
ਹਰਮੀਤ ਸਿਵੀਆਂ
ਅੱਜਕੱਲ੍ਹ ਸਰੋਤਿਆਂ ਦੇ ਸੁਭਾਅ ਵਿਚ ਇੰਨਾ ਫ਼ਰਕ ਆ ਗਿਆ ਹੈ ਕਿ ਜਿਸ ਗਾਇਕ ਨੂੰ ਉਨ੍ਹਾਂ ਨੇ ਇਕ ਇਕ ਸਾਲ ਪਹਿਲਾਂ ਹੱਥਾਂ ’ਤੇ ਚੁੱਕਿਆ ਹੁੰਦਾ ਹੈ, ਅਗਲੇ ਸਾਲ ਉਸ ਨੂੰ ਇੰਜ ਮਹਿਸੂਸ ਕਰਾ ਦਿੰਦੇ ਹਨ ਜਿਵੇਂ ‘ਤੂੰ ਕੌਣ ਮੈਂ ਕੌਣ’ ਪਰ ਕਈ ਗਾਇਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਲੋਕਾਂ ਨੇ ਸਦਾਬਹਾਰ ਗਾਇਕ ਦਾ ਮਾਣ ਬਖ਼ਸ਼ਿਆ ਹੈ। ਅਜਿਹੇ ਗਾਇਕਾਂ ਵਿਚ ਸ਼ਾਮਲ ਹੈ ਸੁਰਿੰਦਰ ਛਿੰਦਾ ਜਿਨ੍ਹਾਂ ਦੇ ਹਿੱਸੇ ਸਰੋਤਿਆਂ ਦਾ ਭਰਵਾਂ ਪਿਆਰ ਆਇਆ ਹੈ। ਪੰਜਾਬੀ ਦੇ ਚੋਟੀ ਦੇ ਗਾਇਕਾਂ ਦਾ ਜਦੋਂ ਕਿਤੇ ਜ਼ਿਕਰ ਛਿੜਦਾ ਹੈ ਤਾਂ ਸੁਰਿੰਦਰ ਛਿੰਦਾ ਦਾ ਨਾਂ ਅੱਜ ਵੀ ਉਸੇ ਮਾਣ ਨਾਲ ਲਿਆ ਜਾਂਦਾ ਹੈ, ਜੋ ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ ਲਿਆ ਜਾਂਦਾ ਸੀ।
ਵਿਦਿਆਵਤੀ ਤੇ ਬਚਨ ਰਾਮ ਦੇ ਗ੍ਰਹਿ ਵਿਖੇ ਜਨਮੇ ਸੁਰਿੰਦਰ ਛਿੰਦੇ ਨੂੰ ਗਾਇਕੀ ਵਿਰਸੇ ਵਿਚੋਂ ਮਿਲੀ ਹੀ ਕਹਿ ਸਕਦੇ ਹਾਂ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਪੰਡਿਤ ਗੋਵਰਧਨ ਦਾਸ (ਅੱਪਰੇ ਵਾਲੇ) ਤੋਂ ਸੰਗੀਤ ਸਿੱਖਦੇ ਸਨ ਅਤੇ ਘਰੇ ਵੀ ਰਿਆਜ਼ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਵੇਖ ਕੇ ਸੁਰਿੰਦਰ ਵੀ ਗਾਉਣ ਲੱਗ ਪਿਆ। ਉਨ੍ਹਾਂ ਦੇ ਪਿਤਾ ਜੀ ਇਕ ਵਾਰ ਸੰਗੀਤਕਾਰ ਉਸਤਾਦ ਜਸਵੰਤ ਭੰਵਰਾ ਦੇ ਘਰ ਲੱਕੜ ਦਾ ਕੰਮ ਕਰ ਰਹੇ ਸਨ, ਉੱਥੇ ਉਨ੍ਹਾਂ ਨੇ ਜਦੋਂ ਸੁਰਿੰਦਰ ਨੂੰ ਗਾਉਂਦਿਆਂ ਸੁਣਿਆ ਤਾਂ ਉਨ੍ਹਾਂ ਦੇ ਪਿਤਾ ਜੀ ਨੂੰ ਕਿਹਾ ਕਿ ਇਹ ਮੁੰਡਾ ਮੈਨੂੰ ਦੇ ਦਿਓ, ਫਿਰ 1972-73 ’ਚ ਇਹ ਉਨ੍ਹਾਂ ਦੇ ਲੜ ਲੱਗ ਗਏ ਅਤੇ ਸੰਗੀਤਕ ਤਾਲੀਮ ਦਾ ਦੌਰ ਸ਼ੁਰੂ ਹੋਇਆ। ਸੁਰਿੰਦਰ ਛਿੰਦਾ ਨਾ ਰਾਤੋਂ ਰਾਤ ਨਹੀਂ ਬਣਿਆ। ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ।
