸਨਮੁੱਖ ਗੁਰਭਜਨ ਸਿੰਘ ਗਿੱਲ ਜੀ ਦੀਆਂ ਰਚਨਾਵਾਂ ਲਗਾਤਾਰ ਕਰਦੇ ਰਹਿਣ ਦੀ ਖੁਸ਼ੀ ਲੈ ਰਹੇ ਹਾਂ। ਅਦਾਰਾ “ਪੰਜ ਦਰਿਆ” ਗੁਰਭਜਨ ਸਿੰਘ ਗਿੱਲ ਜੀ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਾਹਿਤਕਾਰਾਂ ਦੇ ਵਿਹੜੇ ਵਿੱਚ ਉਹਨਾਂ ਦਾ ਸਵਾਗਤ ਵੀ ਕਰਦਾ ਹੈ। –ਪੰਜ ਦਰਿਆ ਟੀਮ
ਗੁਰਭਜਨ ਗਿੱਲ
ਆਸ ਉਮੀਦ ਤੇ ਜੱਗ ਜੀਂਦਾ ਹੈ।
ਆਸ ਮਰਨ ਤੇ ਕਾਹਦਾ ਜੀਣਾ।
ਜ਼ਿੰਦਗੀ ਦੀ ਪਟੜੀ ਤੇ ਪਹੀਏ,
ਘੁੰਮਦੇ ਰੱਖਣਾ ਜ਼ੁੰਮੇਵਾਰੀ।
ਖੂਹ ਦੀਆਂ ਟਿੰਡਾਂ ਜੇ ਰੁਕ ਜਾਵਣ,
ਸੁੱਕ ਜਾਂਦੀ ਏ ਆਸ ਕਿਆਰੀ।
ਤੇਜ਼ ਗਤੀ ਵਿੱਚ ਘੁੰਮਦਾ ਪਹੀਆ,
ਰੁਕਿਆ ਤਾਂ ਫਿਰ ਸਮਝ ਪਿਆ ਹੈ।
ਹਾਦਸਿਆਂ ਦਾ ਕੋਝਾ ਜੰਗਲ
ਸਗਲ ਧਰਤ ਤੇ ਉੱਗ ਪਿਆ ਹੈ।
ਸੂਲਾਂ ਕੰਡੇ ਥਾਂ ਥਾਂ ਖਿੱਲਰੇ।
ਹੁਕਮ ਹਕੂਮਤ ਇੰਜ ਕੀਤਾ ਹੈ,
ਆਪੋ ਆਪਣੇ ਅੰਦਰ ਵੜ ਜਾਉ।
ਘਾਬਰਨਾ ਨਾ, ਤੇਜ਼ ਹਨ੍ਹੇਰੀ,
ਅੱਖਾਂ ਵਿੱਚ ਕੱਖ ਪੈ ਸਕਦੇ ਨੇ,
ਮੌਤ ਜਿਹਾ ਕੋਈ ਜਰਮ ਜੀਵਾਣੂੰ,
ਸਾਹੀਂ ਮੌਤ ਪਰੋ ਸਕਦਾ ਹੈ।
ਨਾ ਰਾਜਾ ਨਾ ਰੰਕ ਵੇਖਦਾ, ਇਹ ਜਰਵਾਣਾ,
ਕਿਸੇ ਮੋੜ ਤੇ, ਮੈਨੂੰ ਤੈਨੂੰ ,
ਕਿਤੇ ਵੀ ਕੁਝ ਵੀ ਹੋ ਸਕਦਾ ਹੈ।
ਸੱਜਣਾਂ ਦੀ ਬੁੱਕਲ ਚੋਂ
ਦੁਸ਼ਮਣ ਡੰਗ ਸਕਦਾ ਹੈ।
ਆਪਣੀ ਅਗਨ ਬੁਝਾਉਣ ਲਈ ਉਹ,
ਸਾਥੋਂ ਜਾਨ ਵੀ ਮੰਗ ਸਕਦਾ ਹੈ।
ਸਭ ਨੂੰ ਸੂਲੀ ਟੰਗ ਸਕਦਾ ਹੈ।
ਰੇਲ ਪਟੜੀਆਂ ਠਰ ਚੱਲੀਆਂ ਨੇ।
ਬਿਨ ਸੰਗਤ ਤੋਂ ਮਰ ਚੱਲੀਆਂ ਨੇ।
ਨਾਲ ਨਾਲ ਪਈਆਂ ਜੋ ਲੀਹਾਂ
ਹਰ ਥਾਂ ਇੱਕੋ ਜਿਹਾ ਫ਼ਾਸਲਾ।
ਅੱਜ ਤੀਕਰ ਇਹ ਕਿਸੇ ਪੜਾਅ ਤੇ,
ਇੱਕ ਦੂਜੇ ਗੱਲ ਲੱਗ ਨਾ ਮਿਲੀਆਂ।
ਏਦਾਂ ਨਿੱਖੜੇ ਮਰ ਨਾ ਜਾਈਏ,
ਡਰ ਲੱਗਦਾ ਹੈ।
ਏਸੇ ਕਰਕੇ ਜੇਲ੍ਹ ਵਾਂਗਰਾਂ
ਘਰ ਲੱਗਦਾ ਹੈ।
ਪਰ ਮੈਨੂੰ ਵਿਸ਼ਵਾਸ ਪੁਰਾਣਾ।
ਨਹੀਂ ਰੁਕਣੇ ਇਹ
ਰਾਤ ਦਿਵਸ ਦੇ ਘੁੰਮਦੇ ਪਹੀਏ।
ਕਿਹੜੀ ਗੱਲੋਂ ਸਹਿਮ ਹੰਢਾਈਏ,
ਮੌਤੋਂ ਪਹਿਲਾਂ ਮਰਦੇ ਰਹੀਏ।
ਫਿਰ ਪਟੜੀ ਤੇ ਘੁੰਮਣਾ ਪਹੀਆ।
ਇਹ ਕਿਹੜਾ ਇਸ ਧਰਤੀ ਨੇ ਵੀ,
ਪਹਿਲੀ ਵਾਰੀ ਮਾਰ ਸਹੀ ਹੈ।