15.9 C
United Kingdom
Saturday, September 5, 2026

More

    ਹਰ ਅਦਾਰੇ ਵਿੱਚ ਲਟਕ ਰਹੀ ਹੈ, ਛਾਂਟੀ ਦੀ ਤਲਵਾਰ

    ਨਰਿੰਦਰ ਕੌਰ ਸੋਹਲ

    ਦੁਨੀਆਂ ਭਰ ਵਿੱਚ ਫੈਲਦੀਆਂ ਰਹੀਆਂ ਮਹਾਂਮਾਰੀਆਂ ਨੇ ਸਮੇਂ ਸਮੇਂ ਬਹੁਤ ਵੱਡਾ ਜਾਨੀ ਨੁਕਸਾਨ ਕੀਤਾ ਹੈ। 1918 ਤੋਂ 1920 ਤੱਕ ਦੋ ਸਾਲ ਚੱਲੀ “ਸਪੈਨਿਸ਼ ਫ਼ਲੂ” ਮਹਾਂਮਾਰੀ ਅਮਰੀਕਾ ਤੋਂ ਸ਼ੁਰੂ ਹੋ ਕੇ ਕੁੱਝ ਹੀ ਦਿਨਾਂ ਵਿਚ ਸਾਰੀ ਦੁਨੀਆਂ ਵਿੱਚ ਫੈਲ ਗਈ ਸੀ। ਹੁਣ ਤੱਕ ਦੀ ਇਹ ਸਭ ਤੋਂ ਵੱਡੀ ਮਹਾਂਮਾਰੀ ਮੰਨੀ ਜਾਂਦੀ ਹੈ। ਜਿਸਨੇ ਉਸ ਸਮੇਂ ਲੱਗਭਗ 6 ਕਰੋੜ ਲੋਕਾਂ ਦੀ ਜਾਨ ਲਈ ਸੀ। ਭਾਰਤ ਵਿੱਚ ਵੀ ਲਗਭਗ ਢੇਡ ਕਰੋੜ ਲੋਕਾਂ ਦੀ ਜਾਨ ਗਈ ਸੀ। ਇਸ ਬਿਮਾਰੀ ਦਾ ਸ਼ਿਕਾਰ ਜ਼ਿਆਦਾਤਰ ਜਵਾਨ ਉਮਰ ਵਾਲੇ ਹੁੰਦੇ ਸਨ। ਹੁਣ ਤਕਰੀਬਨ ਸੌ ਸਾਲ ਬਾਅਦ ਫੈਲੀ ‘ਕੋਰੋਨਾ ਮਹਾਂਮਾਰੀ ( ਕੋਵਿਡ 19 ) ਨੇ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਹੁਣ ਤੱਕ ਦੁਨੀਆਂ ਭਰ ਵਿੱਚ ਦੋ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਘਾਤਕ ਹੋ ਸਕਦੀ ਹੈ ਕਿਉਂਕਿ ਫਿਲਹਾਲ ਇਸ ਤੋਂ ਬਚਾਅ ਲਈ ‘ਵੈਕਸੀਨ’ ਦੀ ਖੋਜ ਨਹੀਂ ਕੀਤੀ ਜਾ ਸਕੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮਹਾਂਮਾਰੀ ਨਾਲ ਪੂਰੀ ਦੁਨੀਆਂ ਹੀ ਥਮ ਜਾਵੇ। ਬਹੁਤ ਸਾਰੇ ਦੇਸ਼ਾਂ ਵਿੱਚ ਲਾਕਡਾਊਨ ਕਰਕੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਤਾਕੀਦ ਕੀਤੀ ਗਈ, ਤਾਂ ਕਿ ਕੋਰੋਨਾ ਦੀ ਲਾਗ ਤੋਂ ਬਚਾਅ ਕੀਤਾ ਜਾ ਸਕੇ।