ਪ੍ਰਸਿੱਧ ਕੰਪਨੀ ਐੱਚ ਐੱਮ ਵੀ ਨੇ ਛਿੰਦੇ ਦਾ ਪਹਿਲਾ ਰਿਕਾਰਡ ‘ਘੱਗਰਾ ਸੂਫ ਦਾ’ ਤਿਆਰ ਕੀਤਾ ਅਤੇ ਫਿਰ ਉਸਤੋਂ ਬਾਅਦ ਹੌਲੀ ਹੌਲੀ ਉਸਦੀ ਚਰਚਾ ਦਾ ਦੌਰ ਸ਼ੁਰੂ ਹੋਇਆ। ਸੰਗੀਤਕਾਰ ਚਰਨਜੀਤ ਅਹੂਜਾ ਨੇ ਸੰਗੀਤਕਾਰ ਵਜੋਂ ਸੁਰਿੰਦਰ ਛਿੰਦਾ ਦਾ ਰਿਕਾਰਡ ‘ਨੈਣਾਂ ਦੇ ਵਣਜਾਰੇ’ ਐੱਚ ਐੱਮ ਵੀ ਲਈ ਰਿਕਾਰਡ ਕੀਤਾ। ਉਸ ਸਮੇਂ ਭਾਵੇਂ ਲੋਕ-ਗਾਥਾਵਾਂ ਵਿਚ ਕੁਲਦੀਪ ਮਾਣਕ, ਦੋਗਾਣਿਆਂ ਵਿਚ ਮੁਹੰਮਦ ਸਦੀਕ, ਹਰਚਰਨ ਗਰੇਵਾਲ, ਕੇ ਦੀਪ, ਦੀਦਾਰ ਸੰਧੂ ਦੀਆਂ ਜੋੜੀਆਂ ਸਨ, ਪਰ ਸੁਰਿੰਦਰ ਛਿੰਦਾ ਨੇ ਇੰਨੇ ਵੱਡੇ ਫਨਕਾਰਾਂ ਵਿਚ ਵੀ ਆਪਣੀ ਗਾਇਕੀ ਦੇ ਫ਼ਨ ਦਾ ਵੱਖਰਾ ਮੁਜ਼ਾਹਰਾ ਕੀਤਾ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਛਿੰਦੇ ਦਾ ਕੋਈ ਵੀ ਰਿਕਾਰਡ ਆਉਂਦਾ ਸੀ ਤਾਂ ਚਰਚਿਤ ਗਾਇਕਾਂ ਨੂੰ ਆਪਣਾ ਫ਼ਿਕਰ ਪੈ ਜਾਂਦਾ ਸੀ। ਉਨ੍ਹਾਂ ਦੀ ਗਾਇਕੀ ਦੀ ਇਕ ਵਿਸ਼ੇਸ਼ਤਾ ਰਹੀ ਹੈ ਕਿ ਭਾਵੇਂ ਉਹ ਲੋਕ-ਗਾਥਾਵਾਂ ਹੋਣ ਜਾਂ ਦੋਗਾਣੇ ਉਨ੍ਹਾਂ ’ਚ ਉਨ੍ਹਾਂ ਨੇ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਛਿੰਦੇ ਦੇ ਕਈ ਗੀਤ ਇੰਨੇ ਮਕਬੂਲ ਹੋਏ ਕਿ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹੇ ਜਿਵੇਂ ‘ਦੋ ਊਠਾਂ ਵਾਲੇ ਨੀਂ’, ‘ਜੰਝ ਚੜ੍ਹੀ ਅਮਲੀ ਦੀ’, ‘ਬੱਦਲਾਂ ਨੂੰ ਪੁੱਛ ਗੋਰੀਏ’,‘ਜਿਉਣਾ ਮੌੜ’, ‘ਉੱਚਾ ਬੁਰਜ ਲਾਹੌਰ ਦਾ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਸੁੱਚਾ ਸੂਰਮਾ’, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਦਿੱਲੀ ਸ਼ਹਿਰ ਦੀਆਂ ਕੁੜੀਆਂ’ ਅਤੇ ‘ਯੈਂਕੀ ਲਵ ਯੂ ਲਵ ਯੂ ਕਰਦੇ’ ਆਦਿ ਤੇ ਅਨੇਕਾਂ ਹੋਰ ਗੀਤ ਹਨ। ਉਨ੍ਹਾਂ ਨੇ ਅਨੇਕਾਂ ਪੰਜਾਬੀ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਅਤੇ ਸੰਗੀਤ ਵੀ ਦਿੱਤਾ। ਉਨ੍ਹਾਂ ਇਕ ਹਿੰਦੀ ਫ਼ਿਲਮ ‘ਮੇਰਾ ਮੁਕੱਦਰ’ ਵਿਚ ਹਿੰਦੀ ਗੀਤ ਗਾਉਣ ਦਾ ਮਾਣ ਹਾਸਲ ਕੀਤਾ। ਉਸ ਸਮੇਂ ਵਿਰਲੇ ਪੰਜਾਬੀ ਗਾਇਕ ਨੂੰ ਹਿੰਦੀ ਫ਼ਿਲਮ ਵਿਚ ਗਾਉਣ ਦਾ ਮਾਣ ਮਿਲਦਾ ਸੀ, ਗੀਤ ਸੀ ‘ਮੇਰਾ ਮੁਕੱਦਰ ਸੰਵਾਰ ਦੇ, ਤੂੰ ਚਾਹੇ ਤੋਂ ਖ਼ੁਸ਼ੀਆਂ ਹਜ਼ਾਰ ਲੇ’। ਛਿੰਦੇ ਦੀਆਂ ਬਹੁਤ ਸਾਰੀਆਂ ਨਵੀਆਂ ਪੇਸ਼ਕਾਰੀਆਂ ਨੇ ਨਵੇਂ ਮਾਪਦੰਡ ਕਾਇਮ ਕੀਤੇ ਜਿਵੇਂ ‘ਉੱਚਾ ਬੁਰਜ ਲਾਹੌਰ ਦਾ’,‘ਜਿਊਣਾ ਮੌੜ’, ‘ਜੰਝ ਚੜ੍ਹੀ ਅਮਲੀ ਦੀ’, ‘ਮੈਂ ਡਿੱਗੀ ਤਿਲ੍ਹਕ ਕੇ’, ‘ਤੀਆਂ ਲੌਂਗੋਵਾਲ ਦੀਆਂ’ ਅਤੇ ‘ਮੈਂ ਨਾ ਅੰਗਰੇਜ਼ੀ ਜਾਣਦੀ’ ਆਦਿ।
ਉਸਨੇ ਚਰਚਿਤ ਗਾਇਕਾਵਾਂ ਅਨੁਰਾਧਾ ਪੌਡਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ,ਰੰਜਨਾ, ਪਰਮਿੰਦਰ ਸੰਧੂ, ਕੁਲਦੀਪ ਕੌਰ ਆਦਿ ਨਾਲ ਗਾਇਆ ਤੇ ਕਈ ਦੇਸ਼ਾਂ ਵਿਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ।
ਛਿੰਦੇ ਦੇ ਸ਼ਾਗਿਰਦਾਂ ਵਿਚ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਣ ਸਿਕੰਦਰ, ਪ੍ਰਦੀਪ ਸੂਬਾ, ਜਸਵਿੰਦਰ ਅਰਸ਼, ਪਰਸਨ ਨਕੋਦਰ, ਜੱਗਾ ਸੂਰਤੀਆ ਆਦਿ ਹਨ। ਪੰਜਾਬੀ ਗਾਇਕੀ ਵਿਚ ਪੂਰੀ ਤਰ੍ਹਾਂ ਸਰਗਰਮ ਸੁਰਿੰਦਰ ਛਿੰਦਾ ਜਲਦੀ ਹੀ ਨਵਾਂ ਗੀਤ ਲੈ ਕੇ ਹਾਜ਼ਰ ਹੋਣ ਵਾਲਾ ਹੈ।