4 C
United Kingdom
Friday, March 6, 2026

More

    ਆਉ ਸੈਰ ਕਰਵਾਈਏ ਪਿੰਡ ਪਥਰਾਲੇ ਦੀ

    ਬਹਾਦਰ ਸਿੰਘ ਸੋਨੀ ਪਥਰਾਲਾ
    ਪਥਰਾਲਾ ਪਿੰਡ ਬਠਿੰਡਾ ਤੋਂ ਮੰਡੀ ਡੱਬਵਾਲੀ ਰੋਡ ਤੇ 35 ਕਿਲੋ ਮੀਟਰ ਦੀ ਦੂਰੀ ਤੇ ਨੈਸ਼ਨਲ ਹਾਈਵੇ ਰੋਡ ਤੇ ਸਥਿਤ ਇਤਿਹਾਸਕ ਪਿੰਡ ਹੈ। ਛੇ ਹਜਾਰ ਤੋਂ ਵੱਧ ਵੋਟ ਤੇ ਭਾਈਚਾਰਕ ਵਾਲਾ ਪਿੰਡ ਹੈ।

    ਗੁਰੂਆਂ ਪੀਰਾਂ ਮਹਾ ਪੁਰਸ਼ਾਂ ਤਪੱਸਵੀਆਂ ਦੀ ਧਰਤੀ ਪਿੰਡ ਪਥਰਾਲਾ
    ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਹੈ। ਗੁਰਦਵਾਰਾ ਸਾਹਿਬ ਗੌਸਾਈਆਣਾ ਪਾਤਸ਼ਾਹੀ ਦਸਵੀਂ ਤਪ ਅਸਥਾਨ ਬਾਬਾ ਜੀਵਨ ਜੀ ਬਾਬਾ ਨਿਹਾਲ ਸਿੰਘ ਜੀ ਜਿੱਥੇ ਚਾਨਣ ਪੱਖ ਦੀ ਦਸਵੀਂ ਨੂੰ ਹਰ ਮਹੀਨੇ ਜੋੜ ਮੇਲਾ ਧੂਮ ਧਾਮ ਨਾਲ ਮੇਨ ਰੋਡ ਤੇ ਗੁਰੂ ਘਰ ਵਿੱਚ ਲੱਗਦਾ ਹੈ।
    ਅੰਦਰਲਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਯਾਦਗਾਰ ਪੰਜ ਪਿਆਰੇ ਜਿੱਥੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ।
    ਪਿੰਡ ਵਿੱਚ ਇੱਕ ਪੀਰਖਾਨਾ, ਸ਼ੀਤਲਾ ਮਾਤਾ ਦਾ ਮੰਦਰ , ਬਾਬਾ ਰਾਮ ਦੇਵ ਦਾ ਮੰਦਰ , ਸਿੱਧ ਫੱਕਰ ਬਾਬਾ ਭੁੱਖੜ ਦਾਸ ਜੀ ਦਾ ਡੇਰਾ , ਬੋਹੜਾਂ ਵਾਲਾ ਡੇਰਾ , ਸਮਾਧ ਬਾਬਾ ਹਰੀ ਦਾਸ ਜੀ, ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੋ ਸਰਕਾਰੀ ਪ੍ਰਾਇਮਰੀ ਸਕੂਲ, ਬਾਬਾ ਵਧਾਵਾ ਸਿੰਘ ਜੀ ਵਿੱਦਿਆ ਕੇਂਦਰ, ਮੰਡੀ ਬੋਰਡ ਦਾ ਫੋਕਲ ਪੁਆਇੰਟ, ਬਿਜਲੀ ਸਪਲਾਈ 24 ਘੰਟੇ ਲਈ ਗਰਿੱਡ, ਪੀਣ ਵਾਲੇ ਪਾਣੀ ਲਈ ਦੋ ਵਾਟਰ ਵਰਕਸ, ਆਵਾਜਾਈ ਆਪਣੇ ਸਾਧਨਾਂ ਤੋਂ ਇਲਾਵਾ ਬੱਸ ਸਟੈਂਡ, ਰੇਲਵੇ ਸਟੇਸ਼ਨ ,ਪਿੰਡ ਵਿੱਚ ਤਿੰਨ ਬੈਂਕ ਹੈ। ਪਿੰਡ ਵਿੱਚ ਪੁਰਾਤਨ ਖੂਹ ਵੀ ਜਿਉਂ ਦਾ ਤਿਉਂ ਬਣੇ ਹੋਏ ਹਨ।