                                    ਭਾਰਤ ਵੀ ਇਸ ਲਾਗ ਤੋਂ ਨਹੀਂ ਬਚ ਸਕਿਆ, ਇਥੇ ਲਗਭਗ 1800 ਮੌਤਾਂ ਹੋ ਚੁੱਕੀਆਂ ਹਨ। ਡੇਢ  ਮਹੀਨੇ ਤੋਂ ਉਪਰ ਪੂਰੇ ਦੇਸ਼ ਵਿੱਚ ਲਾਕਡਾਊਨ ਕੀਤਾ ਹੋਇਆ ਹੈ। ਸਾਰੇ ਕੰਮ ਧੰਦੇ ਬੰਦ ਹੋ ਚੁੱਕੇ ਹਨ, ਜਿਸ ਕਾਰਨ ਆਰਥਿਕ ਮੰਦੀ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਜਿਥੇ ਵੱਡੀ ਗਿਣਤੀ ਵਿੱਚ ਦਿਹਾੜੀਦਾਰ ਮਜ਼ਦੂਰ ਕੰਮ ਤੋਂ ਵਿਹਲੇ ਹੋ ਚੁੱਕੇ ਹਨ,ਉਥੇ ਛੋਟੇ-ਛੋਟੇ ਕੰਮ ਧੰਦੇ ਕਰਕੇ ਆਪਣਾ ਪਰਿਵਾਰ ਪਾਲਣ ਵਾਲਿਆਂ ਦਾ ਵੀ ਬੁਰਾ ਹਾਲ ਹੈ। ਅਜਿਹੇ ਦੌਰ ਵਿੱਚ ਕਾਰੋਬਾਰੀ ਅਦਾਰੇ ਸਭ ਤੋਂ ਪਹਿਲਾਂ ਆਪਣੇ ਕਾਮਿਆਂ ਦੀ ਛਾਂਟੀ ਕਰਨ ਜਾਂ ਤਨਖਾਹ ਵਿੱਚ ਕਟੌਤੀ ਕਰਨ ਦੇ ਰਾਹ ਹੀ ਪੈਂਦੇ ਹਨ। ਬੇਸ਼ੱਕ ਪ੍ਰਧਾਨ ਮੰਤਰੀ ਨੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਸੰਕਟ ਦੀ ਘੜੀ ਆਪਣੇ ਕਾਮਿਆਂ ਦੀਆਂ ਤਨਖਾਹਾਂ ਵਿੱਚ ਕਟੌਤੀ ਨਾ ਕਰਨ ਦੀ ਸਲਾਹ ਦਿੱਤੀ ਸੀ। ਪਰ ਕਾਰੋਬਾਰੀ ਅਦਾਰਿਆਂ ਨੇ ਇਹ ਮੰਗ ਕਰ ਦਿੱਤੀ ਕਿ ਸਰਕਾਰ ਮਜ਼ਦੂਰਾਂ ਨੂੰ ਲਾਕਡਾਊਨ ਦੇ ਸਮੇਂ ਦੀ ਪੂਰੀ ਤਨਖਾਹ ਦੇਣ ਦੇ ਫੈਸਲੇ ਉਪਰ ਮੁੜ ਵਿਚਾਰ ਕਰੇ। ਕਾਰੋਬਾਰੀ ਸਨਅਤਕਾਰ ਤਾਂ ਕਿਰਤ ਕਾਨੂੰਨ ਹੀ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਵੱਡੀਆਂ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਾਂ ਤਾਂ ਕੱਢ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਦੀਆਂ ਤਨਖਾਹਾਂ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਹਨ। ਵੱਖ-ਵੱਖ ਅਦਾਰੇ ਬਿਨਾਂ ਕਾਰਨ ਦੱਸੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰ ਰਹੇ ਹਨ। ਉਦਾਹਰਣ ਵਜੋਂ ਹਰਿਆਣਾ ਦੇ ਗੁੜਗਾਓਂ ਸ਼ਹਿਰ ਵਿੱਚ ਸਥਿਤ ‘ਫੇਅਰਪੋਰਟਲ ਇੰਡੀਆ ਪ੍ਰਾਈਵੇਟ ਲਿਮਟਿਡ’ ਨੇ ਪੰਜ ਸੌ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ। ਕੰਪਨੀ ਨੇ ਆਪਣੀ ‘ਪੂਨੇ ਫਰਮ’ ਵਿੱਚ ਵੀ ਛਾਂਟੀ ਕੀਤੀ ਹੈ। ਮੁਲਾਜ਼ਮਾਂ ਅਨੁਸਾਰ 1000 ਤੋਂ ਵਧੇਰੇ ਨੂੰ ਕੰਮ ਤੋਂ ਕੱਢਿਆ ਗਿਆ ਹੈ। ‘ਜੌਮੈਟੋ’ ਨੇ ਵੀ ਆਪਣੀਆਂ ਕਸਟਮਰ ਸਪੋਰਟਸ ਟੀਮਾਂ ਦੇ 600 ਮੁਲਾਜ਼ਮਾਂ ਨੂੰ ਕੰਮ ਤੋਂ ਕੱਢ ਦਿੱਤਾ ਹੈ। ਏਅਰਲਾਈਨਸ ਗੋਏਅਰ ਦੇ 5500 ਵਿਚੋਂ ਬਹੁਗਿਣਤੀ ਮੁਲਾਜ਼ਮ ਲਾਕਡਾਊਨ ਤੱਕ ਬਿਨਾਂ ਤਨਖ਼ਾਹ ਛੁੱਟੀ ਉਪਰ ਭੇਜੇ ਗਏ ਹਨ। ਏਅਰ ਇੰਡੀਆ ਨੇ ਸਾਰੇ ਕਰਮਚਾਰੀਆਂ ਦੀ ਤਨਖਾਹ ਵਿਚ ਤਿੰਨ ਮਹੀਨਿਆਂ ਲਈ 10 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਸਭ ਤੋਂ ਅਮੀਰ ਮੰਨੇ ਜਾਂਦੇ ਮੰਦਰ ਤਿਰੁਪਤੀ ਬਾਲਾਜੀ ਵਿੱਚੋਂ ਵੀ ਠੇਕੇ ‘ਤੇ ਭਰਤੀ 1300 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਹ ਮੁਲਾਜ਼ਮ ਸਫਾਈ ਅਤੇ ਆਓ ਭਗਤ ਆਦਿ ਸੇਵਾਵਾਂ ਨਾਲ ਜੁੜੇ ਹੋਏ ਸਨ। ਇਥੇ ਹੀ ਬਸ ਨਹੀਂ ‘ਪੱਤਰਕਾਰੀ’ ਉਤੇ ਵੀ ਇਸਦੀ ਮਾਰ ਪਈ ਹੈ। ਸਭ ਤੋਂ ਵੱਡੇ ਮੀਡੀਆ ਸਮੂਹ ‘ਟਾਈਮਜ਼ ਗਰੁੱਪ’ ਨੇ ਟਾਈਮਜ਼ ਆਫ ਇੰਡੀਆ ਦੀ ਐਤਵਾਰ ਮੈਗਜ਼ੀਨ ਟੀਮ ਨੂੰ ਲੇ ਆਫ ਕਰ ਦਿੱਤਾ ਹੈ। ਇੰਡੀਅਨ ਐਕਸਪ੍ਰੈੱਸ ਨੇ ਵੀ ਤਨਖਾਹਾਂ ਵਿਚ 10 ਤੋਂ 30 ਫੀਸਦੀ ਕਟੌਤੀ ਕੀਤੀ ਹੈ। ਨਿਊਜ਼ ਨੇਸ਼ਨ, ਆਉਟਲੁੱਕ ਅਤੇ ਨੲੀਂ ਦੁਨੀਆਂ ਨੇ ਆਪਣੀਆਂ ਪ੍ਰਕਾਸ਼ਨਾਵਾਂ ਹੀ ਮੁਅੱਤਲ ਕਰ ਦਿੱਤੀਆਂ ਹਨ। ਆਰਥਿਕ ਮੰਦਹਾਲੀ ਕਾਰਨ ਹਰ ਪ੍ਰਿੰਟ ਮੀਡੀਆ ਨੇ ਅਖਬਾਰਾਂ ਦੇ ਸਫ਼ੇ ਘਟਾ ਦਿੱਤੇ ਹਨ। ਅਜੌਕੇ ਸੰਕਟ ਨੂੰ ਗਹਿਰਾਈ ਨਾਲ ਸਮਝਣ ਲਈ, ਜ਼ਮੀਨੀ ਰਿਪੋਰਟਿੰਗ ਬਹੁਤ ਜ਼ਰੂਰੀ ਹੈ। ਜੇ ਰਿਪੋਰਟਿੰਗ ਕਰਨ ਵਾਲਿਆਂ ਦਾ ਰੁਜਗਾਰ ਹੀ ਸੁਰੱਖਿਅਤ ਨਹੀਂ ਤਾਂ ਜ਼ਮੀਨੀ ਹਕੀਕਤ ਦੀ ਰਿਪੋਰਟਿੰਗ ਕਿਵੇਂ ਕੀਤੀ ਜਾਵੇਗੀ। ਅਜਿਹੇ ਹਾਲਾਤਾਂ ਵਿਚ ਸੱਤਾਧਾਰੀ ਧਿਰ ਆਮ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਆਪਣੇ ਜ਼ਹਿਰੀਲੇ ਏਜੰਡਿਆਂ ਦੀ ਕਾਵਾਂ ਰੌਲੀ ਵਿੱਚ ਸਹਿਜੇ ਹੀ ਦਫ਼ਨਾ ਸਕੇਗੀ।
                                       ‘ਕੋਰੋਨਾ ਮਹਾਂਮਾਰੀ’ ਦੌਰਾਨ ਕੇਂਦਰ ਸਰਕਾਰ ਨੇ ਵੱਡੇ ਧਨਾਢਾਂ ਦੇ 70 ਲੱਖ ਕਰੋੜ ਰੁਪਏ ਦਾ ਕਰਜ਼ਾ ਤਾਂ ਮੁਆਫ਼ ਕਰਵਾ ਦਿੱਤਾ ਹੈ। ਜਦਕਿ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਅਤੇ ਗੈਰ-ਜਥੇਬੰਦ ਖੇਤਰ ਦੇ ਕਰੋੜਾਂ ਲੋਕਾਂ ਲਈ ਕੋਈ ਠੋਸ ਰਾਹਤ ਨਹੀਂ ਦਿੱਤੀ ਗਈ। ਆਰਥਿਕਤਾ ਦਾ ਬੇਹੱਦ ਮਹੱਤਵਪੂਰਨ ਹਿੱਸਾ ਹੋਣ ਕਾਰਨ ਰਾਹਤ ਸਭ ਤੋਂ ਜ਼ਿਆਦਾ ਇਨ੍ਹਾਂ ਲਈ ਜ਼ਰੂਰੀ ਸੀ। ਸਰਕਾਰ ਨੇ ਤਾਂ ਉਲਟਾ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਡੀ ਏ ਕਿਸ਼ਤਾਂ ਵੀ ਪਿਛਲੇ ਸਮੇਂ ਤੋਂ ਲੈਕੇ ਅਗਲੇ ਡੇਢ ਸਾਲ ਤੱਕ ਜਾਮ ਕਰ ਦਿੱਤੀਆਂ ਹਨ ਅਤੇ ਤਨਖਾਹਾਂ ਵਿੱਚ ਵੀ ਕਟੋਤੀ ਕੀਤੀ ਜਾ ਰਹੀ ਹੈ। ਦੁਜੇ ਪਾਸੇ ਇਥੇ ਵਿਧਾਇਕਾਂ ਦੀਆਂ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਹਨ ਜੋ ਦੇਸ਼ ‘ਤੇ ਬਹੁਤ ਵੱਡਾ ਆਰਥਿਕ ਬੌਝ ਪਾ ਰਹੀਆਂ ਹਨ। ਇਸ ਸੰਕਟ ਦੀ ਘੜੀ ਵੀ ਉਹਨਾਂ ‘ਤੇ ਕੋਈ ਕੱਟ ਨਹੀਂ ਲਗਾਇਆ ਜਾ ਰਿਹਾ। ਅਫਸੋਸ ਹੁੰਦਾ ਹੈ ਕਿ ਕੋਈ ਵਿਧਾਇਕ ਕਿਸੇ ਵੀ ਸਦਨ ਦਾ ਜਿੰਨੇ ਵਾਰੀ ਵਿਧਾਇਕ ਬਣਦਾ ਹੈ, ਓਨੀਆਂ ਪੈਨਸ਼ਨਾਂ ਦਾ ਉਹ ਹੱਕਦਾਰ ਹੋ ਜਾਂਦਾ ਹੈ। ਜੇ ਹੱਦਾਂ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਨ ਵਾਲਿਆਂ ਨੂੰ ਇਕ ਹੀ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਵਿਧਾਇਕਾਂ ਨੂੰ ਇੱਕ ਤੋਂ ਜ਼ਿਆਦਾ ਕਿਉਂ? ਹੋਣਾ ਇਹ ਚਾਹੀਦਾ ਹੈ ਕਿ ਜੇਕਰ ਕੋਈ ਸਾਂਸਦ ਬਾਅਦ ਵਿੱਚ ਰਾਜ ਸਭਾ ਦਾ ਮੈਂਬਰ ਬਣਦਾ ਹੈ ਤਾਂ ਉਸਦੀ ਸੰਸਦੀ ਪੈਨਸ਼ਨ ਰੱਦ ਕਰ ਦਿੱਤੀ ਜਾਵੇ। ਰਾਜ ਸਭਾ ਦੇ ਮੈਂਬਰ ਵਜੋਂ ਵੀ ਇੱਕ ਹੀ ਪੈਨਸ਼ਨ ਦੇਣੀ ਚਾਹੀਦੀ ਹੈ। ਇਸ ਨਾਲ ਬਹੁਤ ਵੱਡਾ ਆਰਥਿਕ ਬੌਝ ਹੌਲਾ ਹੁੰਦਾ ਹੈ। ਇਹ ਆਵਾਜ਼ ਬਹੁਤ ਸਮੇਂ ਤੋਂ ਉਠ ਰਹੀ ਸੀ ਪਰ ਹੁਣ ਇਸ ਉਤੇ ਅਮਲ ਕਰਨ ਦਾ ਫੈਸਲਾ ਕਰਨਾ ਬਹੁਤ ਜ਼ਰੂਰੀ ਹੈ।
                            ਜਦੋਂ ਹਰ ਵਰਗ ਚਿੰਤਾਜਨਕ ਹੈ ਤਾਂ ਇਸ ਸੰਕਟ ਦੌਰਾਨ ਅਧਿਆਪਕਾਂ ਨੂੰ ਵੀ ਡਰ ਸਤਾਉਣ ਲੱਗਾ ਹੈ ਕਿ ਕੋਰੋਨਾ ਦੌਰ ਤੋਂ ਬਾਅਦ ਦੇਸ਼ ਦੇ ਸਿੱਖਿਆ ਪ੍ਰਬੰਧਕ ਅਧਿਕਾਰੀ ‘ਕਲਾਸ ਰੂਮ’ ਅਧਿਆਪਨ ਤੋਂ ਮੂੰਹ ਫੇਰ ਕੇ ‘ਆਨਲਾਈਨ ਅਧਿਆਪਨ’ ਦੇ ਸੋਹਲੇ ਨਾ ਗਾਉਣ ਲੱਗ ਜਾਣ। ਉਨ੍ਹਾਂ ਨੂੰ ਇਹ ਵੀ ਭਵਿੱਖੀ ਖਦਸ਼ਾ ਹੈ ਕਿ ਆਨਲਾਈਨ ਅਧਿਆਪਨ ਨਾਲ ਉਨ੍ਹਾਂ ਦੇ ਰੁਜ਼ਗਾਰ ਦੇ ਮੌਕੇ ਵੀ ਸੁੰਗੜ ਜਾਣਗੇ। ਲਿਹਾਜ਼ਾ ਹਰ ਅਦਾਰੇ ਵਿੱਚ ਕਾਮਿਆਂ ਦਾ ਰੁਜਗਾਰ ਖ਼ਤਰੇ ਵਿੱਚ ਹੈ। ਜਦੋਂ ਲਾਕਡਾਊਨ ਖੁੱਲੇਗਾ, ਉਦੋਂ ਹੀ ਅਸਲ ਹਕੀਕਤ ਸਾਹਮਣੇ ਆਵੇਗੀ ਕਿ ‘ਕੱਚੇ ਕਾਮਿਆਂ’ ਨੂੰ ਕਾਰੋਬਾਰੀਆਂ ਵੱਲੋਂ ਦੁਬਾਰਾ ਕੰਮ ਤੇ ਰੱਖਿਆ ਜਾਂਦਾ ਹੈ ਜਾਂ ਨਹੀਂ। ਜੇ ਰੱਖਿਆ ਵੀ ਜਾਂਦਾ ਹੈ ਤਾਂ ਕੀ ਪਹਿਲੀਆਂ ਉਜਰਤਾਂ ਅਤੇ ਸ਼ਰਤਾਂ ਤਹਿਤ ਰੱਖਿਆ ਜਾਂਦਾ ਹੈ ਜਾਂ ਨਵੀਆਂ ਸ਼ਰਤਾਂ ਤਹਿਤ ਰੱਖਿਆ ਜਾਵੇਗਾ।
