ਵਿਸ਼ੇਸ਼ ਭੱਤਿਆਂ ਨਾਲ ਸਿਹਤ ਕਾਮਿਆਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ
ਮੋਗਾ (ਮਿੰਟੂ ਖੁਰਮੀ )
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਬਿਮਾਰੀ ਦੇ ਇਲਾਜ ‘ਚ ਜੁਟੇ ਸਿਹਤ ਕਾਮਿਆਂ ਨੂੰ ਬਿਲਕੁਲ ਨੰਗੇ-ਧੜ ਬਿਮਾਰੀ ਦਾ ਸਾਹਮਣਾ ਕਰਨ ਲਈ ਛੱਡ ਦਿੱਤਾ ਗਿਆ ਹੈ। ਲੋਕਾਂ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕੈਪਟਨ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਇਹ ਦੱਸਦਿਆਂ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ, ਬਲਾਕ ਸਕੱਤਰ ਹੀਰਾ ਸਿੰਘ ਢਿੱਲੋਂ ਨੇ ਸਾਂਝੇ ਰੂਪ ਵਿੱਚ ਬਿਆਨ ਦਿੰਦੇ ਕਿਹਾ ਕਿ ਅਾਸ਼ਾ ਵਰਕਰਾਂ ਵੱਲੋਂ ਅਣਸਰਦੇ ਨੂੰ ਦਿੱਤੇ ਹੜਤਾਲ ਦੇ ਸੱਦੇ ਨੂੰ ਡੀਟੀਐੱਫ਼ ਨਿਹਾਲ ਸਿੰਘ ਵਾਲ਼ਾ ਹਮਾਇਤ ਦਾ ਐਲਾਨ ਕਰਦਾ ਹੈ। ਅਜਿਹੇ ਹਾਲਾਤਾਂ ‘ਚ ਡਿਊਟੀ ਕਰ ਰਹੇ ੲਿਹ ਕਾਮੇ 750 ਰੁ: ਹੀ ਕਿਉਂ, ਇਸ ਤੋਂ ਜ਼ਿਆਦਾ ਦੇ ਹੱਕਦਾਰ ਬਣਦੇ ਹਨ। ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਪੱਕੀਆਂ ਸੇਵਾਵਾਂ ਦੇ ਹੱਕਦਾਰ ਬਣਦੇ ਹਨ। ਵਿਤ ਸਕੱਤਰ ਸੁਖਜੀਤ ਕੁੱਸਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਸ਼ਿੰਗਾਰਾ ਸਿੰਘ ਸੈਦੋਕੇ ਨੇ ਕਿਹਾ ਕਿ ਅਾਸ਼ਾ ਵਰਕਰਾਂ ਤੇ ਫੈਸਿਲੀਟੇਟਰ ਕਿੰਨੀਆਂ ਮੁਸ਼ਕਿਲਾਂ ਭਰੇ ਹਾਲਤਾਂ ਅੰਦਰ ਕੰਮ ਕਰ ਰਹੀਆਂ ਹਨ ਅਤੇ ਖੁਦ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ, ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਸਰਕਾਰ ਦੀ ਲਾਪਰਵਾਹੀ ਤੇ ਬੇਰੁਖੀ ਕਰਕੇ ਹੀ ਆਸ਼ਾ ਵਰਕਰ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੜਤਾਲ ਵਾਲੇ ਦਿਨ ਸਭ ਵਰਕਰਾਂ ਆਪਣੇ ਆਪਣੇ ਸਬ-ਸੈਂਟਰਾਂ ‘ਤੇ ਜਥੇਬੰਦੀ ਦੇ ਝੰਡੇ ਅਤੇ ਕਾਲੇ ਦੁੱਪਟੇ ਲੈ ਕੇ 9-10 ਵਜੇ ਤੱਕ ਰੋਸ ਪ੍ਰਦਰਸ਼ਨ ਕਰਨਗੀਆਂ ਅਤੇ ਫਿਰ ਪੂਰਾ ਦਿਨ ਅਾਪਣੇ ਹਰੇਕ ਕਿਸਮ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਰੱਖਣਗੀਆਂ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਫਿਰ ਵੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦਿੰਦੀ ਤਾਂ ੲਿਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਹੜਤਾਲ ਕਾਰਨ ਆਮ ਜਨਤਾ ਨੂੰ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਡੀਟੀਐੱਫ਼ ਨੇ ਸੰਘਰਸ਼ ਦੇ ਪਿੜਾਂ ਵਿਚ ਡਟਣ ਦਾ ਭਰੋਸਾ ਦਿੱਤਾ।
ਆਸ਼ਾ ਵਰਕਰਾਂ ਦੀ ਯੂਨੀਅਨ ਵੱਲੋਂ ਕੀਤੀਆਂ ਮੰਗਾਂ ਦੀ ਡੀਟੀਐੱਫ਼ ਪੰਜਾਬ ਵੱਲੋਂ ਪੂਰਨ ਹਮਾਇਤ ਦਿੱਤੀ ਗਈ।
ਪਹਿਲੀ ਮੰਗ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਕਰੋਨਾ ਵਾਇਰਸ ਦੀ ਡਿਊਟੀ ਕਰਨ ਬਦਲੇ 750 ਰੁ: ਪ੍ਰਤੀ ਦਿਨ ਦਿੱਤੇ ਜਾਣ। ਦੂਜੀ ਮੰਗ ਕਿ ਡਿਊਟੀ ਕਰਦਿਆਂ ਕਰੋਨਾ ਨਾਲ ੲਿਨਫੈਕਟਡ ਹੋਣ ਵਾਲੀਅਾਂ ਵਰਕਰਾਂ ਨੂੰ ਮਾਰਚ 2021 ਤੱਕ 10,000/- ਰੁਪਏ ਪ੍ਰਤੀ ਮਹੀਨਾ ਸਪੈਸ਼ਲ ਭੱਤਾ ਦਿੱਤਾ ਜਾਵੇ ਅਤੇ ਜਾਨ ਜਾਣ ਦੀ ਸੂਰਤ ਵਿੱਚ ਵਰਕਰ ਨੂੰ 50 ਲੱਖ ਰੁਪੲੇ ਦਿਤੇ ਜਾਣ। ਤੀਜੀ ਮੰਗ ਕਿ ਵਰਕਰਾਂ ਨੂੰ ਡਿਊਟੀ ਕਰਦੇ ਸਮੇਂ ਪੀਪੀਈ ਕਿੱਟਾਂ, ਮਾਸਕ, ਸੈਨੇਟਾਈਜ਼ਰ, ਦਸਤਾਨੇ ਅਤੇ ਹੋਰ ਜਰੂਰੀ ਸਮਾਨ ਦਿੱਤਾ ਜਾਵੇ। ਡੀਟੀਐੱਫ਼ ਵੱਲੋਂ ਵਿਸ਼ੇਸ਼ ਤੌਰ ‘ਤੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਹਰ ਸਿਹਤ ਕਰਮੀ ਦਾ 50 ਲੱਖ ਰੁਪਏ ਦਾ ਬੀਮਾ ਵੀ ਕਰਵਾਵੇ।
ਇਸ ਬਿਆਨ ਨਾਲ਼ ਬਲਾਕ ਕਮੇਟੀ ਮੈਂਬਰਾਂ ਅਮਰਜੀਤ ਪੱਤੋ, ਹਰਜੀਵਨ ਸਿੰਘ, ਕਰਮਜੀਤ ਬੁਰਜ, ਹਰਪ੍ਰੀਤ ਰਾਮਾਂ, ਜਸਵੀਰ ਸੈਦੋਕੇ, ਜਸਕਰਨ ਭੁੱਲਰ, ਜੱਸੀ ਹਿੰਮਤਪੁਰਾ, ਅਮਨਪ੍ਰੀਤ ਬੌਡੇ ਨਾਲ਼ ਯਕਯਹਿਤੀ ਪ੍ਰਗਟ ਕੀਤੀ।