
ਬਲਵਿੰਦਰ ਸਿੰਘ ਚਾਹਲ
ਚੀਨ ਤੋ ਸ਼ੁਰੂ ਹੋਏ ਕੋਰੋਨਾ ਵਾਇਰਸ ਵੱਲੋਂ ਬੜੀ ਤੇਜ਼ੀ ਨਾਲ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਚਾਰੋਂ ਪਾਸੇ ਖੜੋਤ ਪੈਦਾ ਕਰ ਦਿੱਤੀ ਗਈ ਹੈ। ਚੀਨ ਤੋਂ ਪਿੱਛੋਂ ਜਪਾਨ, ਦੱਖਣੀ ਕੋਰੀਆ, ਇਰਾਨ ਤੇ ਕੁਝ ਹੋਰ ਮੁਲਕਾਂ ਵਿੱਚ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਸੀ ਤਾਂ ਫਿਰ ਇੱਕਦਮ ਯੂਰਪ ਵਿੱਚ ਕੋਰੋਨਾ ਨੇ ਦਸਤਕ ਦਿੱਤੀ ਤਾਂ ਇਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ। ਯੂਰਪੀ ਦੇਸ਼ ਇਟਲੀ ਵਿੱਚ ਕੋਰੋਨਾ ਬਹੁਤ ਜਲਦੀ ਫੈਲਿਆ ਅਤੇ ਕੁਝ ਦਿਨਾਂ ਵਿੱਚ ਹੀ ਇਸਨੇ ਸਾਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਟਲੀ ਵੱਲ ਦੇਖ ਕੇ ਬਹੁਤ ਸਾਰੇ ਮੁਲਕਾਂ ਨੇ ਆਪਣੇ ਕੰਨ ਖੜੇ ਕਰ ਲਏ ਅਤੇ ਕੋਰੋਨਾ ਨਾਲ ਲੜਨ ਲਈ ਕਮਰ ਕੱਸ ਲਈ। ਪਰ ਇਹ ਇੰਨੀ ਤੇਜ ਗਤੀ ਨਾਲ ਅੱਗੇ ਵਧਿਆ ਕਿ ਇਸ ਸਾਹਮਣੇ ਸਭ ਕੁਝ ਬੌਣਾ ਨਜ਼ਰ ਆਇਆ। ਜਿੱਥੇ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਗਈ ਉੱਥੇ ਮੌਤ ਦਰ ਵੀ ਅਸਮਾਨੀ ਉਚਾਈਆਂ ਨੂੰ ਛੂਹਣ ਲੱਗੀ। ਚੀਨ ਵਿੱਚ ਤਾਂ ਅੰਕੜਿਆਂ ਅਨੁਸਾਰ ਲਗਭੱਗ 3200 ਲੋਕ ਮਰੇ ਸਨ ਪਰ ਇਟਲੀ ਨੇ ਇਹ ਅੰਕੜਾ ਬਹੁਤ ਜਲਦੀ ਪਾਰ ਕਰਕੇ ਸਭ ਨੂੰ ਭੈਅਭੀਤ ਕਰ ਦਿੱਤਾ। ਉੱਧਰ ਸਪੇਨ ਵਿੱਚ ਵੀ ਇਟਲੀ ਵਾਂਗ ਮਰੀਜ਼ਾਂ ਅਤੇ ਮੌਤ ਦਰ ਦੇ ਅੰਕੜੇ ਸਭ ਨੂੰ ਹੈਰਾਨ ਕਰਨ ਵਾਲੇ ਆਉਣ ਕਾਰਨ ਹਾਲਾਤਾਂ ਪਕੜ ਤੋਂ ਬਾਹਰ ਨਜ਼ਰ ਆਉਣੇ ਸੁਭਾਵਿਕ ਸਨ।
