ਕਰੋਨਾ ਦੇ ਵਧਦੇ ਕਦਮ
ਮੋਗਾ (ਮਿੰਟੂ ਖੁਰਮੀ)
ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਅੱਜ ਦੱਸਿਆ ਕਿ ਮੋਗਾ ਦੇ ਸਰਕਾਰੀ ਸਕੂਲਾਂ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਲੋੜ ਪੈਣ ਤੇ ਇਕਾਂਤਸਵਾਸ ਕੇਦਰਾਂ ਵਜੋ ਵਰਤਿਆਂ ਜਾਵੇਗਾ ਤਾਂ ਜੋ ਪੰਜਾਬ ਵਿੱਚ ਦੂਸਰੇ ਰਾਜਾਂ ਜਾਂ ਦੇਸ਼ਾਂ ਤੋ ਆ ਰਹੇ ਵਿਅਕਤੀਆਂ ਨੂੰ ਠਹਿਰਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਬਾਹਰਲੇ ਰਾਜ਼ਾਂ/ਦੇਸ਼ਾਂ ਤੋ ਆਏ ਵਿਅਕਤੀਆਂ ਨੂੰ ਸਰਕਾਰੀ ਇਕਾਂਤਵਾਸ ਕੇਦਰਾਂ ਵਿੱਚ ਘੱਟੋ ਘੱਟ 14 ਦਿਨਾਂ ਲਈ ਰੱਖਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਦੀ ਦੂਸਰੇ ਰਾਜਾਂ ਜਾਂ ਦੇਸ਼ਾਂ ਤੋ ਆਉਣ ਦੀ ਉਮੀਦ ਹੈ ਜਿਸ ਕਾਰਣ ਹੁਣ ਵਧੇਬਰੇ ਇਕਾਂਤਵਸ ਕੇਦਰ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਏਕਾਂਤਵਾਸ ਕੇਦਰਾਂ ਦਾ ਸੁਚੱਜੇ ਢੰਗ ਨਾਲ ਸੰਚਾਲਨ ਕਰਨ ਲਈ ਵੱਖ ਵੱਖ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀਆਂ ਸੌਪੀਆਂ ਗਈਆਂ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਇਕਾਂਤਵਾਸ ਕੇਦਰਾਂ ਲਈ ਨੋਡਲ ਅਫ਼ਸਰ ਦੀ ਨਿਯੁਕਤੀ ਕੀਤੀ ਗਈ ਹੈ ਜਿਹੜਾ ਕਿ ਇਨ੍ਹਾਂ ਦੇ ਸੁਚੱਜੇ ਸੰਚਾਲਨ ਲਈ ਵੱਖ ਵੱਖ ਮਹਿਕਮਿਆਂ ਨਾਲ ਤਾਲਮੇਲ ਕਰੇਗਾ। ਸਾਰੇ ਇਲਾਕਿਆਂ ਦੇ ਸਬੰਧਤ ਕਾਰਜਕਾਰੀ ਇੰਜੀਨੀਅਰ ਬਿਜਲੀ ਵਿਭਾਗ ਆਪਣੇ ਇਲਾਕੇ ਵਿੱਚ ਸਰਕਾਰੀ ਇਕਾਂਤਵਾਸ ਕੇਦਰਾਂ ਵਿੱਚ ਬਿਜਲੀ ਦੀ ਸਪਲਾਈ ਚਾਲੂ ਹਾਲਤ ਵਿ਼ੱਚ ਰੱਖਣਾ ਯਕੀਨੀ ਬਣਾਉਣਗੇ। ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਹਰੇਕ ਸਰਕਾਰੀ ਇਕਾਂਤਵਾਸ ਤੇ ਪਾਣੀ ਦੀ ਸਪਲਾਈ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਉਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਏਕਾਂਤਵਾਸ ਕੇਦਰਾਂ ਉੱਪਰ ਕੋਆਰਡੀਨੇਟਿੰਗ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ ਜੋ ਕਿ ਸਮੁੱਚੇ ਪ੍ਰਾਇਮਰੀ/ਸੈਕੰਡਰੀ ਸਕੂਲਾਂ ਜਾ ਕਿਸੇ ਵੀ ਸਰਕਾਰੀ ਬਿਲਡਿੰਗ ਜਿਸ ਨੂੰ ਏਕਾਂਤਵਾਸ ਵਜੋ ਵਰਤਿਆ ਜਾਣਾ ਹੈ, ਨੂੰ ਉਸ ਪਿੰਡ ਦੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਤਿਆਰ ਕਰਵਾਉਣਗੇ। ਇਨ੍ਹਾਂ ਏਕਾਂਤਵਾਸ ਕੇਦਰਾਂ ਵਿੱਚ ਸਰਪੰਚਾਂ ਦੀ ਸਹਾਇਤਾ ਨਾਲ ਰੋਟੀ, ਚਾਹ ਆਦਿ ਦਾ ਪ੍ਰਬੰਧ ਮਿਡ ਡੇ ਮੀਲ ਵਰਕਰ ਅਮਲੇ ਪਾਸੋ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸਦੇ ਨਾਲ-ਨਾਲ ਹਰ ਇੱਕ ਸਰਕਾਰੀ ਏਕਾਂਤਵਾਸ ਵਿਖੇ ਸੋਡੀਅਮ ਹਾਈਪੋਕਲੋਰਾਈਟ ਚੰਗੀ ਮਾਤਰਾ ਵਿੱਚ ਉਪਲੱਬਧ ਕਰਵਾ ਕੇ ਰੱਖਿਆ ਜਾਵੇਗਾ ਤਾਂ ਕਿ ਬਾਥਰੁਮ-ਟਾਈਲਟ ਦੀ ਸਫਾਈ ਅਤੇ ਏਕਾਂਤਵਾਸ ਅਹਾਤੇ ਵਿਖੇ ਸਮੇ-ਸਮੇ ਤੇ ਛਿੜਕਾਵ ਕਰਨ ਦੇ ਕੰਮ ਆ ਸਕੇ। ਇਸ ਕੰਮ ਲਈ ਤੈਨਾਤ ਕੀਤੇ ਗਏ ਵਰਕਰਾਂ ਨੂੰ ਪੀ.ਪੀ.ਈ. ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਪੰਜਾਬ ਸਰਕਾਰ ਵੱਲੋ ਸਾਰੇ ਹੀ ਪਿੰਡਾਂ ਵਿੱਚ ਤਾਇਨਾਤ ਕੀਤੇ ਗਏ ਖੁਸ਼ਹਾਲੀ ਦੇ ਰਾਖੇ ਪਿੰਡ ਵਿੱਚ ਸਰਕਾਰੀ ਏਕਾਂਤਵਾਸ ਵਾਲੀ ਇਮਾਰਤ ਤੇ ਸਬੰਧਤ ਪਿੰਡ ਦੀ ਪੁਲਿਸ ਦੀ ਸਹਾਇਤਾ ਨਾਲ ਠੀਕਰੀ ਪਹਿਰੇ ਲਗਾਉਣਗੇ। ਸੀਨੀਅਰ ਕਪਤਾਨ ਪੁਲਿਸ ਮੋਗਾ ਵੱਲੋ ਸਰਕਾਰੀ ਏਕਾਂਤਵਾਸ ਵਾਲੀਆਂ ਇਮਾਰਤਾਂ ਤੇ ਬਣਦੇ ਸੁਰੱਖਿਆ ਪ੍ਰਬੰਧ ਕਰਵਾਇਆ ਜਾਵੇਗਾ। ਪੁਲਿਸ ਪਾਰਟੀਆਂ ਵੱਲੋ ਸਮੇ ਸਮੇ ਤੇ ਪੈਟਰੋਲਿੰਗ ਪਾਰਟੀਆਂ ਦੀ ਗਸ਼ਤ ਵੀ ਕਰਵਾਈ ਜਾਵੇਗੀ।
ਸਿਵਲ ਸਰਜਨ ਮੋਗਾ ਵੱਲੋ ਹਰੇਕ ਸਰਕਾਰੀ ਇਕਾਂਤਵਾਸ ਸੈਟਰ ਵਿੱਚ ਮੈਡੀਕਲ/ਪੈਰਾ ਮੈਡੀਕਲ ਸਟਾਫ ਰਾਹੀ ਇਕਾਂਤਵਾਸ ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਅਤੇ ਸੈਪਲਿੰਗ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੀਤੀ ਜਾਵੇਗੀ। ਸ਼ਹਿਰੀ ਇਲਾਕੇ ਵਿੱਚ ਪੈਦੇ ਸਰਕਾਰੀ ਏਕਾਂਤਵਾਸ ਕੇਦਰਾਂ ਦੀ ਦੇਖ ਰੇਖ ਦਾ ਪ੍ਰਬੰਧ ਕਮਿਸ਼ਨਰ ਨਗਰ ਨਿਗਮ, ਮੋਗਾ ਅਤੇ ਸਮੂਹ ਕਾਰਜ ਸਾਧਕ ਅਫ਼ਸਰ ਕਰਨਗੇ।