ਰਣਜੀਤ ਬਾਵਾ ਦਾ ਗਾਣਾ “ ਸਾਡਾ ਕੀ ਕਸੂਰ ” ਦਾ ਵਿਵਾਦ
ਡਾ. ਸੁਰਜੀਤ ਸਿੰਘ ਭਦੌੜ
ਗੰਭੀਰ ਗਾਇਕ ਰਣਜੀਤ ਬਾਵਾ ਨੂੰ ਆਪਣੇ ਕਸੂਰ ਦਾ ਅਹਿਸਾਸ ਤੁਰੰਤ ਕਰਵਾ ਦਿੱਤਾ। ਸਾਡਾ ਕੀ ਕਸੂਰ ਪੁੱਛਣ ਵਾਲੇ ਮਿੱਟੀ ਦੇ ਬਾਵੇ ਨੂੰ ਤੁਰੰਤ ਪਤਾ ਲੱਗ ਗਿਆ ਕਿ ਸੱਚ ਬੋਲਣਾ ਹੀ ਤਾਂ ਕਸੂਰ ਹੈ । ਇਹ ਵੀ ਲੱਗਦਾ ਕਿ ਮਿੱਟੀ ਦੇ ਬਾਵੇ ਨਾਲ ਗੱਲਾਂ ਕਰਦੇ ਬਾਵੇ ਨੂੰ ਨਹੀਂ ਪਤਾ ਸੀ ਕਿ ਉਹ ਜਿੰਨਾਂ ਨੂੰ ਮਿੱਟੀ ਦੇ ਬਾਵੇ ਸਮਝ ਕੇ ਗੱਲਾਂ ਕਰਦਾ ਰਿਹਾ ਹੈ, ਉਹ ਹੁਣ ਮਿੱਟੀ ਦੇ ਬਾਵਿਆਂ ਚ ਫਿਰਕੂ ਜਹਿਰ ਪਸਰ ਗਈ ਹੈ, ਜਿਸਦੀ ਅੱਗ ਵਿੱਚ ਸੱਚ ਹੀ ਕਸੂਰ ਹੈ।
ਵਰਨਣਯੋਗ ਹੈ ਕਿ ਰਣਜੀਤ ਬਾਵਾ ਦੀ ਆਵਾਜ ਵਿੱਚ ਬੀਰ ਸਿੰਘ ਦਾ ਲਿਖਿਆ ਗੀਤ “ ਸਾਡਾ ਕੀ ਕਸੂਰ ” ਜਾਰੀ ਹੁੰਦਿਆਂ ਹੀ ਇੱਕ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਦੇ ਵਿਵਾਦ ਵਿੱਚ ਘਿਰ ਗਿਆ । ਸੱਚ ਨੂੰ ਫਾਂਸੀ ਦਾ ਇਹ ਘਟਨਾਕਰਮ ਏਨੀ ਤੇਜੀ ਨਾਲ ਫੈਲਿਆ ਕਿ ਸੱਚ ਗਾਉਣ ਦੀ ਗਲਤੀ ਤੁਰੰਤ ਸੁਧਾਰਦਿਆਂ ਰਣਜੀਤ ਬਾਵਾ ਨੇ 24 ਘੰਟਿਆਂ ਚ ਹੀ ਇਹ ਗਾਣਾ ਯੂ-ਟਿਊਬ ਤਾਂ ਹਟਾ ਵੀ ਦਿੱਤਾ।
ਸਿਤਮ ਦੀ ਗੱਲ ਤਾਂ ਇਹ ਵੀ ਹੈ ਕਿ ਸੱਚ ਦਾ ਗੁਨਾਹ ਏਨਾ ਭਿਆਨਕ ਰਿਹਾ ਕਿ ਸਾਲਾਂ ਬੱਧੀ ਪੁਲਿਸ ਥਾਣਿਆਂ ਚ ਇਨਸਾਫ ਦੀ ਭੀਖ ਮੰਗਦੇ ਲੋਕਾਂ ਦੀ ਸ਼ਿਕਾਇਤ ਚਾਹੇ ਰੋਜਨਾਮਚੇ ਤੇ ਵਰਕੇ ਦਾ ਸ਼ਿੰਗਾਰ ਨਹੀਂ ਬਣਦੀ ਪਰ ਇਸ ਗੁਨਾਹ ਦੀ ਸ਼ਿਕਾਇਤ ਤਾਂ ਤੁਰੰਤ ਦਰਜ ਵੀ ਹੋ ਗਈ । ਦੋਸ਼ੀ ਤਾਂ ਗੀਤਕਾਰ ਬੀਰ ਸਿੰਘ ਵੀ ਹੈ ਜੋ ਸ਼ਬਦਾਂ ਨੂੰ ਫਾਸੀ ਦੇਣ ਵਾਲੇ ਦੇਸ਼ ਵਿੱਚ ਸੱਚ ਦੀ ਕਲਮ ਫੜ ਬੈਠਾ । “ ਓ ਜੇ ਮੈਂ ਮਾੜੇ ਘਰ ਜੰਮਿਆਂ ਤਾਂ ਮੇਰਾ ਕੀ ਕਸੂਰ ਐ ” ਇਹੀ ਤਾਂ ਕਸੂਰ ਆ ਬਾਵੇ ਦਾ ਤੇ ਬੀਰ ਸਿੰਘ ਦਾ ਵੀ ਕਿ ਉਹ ਜਿਸ ਰਾਜ ਵਿੱਚ ਜਨਮੇ ਉਥੇ ਜੰਮਣਾ ਵੀ ਤਾਂ ਗੁਨਾਹ ਹੈ। ਨਾਲੇ ਗੀਤ ਚ ਪਹਿਲਾਂ ਹੀ ਤਾਂ ਲਿਖ ਦਿੱਤਾ “ ਓ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮਚ ਜਾਣਾ ਯੁੱਧ ਐ ” ਫਿਰ ਗਾਉਣ ਤੇ ਲਿਖਣ ਚ ਕਸੂਰ ਹੀ ਕਸੂਰ ਤਾਂ ਹੈ । ਜਦੋਂ ਇਹ ਕਹਿਣਾ ਸੀ ਕਿ “ ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁੱਧ ਐ, ਭੁੱਖਿਆਂ ਨੂੰ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਐ ” ਤਾਂ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਕਿ ਜਿਹੜੇ ਖਿੱਤੇ ਚ ਉਹ ਵਸਦੇ ਨੇ ਉਥੇ ਮੱਤ ਅਤੇ ਬੁੱਧ ਦੀਆਂ ਪ੍ਰੀਭਾਸ਼ਾਵਾਂ ਨਿਰਧਾਰਤ ਨੇ ਅਤੇ ਇਹ ਮੱਤ ਅਤੇ ਬੁੱਧ ਤੇ ਸਦੀਆਂ ਤੋਂ ਤਾਂ ਉਹਨਾਂ ਦਾ ਹੀ ਤਾਂ ਅਧਿਕਾਰ ਰਿਹਾ । ਉਹੀ ਮੱਤ ਅਤੇ ਬੁੱਧ ਨੇ ਰਵਿਦਾਸ ਅਤੇ ਭਗਤ ਧੰਨੇ ਦੇ ਪਰਿਵਾਰਾਂ ਵਿੱਚ ਸਮਾਜਿਕ ਦੂਰੀ (ਸ਼ੋਸਲ ਡਿਸਟੈਸਿੰਗ) ਨੂੰ ਬਨਾਉਣ ਵਿੱਚ ਇਤਿਹਾਸ ਰਚ ਦਿੱਤਾ । ਇੰਨਾਂ ਦੋਨਾਂ ਨੇ ਕੋਰੋਨਾ ਦੀ ਆੜ ਵਿੱਚ ਭਗਤਾਂ ਦੇ ਪਰਿਵਾਰਾਂ ਚੋਂ ਸਮਾਜਿਕ ਦੂਰੀ( ਸ਼ੋਸਲ ਡਿਸਟੈਂਸਿੰਗ) ਮਿਟਾਉਣ ਦਾ ਕਸੂਰ ਕੀਤਾ ਹੈ । ਮੁਆਫੀ ਤਾਂ ਚਾਹੇ ਲਿਖ ਕੇ ਭੇਜ ਦਿੱਤੀ ਪਰ ਇਹ ਕਸੂਰ ਤਾਂ ਸ਼ਹਿਣਸ਼ੀਲਤਾ ਦੇ ਅਲੰਬਰਦਾਰ ਖਿੱਤੇ ਮੁਆਫੀ ਦੇ ਕਾਬਿਲ ਹੀ ਨਹੀਂ।
*98884-88060