ਵਿਸ਼ਵ ਸਿਹਤ ਆਰਗੇਨਾਈਜੇਸ਼ਨ ਵੱਲੋਂ ਇਸ ਨੂੰ ਮਹਾਂਮਾਰੀ ਐਲਾਨਣ ਤੋਂ ਬਾਅਦ ਵੱਡੀਆਂ ਵੱਡੀਆਂ ਆਰਥਿਕ ਹਸਤੀਆਂ ਇਸ ਕੋਰੋਨਾ ਵਾਇਰਸ ਦੇ ਸਾਹਮਣੇ ਲੜਖੜਾਉਂਦੀਆਂ ਨਜ਼ਰ ਆਈਆਂ। ਦੁਨੀਆ ਭਰ ਦਾ ਮੈਡੀਕਲ ਯੰਤਰ ਇਸ ਸਾਹਮਣੇ ਬੇਬੱਸ ਨਜ਼ਰ ਆ ਰਿਹਾ ਹੈ। ਗਰੀਬ ਮੁਲਕਾਂ ਦੀ ਤਾਂ ਕੀ ਗੱਲ ਕਰਨੀ ਹੈ ਸਗੋਂ ਬਹੁਤ ਸਾਰੇ ਅਮੀਰ ਤੇ ਵਿਕਸਤ ਦੇਸ਼ ਵੀ ਜੋ ਆਪਣੀਆਂ ਸਿਹਤ ਸਹੂਲਤਾਂ ਦੇ ਦਾਅਵੇ ਕਰਦੇ ਆਏ ਹਨ, ਇਸ ਕੋਰੋਨਾ ਅੱਗੇ ਗੋਡੇ ਟੇਕਦੇ ਨਜ਼ਰ ਆਏ। ਜੋ ਦੇਸ਼ ਕੁਝ ਦਿਨ ਪਹਿਲਾਂ ਦਾਅਵੇ ਕਰਦੇ ਆਏ ਕਿ ਸਾਡੇ ਵੱਲੋਂ ਹਰ ਤਰ੍ਹਾਂ ਤਿਆਰੀ ਹੈ ਉਹਨਾਂ ਦੀ ਫੂਕ ਵੀ ਬਹੁਤ ਜਲਦੀ ਨਿੱਕਲ ਗਈ। ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੋੜੀਂਦੇ ਵੈਂਟੀਲੈਟਰ, ਆਈ ਸੀ ਯੂਨਿਟ ਅਤੇ ਟੈਸਟ ਕਿੱਟਾਂ ਤੱਕ ਦੀ ਘਾਟ ਨੇ ਕਿੰਨੇ ਸਵਾਲ ਪੈਦਾ ਕਰ ਦਿੱਤੇ ਇਸ ਬਾਰੇ ਕੁਝ ਵੀ ਕਹਿਣ ਤੋਂ ਪਰ੍ਹੇ ਹੈ। ਇਸ ਬੀਮਾਰੀ ਨੂੰ ਵੱਦਣ ਤੋਂ ਰੋਕਣ ਲਈ ਸਭ ਦੇਸ਼ਾਂ ਦੇ ਆਗੂ ਲੋਕਾਂ ਨੂੰ ਬੇਨਤੀਆਂ ਕਰਨ ਲੱਗੇ ਕਿ ਘਰਾਂ ਤੋਂ ਬਾਹਰ ਨਾ ਨਿੱਕਲੋ। ਅਖੀਰ ਨੂੰ ਬਹੁਤ ਸਾਰੇ ਦੇਸ਼ਾਂ ਵੱਲੋਂ ਸਾਰੀ ਵਿਵਸਥਾ ਨੂੰ ਠੱਪ ਕਰਨ ਲਈ ਸਖਤ ਕਦਮ ਚੁੱਕਣੇ ਪਏ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ “ਤਾਲਾਬੰਦ” (ਲਾਕਡਾਉਨ) ਕੀਤਾ ਗਿਆ। ਵੱਡੇ ਵੱਡੇ ਸਟੋਰ ਬੰਦ ਹੋ ਗਏ, ਖਾਣ ਪੀਣ ਦੇ ਸਟੋਰਾਂ ਵਿੱਚ ਵੀ ਸਮਾਨ ਦੀ ਭਾਰੀ ਕਮੀ ਦੇਖਣ ਨੂੰ ਮਿਲੀ।
ਕੋਰੋਨਾ ਦਾ ਅਸਰ ਹਰ ਸਨਅੱਤ ਉੱਪਰ ਪਿਆ। ਜਿਸ ਕਰਕੇ ਟਰਾਂਸਪੋਰਟ ਵਿੱਚ ਭਾਰੀ ਗਿਰਾਵਟ ਆਈ। ਸਕੂਲ ਬੰਦ ਹੋ ਗਏ, ਏਅਰਲਾਈਨਜ਼ ਬੰਦ ਹੋ ਗਈਆਂ। ਹੋਟਲ ਰੈਸਟੋਰੈਂਟ ਤੇ ਕੈਫ਼ੇ ਆਦਿ ਬੰਦ ਕਰ ਦਿੱਤੇ ਗਏ। ਲੋਕਾਂ ਦੇ ਵਿਆਹ ਸ਼ਾਦੀਆਂ ਤੇ ਹੋਰ ਬਹੁਤ ਸਾਰੇ ਸਮਾਗਮਾਂ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰਨਾ ਪਿਆ। ਜਪਾਨ ਦੇ ਸ਼ਹਿਰ ਟੋਕੀਉ ਵਿੱਚ ਇਸ ਸਾਲ ਹੋਣ ਵਾਲੀਆਂ ਉਲੰਪਿਕ ਖੇਡਾਂ ਨੂੰ ਵੀ ਅੱਗੇ ਪਾਉਣਾ ਪਿਆ। ਦੁਨੀਆ ਭਰ ਵਿੱਚ ਹੋ ਰਹੇ ਬਹੁਤ ਸਾਰੇ ਖੇਡ ਸਮਾਗਮ ਤੇ ਟੂਰਨਾਮੈਂਟ, ਫੁੱਟਬਾਲ ਲੀਗ ਆਦਿ ਦੇ ਨਾਲ ਨਾਲ ਟੈਨਿਸ ਦਾ ਮੱਕਾ ਕਹੇ ਜਾਣ ਵਾਲੇ ਟੂਰਨਾਮੈਂਂਟ ਵਿੰਬਲਡਨ ਉੱਪਰ ਵੀ ਪ੍ਰਸ਼ਨ ਚਿੰਨ ਲੱਗ ਚੁੱਕਾ ਹੈ। ਦੁਨੀਆ ਭਰ ਦੀ ਆਰਥਿਕ ਸਥਿਤੀ ਇਸ ਸਮੇਂ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਰ ਦੇਸ਼ ਵੱਲੋਂ ਆਪਣੀ ਆਰਥਿਕਤਾ ਨੂੰ ਬਚਾਉਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਲੋਕਾਂ ਦੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣਾ ਤੇ ਆਪਣੇ ਆਪ ਨੂੰ ਦੀਵਾਲੀਏਪਨ ਤੋਂ ਬਚਾਉਣ ਲਈ ਪੂੰਜੀ ਮਾਹਿਰਾਂ ਨਾਲ ਸਰਕਾਰਾਂ ਦਿਨ ਰਾਤ ਮੀਟਿੰਗਾਂ ਕਰ ਰਹੀਆਂ ਹਨ ਤਾਂ ਕਿ ਯੋਗ ਹੱਲ ਲੱਭ ਕੇ ਕਿਸੇ ਨਾ ਕਿਸੇ ਢੰਗ ਨਾਲ ਦੇਸ਼ ਨੂੰ ਕਿਸੇ ਵੀ ਮਾਲੀ ਸੰਕਟ ਦਾ ਸ਼ਿਕਾਰ ਨਾ ਹੋਣ ਦਿੱਤਾ ਜਾਵੇ।
ਇਹ ਵੀ ਦੇਖਣ ਵਿੱਚ ਆਇਆ ਹੈ ਜਿਹਨਾਂ ਲੋਕਾਂ ਨੇ ਇਸ ਵਾਇਰਸ ਦਾ ਡਟ ਕੇ ਮੁਕਾਬਲਾ ਕੀਤਾ ਹੈ ਉਹ ਲੋਕ ਇਸ ਦੀ ਪਕੜ ਵਿੱਚੋਂ ਬੜੀ ਬਹਾਦਰੀ ਨਾਲ ਨਿੱਕਲੇ ਹਨ। ਜਿਹਨਾਂ ਨੇ ਆਪਣੀ ਜੀਵਨ ਇੱਛਾ ਨੂੰ ਮਰਨ ਨਹੀਂ ਦਿੱਤਾ ਉਹ ਲੋਕ ਵਾਇਰਸ ਦੇ ਦੌਰ ਵਿੱਚ ਮੌਤ ਨਾਲ ਲੰਬੀ ਤੇ ਭਿਆਨਕ ਲੜਾਈ ਲੜ ਕੇ ਜ਼ਿੰਦਗੀ ਦੇ ਸ਼ਾਹਸਵਾਰ ਬਣੇ ਹਨ। ਇਸਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ, ਜਿਹਨਾਂ ਵਿੱਚ ਇਹ ਸਾਬਤ ਹੁੰਦਾ ਹੈ ਕਿ “ਹਿੰਮਤੇ ਮਰਦਾਂ ਮਦਦਾਂ ਖੁਦਾ”। ਇਹ ਗੱਲ ਦਰਸਾਉਂਦੀ ਹੈ ਕਿ ਸਾਨੂੰ ਇਸ ਮੁਸ਼ਕਿਲ ਤੋਂ ਮੁਸ਼ਕਿਲ ਦੌਰ ਵਿੱਚ ਵੀ ਹੌਂਸਲੇ ਨਾਲ ਲੜਦੇ ਰਹਿਣਾ ਚਾਹੀਦਾ ਹੈ।
ਅਖੀਰ ਵਿੱਚ ਇਸ ਗੱਲ ਦਾ ਵਿਸ਼ਲੇਸ਼ਣ ਵੀ ਕਰ ਲੈਣਾ ਚਾਹੀਦਾ ਹੈ ਕਿ ਇਸ ਕੋਰੋਨਾ ਨਾਂ ਦੇ ਵਾਇਰਸ ਨੇ ਆਪਣਾ ਸਫ਼ਰ ਤੈਅ ਕਰਨ ਲਈ ਮਨੁੱਖ ਨੂੰ ਹੀ ਚੁਣਿਆ ਹੈ। ਅਸਲ ਵਿੱਚ ਇਸ ਨੂੰ ਕੁਦਰਤ ਨਾਲ ਛੇੜਛਾੜ ਦਾ ਇੱਕ ਨਤੀਜਾ ਹੀ ਕਹਿ ਸਕਦੇ ਹਾਂ। ਕਿਉਂਕਿ ਇਸ ਵਾਰ ਕੁਦਰਤ ਨੇ ਜੋ ਵਰਤਾਰਾ ਰਚਿਆ ਹੈ ਉਸ ਵਿੱਚ ਸਿੱਧੇ ਤੌਰ ‘ਤੇ ਮਨੁੱਖ ਨੂੰ ਦੋਸ਼ੀ ਠਹਿਰਾਇਆ ਹੈ। ਇਸ ਵਾਇਰਸ ਨੂੰ ਅਗਾਂਹ ਪਹੁੰਚਾਣ ਲਈ ਵੀ ਮਨੁੱਖ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ। ਕਿਉਂਕਿ ਇਹ ਵਾਇਰਸ ਇੱਕ ਮਨੁੱਖ ਤੋਂ ਦੂਸਰੇ ਤੱਕ ਹੋ ਕੇ ਹੀ ਅੱਗੇ ਵੱਧਦਾ ਹੈ। ਇਸ ਦਾ ਸਿੱਧਾ ਭਾਵ ਇਹ ਹੈ ਕਿ ਮਨੁੱਖ ਦਾ ਸਿੱਧਾ ਸੰਬੰਧ ਇਸ ਵਾਇਰਸ ਨਾਲ ਹੈ। ਇਹ ਗੱਲ ਪੱਕੀ ਹੈ ਕਿ ਇਸ ਵਾਇਰਸ ਦਾ ਹੱਲ ਵੀ ਮਨੁੱਖ ਨੇ ਹੀ ਲੱਭਣਾ ਹੈ। ਇਹ ਜ਼ਿੰਮੇਵਾਰੀ ਵੀ ਮਨੁੱਖ ਦੀ ਹੈ ਅਤੇ ਇਸਨੂੰ ਨਿਭਾਉਣ ਲਈ ਮਨੁੱਖ ਯਤਨਸ਼ੀਲ ਵੀ ਹੈ। ਸਾਡਾ ਸਭ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਸ ਚਿੰਤਾਜਨਕ ਦੌਰ ਵਿੱਚ ਲੋਕਾਈ ਦੇ ਭਲੇ ਲਈ ਕੰਮ ਕਰੀਏ ਤਾਂ ਕਿ ਆਉਣ ਵਾਲਾ ਕੱਲ੍ਹ ਸਾਡੀ ਗਵਾਹੀ ਭਰ ਸਕੇ ਕਿ ਅਸੀਂ ਸਮੇਂ ਤੋਂ ਮੁਨਕਰ ਹੋ ਕੇ ਭੱਜੇ ਨਹੀਂ ਸੀ।