ਹਰਪ੍ਰੀਤ ਸਿੰਘ ਲਲਤੋਂ
ਸੱਭਿਆਚਾਰ ਦੀ ਅਗਵਾਈ ਕਰਦੀ ਦਿੱਖ ਸੀ,
ਘੱਗਰੇ ਅਤੇ ਪੰਜਾਬਣ ਦੀ ਕਦੇ ਗੱਲ ਇੱਕ ਸੀ।
ਨਾਲ ਵਕਤ ਦੇ ਬਦਲੀ ਵਕਤ ਪਾਬੰਦ ਹੋ ਗਈ,
ਪਹਿਲਾਂ ਸਿਰ ਤੇ ਹੁੰਦੀ ਸੀ,ਫਿਰ ਆਈ ਮੋਢੇ ਤੇ,
ਅੱਜ ਕੱਲ ਚੁੰਨੀ ਵਿੱਚ ਸੰਦੂਕੇ ਬੰਦ ਹੋ ਗਈ।
ਖੱਡਾ ਖੇਡਣ ਦੀ ਵਾਰ ਲਈ,ਝੁੰਡ ਕੁੜੀਆਂ ਦਾ ਨਾ ਪੁੱਗੇ,
ਤੀਆਂ ਵਾਲੀਆਂ ਥਾਵਾਂ ਤੇ,ਗਿੱਠ ਗਿੱਠ ਘਾਹ ਨੇ ਉੱਗੇ।
ਸਿੱਠਣੀਆਂ,ਘੋੜੀਆਂ,ਮਾਂ ਬੋਲੀ ਲੋੜਵੰਦ ਹੋ ਗਈ,
ਅੱਜ ਕੱਲ ਚੁੰਨੀ……..।
ਪੱਟੀ,ਝੂਮਰ,ਬਘਿਆੜੀ,ਟਿੱਕੇ ਦਾ ਕੋਈ ਦੱਸੋ ਪਤਾ ਟਿਕਾਣਾ,
ਲੋਟਣ,ਕੋਕਰੂ,ਬਾਜ਼ੂਬੰਦ,ਗੌਖੜੂਆਂ ਦਾ ਕਿੱਥੇ ਰਹਿੰਦਾ ਲਾਣਾ।
ਤੁਗਲ,ਬੁਘਤੀਆਂ,ਨਾਲ ਕਿਹੜੀ ਫੰਦ ਹੋ ਗਈ,
ਅੱਜ ਕੱਲ ਚੁੰਨੀ…….।
ਸੱਗੀ ਫੁੱਲ, ਫੁਲਕਾਰੀ ਨੂੰ ,ਦੇਖਣ ਦੇ ਲਈ ਤਰਸਗੇ ਦੀਦੇ,
ਝੁਰਮਟ ਕੁੜੀਆਂ ਕੱਤਰੀਆਂ ਦੇ,ਤ੍ਰਿਝਣੀਂ ਨਾ ਕੱਢਣ ਕਸੀਦੇ।
ਤੋੜ ਚਰਖੇ ਨਾਲ਼ੋਂ,ਨਾਤਾ ਪਾਸੇ ਤੰਦ ਹੋ ਗਈ।
ਅੱਜ ਕੱਲ ਚੁੰਨੀ …………।
ਖਾਲੀ ਮੁੜ ਜਾਣ ਵਣਜਾਰੇ,ਕੁੜੀਆਂ ਟੱਪਦੀਆਂ ਨੀ ਚੌਖਟ,
ਰੁਲ਼ਦੀਆਂ ਵੰਗਾਂ ਕੱਚ ਦੀਆ,ਕੋਈ ਕਰੇ ਨਾ ਖਰੀਦੋ ਫ਼ਰੋਖ਼ਤ।
ਲਲਤੋਂ ਸ਼ੌਂਕਣ ਮੇਲੇ ਦੀ,ਈਦ ਦਾ ਚੰਦ ਹੋ ਗਈ,
ਅੱਜ ਕੱਲ ਚੁੰਨੀ……..।