ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)
ਗਲਾਸਗੋ ਦੇ ਇੱਕ ਹੋਟਲ ਵਿੱਚ ਸੀਰੀਆ ਦੇ 30 ਸਾਲਾ ਪਨਾਹ ਮੰਗਣ ਵਾਲੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਉਸਨੂੰ ਗ੍ਰਹਿ ਦਫਤਰ ਦੁਆਰਾ ਕੋਰੋਨਵਾਇਰਸ ਮਹਾਂਮਾਰੀ ਦੇ ਕਾਰਨ ਹੋਟਲ ਤਬਦੀਲ ਕਰ ਦਿੱਤਾ ਗਿਆ ਸੀ। ਗਲਾਸਗੋ ਸਥਿਤ ਪਨਾਹ ਘਰ ਤੋਂ ਪਿਛਲੇ ਮਹੀਨੇ ਦਰਜਨਾਂ ਹੋਰ ਪਨਾਹ ਲੈਣ ਵਾਲੇ ਲੋਕਾਂ ਦੇ ਨਾਲ ਉਸਨੂੰ ਸ਼ਹਿਰ ਦੇ ਇੱਕ ਹੋਟਲ ਵਿੱਚ ਭੇਜ ਦਿੱਤਾ ਗਿਆ ਸੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇਕ 30 ਸਾਲਾ ਵਿਅਕਤੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਮੰਗਲਵਾਰ ਦੁਪਹਿਰ 1 ਵਜੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਹੋਟਲ ਬੁਲਾਇਆ ਗਿਆ ਸੀ। ਡੈਪ ਮੈਟੋਕ (ਉਸ ਦੇ ਨਾਲ ਰਹਿਣ ਵਾਲਾ) ਨੇ ਦੱਸਿਆ ਕਿ ਉਹ ਆਦਮੀ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਜੋ ਕਿ ਹੋਟਲ ਵਿਚ ਹੋਰ ਵੀ ਤੇਜ਼ੀ ਨਾਲ ਵਿਗੜ ਚੁੱਕੀ ਸੀ। ਜਿਕਰਯੋਗ ਹੈ ਕਿ ਸਰਕਾਰ ਦੁਆਰਾ ਮਹਾਂਮਾਰੀ ਦੌਰਾਨ ਸਕੌਟਲੈਂਡ ਵਿਚ ਸੈਂਕੜੇ ਪਨਾਹ ਲੈਣ ਵਾਲੇ ਲੋਕਾਂ ਨੂੰ ਆਪਣੇ ਪਨਾਹ ਘਰਾਂ ਤੋਂ ਹੋਟਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।