    ਦੁਖਾਂਤ:-

    ਕਿਸਾਨਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ । ਨਹਿਰੀ ਪਾਣੀ ਘਾਟ ਹੋਣ ਕਰਕੇ ਕਣਕ ਨਰਮੇ ਦੀ ਫਸਲ ਹੀ ਹੁੰਦੀ ਹੈ ।
    ਪਿੰਡ ਟੇਲਾਂ ਤੇ ਹੋਣ ਕਰਕੇ ਨਹਿਰੀ ਦੀ ਘਾਟ ਹਮੇਸ਼ਾ ਬਣੀ ਰਹਿੰਦੀ ਹੈ। ਧਰਤੀ ਹੇਠਲਾ ਪਾਣੀ ਬਹੁਤ ਜ਼ਹਿਰੀਲਾ ਹੋ ਗਿਆ । ਬਦਲਵੀ ਖੇਤੀ ਨਾ ਹੋਣ ਕਰਕੇ ਕਿਸਾਨ ਆਰਥਿਕ ਪੱਖੋਂ ਦਿਨ ਪ੍ਰਤੀ ਦਿਨ ਕਮਜੋਰ ਹੋ ਰਿਹਾ ਹੈ।ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਲਸਾੜਾ ਡਰੇਨ (ਗੰਦਾ ਨਾਲਾ) ਹੈ ਜੋ ਕਿ ਪਟਿਆਲਾ ਤੋਂ ਚੱਲ ਕੇ ਪਥਰਾਲੇ ਪਿੰਡ ਤੱਕ ਆਉਂਦਾ ਹੈ । ਗੰਦੇ ਨਾਲੇ ਨੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ।
    ਗੰਦਾ ਨਾਲੇ ਪਿੰਡ ਨਾਲੋਂ ਉੱਚਾ ਹੋਣ ਕਰਕੇ ਪਿੰਡ ਨੈਸ਼ਨਲ ਹਾਈਵੇ ਤੇ ਹੋਣ ਦੇ ਬਾਵਜੂਦ ਵੀ ਪਿੰਡ ਅੰਦਰਲੀ ਪਹਿਚਾਣ ਤੇ ਦਿੱਖ ਨੂੰ ਵੀ ਖਤਮ ਕਰ ਰੱਖਿਆ ਹੈ।
    ਨਾਲੇ ਦੇ ਵਿੱਚ ਪਿੱਛੋਂ ਪੈਂਦਾ ਮੀਂਹਾਂ ਤੇ ਸ਼ਹਿਰਾਂ ਦਾ ਸੀਵਰੇਜ ਦਾ ਗੰਦਾ ਪਾਣੀ ਕਦੋਂ ਵੀ ਪਿੰਡ ਵਿੱਚ ਆ ਸਕਦਾ ਹੈ।
    ਪ੍ਰਸ਼ਾਸਨ ਨੂੰ ਇਸ ਵੱਲ ਫੌਰੀ ਤੋਰ ਤੇ ਧਿਆਨ ਦੇਣ ਦੀ ਲੋੜ ਹੈ।

    ਘਾਟਾਂ:-

    ਪਿੰਡ ਵਿੱਚ ਉੱਚ ਵਿੱਦਿਆ ਦੀ ਬਹੁਤ ਵੱਡੀ ਘਾਟ ਹੈ। ਜਿਸ ਦੇ ਲਈ ਲੜਕੇ ਅਤੇ ਲੜਕੀਆਂ ਨੂੰ ਬਠਿੰਡਾ ਸ਼ਹਿਰ ਦੇ ਕਾਲਜਾਂ ਚ ਜਾਣਾ ਪੈਂਦਾ ਹੈ।
    ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਚ ਮੈਡੀਕਲ ਸਿਹਤ ਸਹੂਲਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਫੋਕਲ ਪੁਆਇੰਟ ਵਿੱਚ ਹਸਪਤਾਲ ਤੇ ਕਮਿਊਨਿਟੀ ਸੈਂਟਰ ਦੀ ਬਿਲਡਿੰਗ 25 ਸਾਲ ਤੋਂ ਖੜੀ ਖੰਡਰ ਬਣ ਗਈ ।
    ਜੱਚਾ ਬੱਚਾ ਦੀ ਸਾਂਭ ਸੰਭਾਲ ਸਕੈਨ ਤੇ ਲੈਬਾਰਟਰੀ ਦਾ ਕੋਈ ਪ੍ਰਬੰਧ ਨਹੀਂ ।
    ਜਿਸ ਦੇ ਲਈ ਸੰਗਤ ਮੰਡੀ,ਮੰਡੀ ਡਬਵਾਲੀ ਜਾਂ ਬਠਿੰਡਾ ਜਾਣਾ ਪੈਂਦਾ ਹੈ।
    ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਤੇ ਬੱਚਿਆਂ ਦੇ ਖੇਡਣ ਲਈ ਕੋਈ ਪਾਰਕ ਨਹੀਂ ।
    ਪਿੰਡ ਵਿੱਚ ਸੁੱਖ ਦੁੱਖ ਵੇਲੇ ਸਾਂਝੇ ਇਕੱਠ ਕਰਨ ਲਈ ਕੋਈ ਵੀ ਸਹੂਲਤ ਵਾਲੀ ਵਧੀਆ ਧਰਮਸ਼ਾਲਾ ਨਹੀਂ ।
    ਪਿੰਡ ਵਿੱਚ ਮੀਂਹ ਤੇ ਗਲੀਆਂ ਨਾਲੀਆਂ ਦਾ ਪਾਣੀ ਨਿਕਲਣ ਲਈ ਸੀਵਰੇਜ ਦਾ ਪ੍ਰਬੰਧ ਨਹੀਂ ।