                          ਉਧਰ ਕੇਂਦਰ ਸਰਕਾਰ ਤਾਂ ਇਤਿਹਾਸ ਨੂੰ ਹੀ ਪੁੱਠਾ ਗੇੜਾ ਦੇਣ ਵੱਲ ਵਧ ਰਹੀ ਹੈ। ਸਰਕਾਰ ਨੇ ਕੰਮ ਦਿਹਾੜੀ 8 ਘੰਟੇ ਦੀ ਬਜਾਏ 12 ਘੰਟੇ ਕਰਨ ਦੀ ਤਿਆਰੀ ਕਰ ਲਈ ਹੈ। ਕੁੱਝ ਸੂਬਿਆਂ ਨੇ ਤਾਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਵੀ ਕਰ ਦਿੱਤਾ ਹੈ। ਇਹ ਕਿਰਤੀਆਂ ਲਈ ਬਹੁਤ ਵੱਡੀ ਸੱਟ ਹੈ ਕਿਉਂਕਿ 8 ਘੰਟੇ ਦੀ ਕੰਮ ਦਿਹਾੜੀ ਦਾ ਅਮਲ ਵਿੱਚ ਆਉਣਾ, ਉਹਨਾਂ ਦੇ ਖ਼ੂਨੀ ਸੰਘਰਸ਼ ਦਾ ਸਿੱਟਾ ਸੀ। ਹੁਣ ਜਦੋਂ ਇਸ ਮਹਾਂਮਾਰੀ ਦੌਰਾਨ ਬੇਰੁਜ਼ਗਾਰੀ ਦਿਨੋ-ਦਿਨ ਛੜੱਪੇ ਮਾਰਕੇ ਵੱਧ ਰਹੀ ਹੈ ਤਾਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਬਜਾਏ, ਸਰਕਾਰ ਵੱਲੋਂ ਕੰਮ ‘ਤੇ ਲੱਗਿਆ ਨੂੰ ਹੀ ਘਰ ਭੇਜਣ ਦੇ ਮਨਸੂਬੇ ਘੜੇ ਜਾ ਰਹੇ ਹਨ। ਜਦਕਿ ਹੋਣਾ ਇਹ ਚਾਹੀਦਾ ਸੀ ਕਿ ਸਰਕਾਰ ਆਰਥਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਵਿੱਚ ਲੈਕੇ ਆਉਣ ਦੀ ਯੋਜਨਾਬੰਦੀ ਕਰਦੀ। ਕੰਮ ਦਿਹਾੜੀ 8 ਘੰਟੇ ਤੋਂ ਵਧਾਉਣ ਦੀ ਬਜਾਏ, ਸਗੋਂ ਲੋੜ ਮੁਤਾਬਕ ਘੱਟ ਕਰਨ ਵੱਲ ਵੱਧਦੀ ਤਾਂ ਕਿ ਨਵਿਆਂ ਨੂੰ ਕੰਮ ਵਿੱਚ ਲਿਆਂਦਾ ਜਾ ਸਕਦਾ। ਪਰ ਅਫਸੋਸ ਕੋਰੋਨਾ’ ਦੀ ਦਹਿਸ਼ਤ ਹੇਠ ਸੱਤਾਧਾਰੀ ਧਿਰ ਆਪਣੇ ਪਾਟਕ ਪਾਊ ਏਜੰਡਿਆਂ ਨੂੰ ਅੰਜਾਮ ਦੇਣ ਵਿੱਚ ਲੱਗੀ ਹੋਈ ਹੈ। ਜੋ ਅਖੀਰ ਵਿੱਚ ਆਪਣੀ ਆਰਥਿਕ ਅਸਫਲਤਾ ਦਾ ਭਾਂਡਾ ‘ਕਰੋਨਾ ਮਹਾਮਾਰੀ’ ਸਿਰ ਭੰਨ ਦੇਵੇਗੀ। ਲਾਕਡਾਊਨ ਖੁੱਲਣ ਤੋਂ ਬਾਅਦ ਦੇਸ਼ ਭਰ ਦੇ ਕਿਰਤੀਆਂ ਲਈ ਵੱਡੇ ਸੰਕਟ ਦਾ ਸਾਹਮਣੇ ਆਉਣਾ ਤਹਿ ਹੈ। ਇਸ ਲਈ ਦੇਸ਼ ਭਰ ਦੇ ਮਿਹਨਤਕਸ਼ਾਂ ਨੂੰ ਇਕਮੁੱਠਤਾ ਨਾਲ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

    ਨਰਿੰਦਰ ਕੌਰ ਸੋਹਲ
    9464113255

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!