ਬਰਨਾਲਾ (ਰਾਜਿੰਦਰ ਵਰਮਾ)
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਚ ਪ੍ਰਸਾਸ਼ਨ ਵੱਲੋਂ ਬਣਾਇਆ ਗਿਆ ਇਕਾਂਤਵਾਸ ਕੇਂਦਰ ਸਿਰਫ਼ ਨਾਂਅ ਦਾ ਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਇੱਥੇ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਨੂੰ ਬਾਹਰੋਂ ਆਉਣ ਵਾਲੇ ਬਿਨ੍ਹਾਂ ਕਿਸੇ ਰੋਕ-ਟੋਕ ਤੋਂ ਮਿਲ ਰਹੇ ਹਨ ਜੋਕਿ ਭਦੌੜ ਵਾਸੀਆਂ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ। ਪ੍ਰਸਾਸ਼ਨ ਵੱਲੋਂ ਇਸ ਕੇਂਦਰ ਵਿੱਚ ਕੋਈ ਪੁਲੀਸ ਮੁਲਾਜ਼ਮ ਵੀ ਨਹੀਂ ਲਗਾਇਆ ਗਿਆ।
ਇਸ ਕੇਂਦਰ ਵਿੱਚ ਰੱਖੇ ਗਏ 25 ਵਿਅਕਤੀਆਂ ਵਿੱਚ ਕਰੋਨਾ ਪਾਜੇਟਿਵ ਆਏ ਗੁਰਚਰਨ ਸਿੰਘ ਵਾਸੀ ਭਦੌੜ ਦਾ ਸਕਾ ਭਰਾ ਦਰਸ਼ਨ ਸਿੰਘ ਵੀ ਰੱਖਿਆ ਹੋਇਆ ਹੈ। ਇਹ ਦੋਵੇ ਭਰਾ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ। ਇਸ ਤੋਂ ਇਲਾਵਾ ਇਕਾਂਤਵਾਸ ਕੇਂਦਰ ਵਿੱਚ ਹਜ਼ੂਰ ਸਾਹਿਬ ਤੋਂ 4 ਆਏ (ਰਿਪੋਰਟ ਨੈਗਟਿਵ), ਰਾਜਪੁਰਾ ਤੋਂ 4, ਗੁਰਦਾਸਪੁਰ ਤੋਂ 5, ਸੰਗਰੂਰ ਤੋਂ ਤਿੰਨ, ਵਰਧਮਾਨ ਪੱਛਮੀ ਬੰਗਾਲ ਤੋਂ ਇੱਕ, ਝਾਂਸੀ ਹਰਿਆਣਾ ਤੋਂ ਇੱਕ, ਤਰਨਤਾਰਨ ਤੋਂ ਇੱਕ ਅਤੇ 6 ਹੋਰ ਵਿਅਕਤੀਆਂ ਸਮੇਤ ਕੁੱਲ 25 ਵਿਅਕਤੀ ਕੁਆਰਟਨ ਕੀਤੇ ਗਏ ਹਨ। ਜੋ ਕਿ ਵੱਖ-ਵੱਖ ਥਾਵਾਂ ਤੇ ਕਿਰਤ ਕਰਨ ਗਏ ਹੋਏ ਸਨ। ਇੱਥੇ ਕੁਝ ਵਿਅਕਤੀਆਂ ਦਾ ਖਾਣਾ ਉਨ੍ਹਾਂ ਦੇ ਘਰਾਂ ਤੋਂ ਆ ਰਿਹਾ ਹੈ ਤੇ ਪੰਜ ਵਿਅਕਤੀਆਂ ਦੇ ਖਾਣੇ ਦਾ ਪ੍ਰਬੰਧ ਐਨਜੀਓ ਵੱਲੋਂ ਕੀਤਾ ਜਾ ਰਿਹਾ ਹੈ। ਬਾਅਦ ਦੁਪਿਹਰ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਅਤੇ ਪਟਵਾਰੀ ਸਾਧੂ ਸਿੰਘ ਨੇ ਵੀ ਇਸ ਇਕਾਂਤਵਾਸ ਕੇਂਦਰ ਦਾ ਜਾਇਜਾਂ ਲਿਆ ਸੀ ਪਰ ਉਨ੍ਹਾਂ ਦੇ ਚਲੇ ਜਾਣ ਤੋਂ ਬਾਦ ਇਸ ਸਕੂਲ ਦਾ ਗੇਟ ਖੁੱਲਾ ਰਿਹਾ ਤੇ ਲੋਕਾਂ ਦਾ ਕਾਫ਼ੀ ਆਉਣ ਜਾਣ ਬਣਿਆ ਰਿਹਾ। ਜੋ ਕਿ ਕਸਬਾ ਵਾਸੀਆਂ ਲਈ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ। ਇਸ ਬਾਰੇ ਸਬੰਧਿਤ ਮੁਲਾਜ਼ਮਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਬਾਰੇ ਜਦ ਐਸਡੀਐਮ ਅਨਮੋਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਾਜਮਾਂ ਨੂੰ ਅਜਿਹੀ ਕੁਤਾਹੀ ਨਹੀਂ ਕਰਨੀ ਚਾਹੀਦੀ ਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਤੇ ਰੋਕ ਲਗਵਾ ਦਿੰਦੇ ਹਾਂ।