ਹਰਪ੍ਰੀਤ ਸਿੰਘ ਲਲਤੋਂ
ਸਭਨੂੰ ਇੱਕੋ ਅੱਖ ਨਾਲ ਵੇਖਦੀ,ਜਣੇ ਜੋ ਆਪਣੀ ਕੁੱਖੋਂ,
ਅਦਬ,ਸਤਿਕਾਰ ਨਿਕਲਿਆ,ਉਹਦੇ ਲਈ ਗੁਰੂਆਂ ਮੁੱਖੋਂ,
ਮਮਤਾ ਅਤੇ ਬਲਿਦਾਨ ਦੀ ,ਅਮਰ ਪਾਤਰ ਮਾਂ,
ਕੀ ਕੀ ਨੀ ਕਰਦੀ ਆਪਣੀ,ਔਲਾਦ ਦੀ ਖਾਤਿਰ ਮਾਂ।
ਨੌਂ ਮਾਹ ਤਪ ਮਾਂ ਕਰਿਆ ,ਇਨਸਾਨ ਦੀ ਬਣੀ ਹਸਤੀ,
ਪੁੱਤ ਕਪੁੱਤ ਨੂੰ ਵੀ ਸਦਾ ਹੀ,ਮਿਲਦੀ ਮਾਂ ਦੀ ਸਰਪ੍ਰਸਤੀ,
ਗੁਰੇਜ਼ ਕਰੇ ਨਾ ਔਲਾਦ ਲਈ,ਚੁੱਕਣ ਲਈ ਦਾਤਰ ਮਾਂ,
ਕੀ ਕੀ ਨੀ ਕਰਦੀ……..।
ਜੇਠ ਹਾੜ’ਚ ਠੰਡਾ ਬੁੱਲਾ,ਪੋਹ ਮਾਘ ਵਿੱਚ ਨਿੱਘ ਘਨੇਰਾ,
ਬਣ ਕੰਦੀਲ ਕਰੇ ਰੌਸ਼ਨੀ,ਜਦ ਹੋਵੇ ਜਿੰਦਗੀ ਵਿੱਚ ਹਨੇਰਾ।
ਆਹਟ ਅਣਹੋਣੀ ਦੀ ਸੁਣਕੇ, ਔਲਾਦ ਲਾ ਲੈਂਦੀ ਗਾਤਰ ਮਾਂ,
ਕੀ ਕੀ ਨੀ ਕਰਦੀ………।
ਵੇਖੀ ਮੁਸ਼ੱਕਤ ਕਰਦੀ, ਬਾਲ ਨੂੰ ਲੱਕ ਨਾਲ ਬੰਨੀ ਮਾਂ,
ਬੁਝਾ ਲੈਂਦੀ ਭੁੱਖ ਆਪਣੀ ,ਸਦਾ ਖਾ ਕੇ ਰੋਟੀ ਖੰਨੀ ਮਾਂ,
ਭੁੱਖ ਨਾਲ ਵਿਲਕਦਾ ਜਾਇਆ,ਵੇਖ ਹੋ ਜਾਂਦੀ ਆਤਰ ਮਾਂ,
ਕੀ ਕੀ ਨੀ ਕਰਦੀ………।
ਕਦੇ ਗੁਰੂ ਬਣੇ,ਕਦੇ ਤਬੀਬ ਬਣੇ,ਰਹੇ ਕਰਦੀ ਚੌਂਕੀਦਾਰਾ,
ਔਲਾਦ ਆਪਣੀ ਦੇ ਲੇਖੇ,ਲਾ ਦਿੰਦੀ ਜੀਵਨ ਆਪਣਾ ਸਾਰਾ।
ਨਿਸਾਰ ਹੋਣ ਦਾ ਖੁੰਝਾਓਂਦੀ,ਕਦੇ ਨਾ ਅਵਸਰ ਮਾਂ,
ਲਲਤੋਂ ਕੀ ਕੀ ਨੀ ਕਰਦੀ,ਆਪਣੀ ਔਲਾਦ ਦੀ ਖਾਤਿਰ ਮਾਂ।