    ਪ੍ਰਾਪਤੀਆਂ:-

    ਇਸੇ ਪਿੰਡ ਦੇ ਜੰਮਪਲ ਸਵ ਸ੍ਰ .ਭੁਪਿੰਦਰ ਸਿੰਘ ਸਿੱਧੂ I.A.S ਭਾਰਤ ਸਰਕਾਰ। ਡੀ.ਸੀ,ਕਮਿਸ਼ਨਰ, ਚੇਅਰਮੈਨ ਪੰਜਾਬ ਰਾਜ ਬਿਜਲੀ ਬੋਰਡ ਵੱਖ ਵੱਖ ਸੇਵਾਵਾਂ ਤੇ ਹੁੰਦੇ ਹੋਏ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਿਟਾਇਰ ਹੋਏ । ਉਹਨਾਂ ਦਾ ਹੋਣਹਾਰ ਬੇਟਾ ਸ੍ਰ. ਜੀਤਮਹਿੰਦਰ ਸਿੰਘ ਸਿੱਧੂ ਤਲਵੰਡੀ ਸਾਬੋ ਤੋਂ M.L.A ਬਣਿਆਂ। ਪਿੰਡ ਦਾ ਸ਼ਰਮਾ ਪਰਿਵਾਰ ਦਾ ਲੜਕਾ ਸਿਵਲ ਸਰਵਿਸ ਦੇ ਅਹੁਦੇ ਤੇ ਮੌਜੂਦਾ ਜੱਜ ਹੈ ।
    ਪਿੰਡ ਦੇ ਨੋਜਵਾਨ ਲੜਕੇ ਤੇ ਲੜਕੀਆਂ ਫੋਜ , ਪੰਜਾਬ ਪੁਲਿਸ , ਟੀਚਰ , ਰੋਡਵੇਜ਼ ਮਹਿਕਮੇ, ਮੈਡੀਕਲ ਤੇ ਸਿਵਲ ਦੇ ਹੋਰ ਮਹਿਕਮਿਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਕਈ ਮੁਲਾਜ਼ਮ ਸੇਵਾ ਮੁਕਤ ਹੋ ਕੇ ਨਗਰ ਦੀ ਸੇਵਾ ਕਰ ਰਹੇ ਹਨ। ਪਿੰਡ ਦੇ ਕਈ ਪਰਿਵਾਰਾਂ ਨੇ ਅਮਰੀਕਾ,ਕਨੇਡਾ ਤੇ ਹੋਰ ਮੁਲਕਾਂ ਚ ਜਾ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

    ਉਪਰਾਲਾ:-

    ਪਿੰਡ ਵਿੱਚ ਬਾਬਾ ਜਿਉਂਣ ਸਿੰਘ ਜੀ ਗੱਤਕਾ ਅਤੇ ਸੇਵਾ ਸੁਸਾਇਟੀ ਰਜਿ. ਪਥਰਾਲਾ ਤੇ ਬਾਬਾ ਜੀਵਨ ਸਿੰਘ ਜੀ ਸਪੋਰਟਸ ਕਲੱਬ ਰਜਿ. ਪਥਰਾਲਾ ਦੋ ਟੀਮਾਂ ਦੇ ਨੋਜਵਾਨ ਹਰ ਸਾਲ ਪਿੰਡ ਵਿੱਚ ਕਬੱਡੀ ਕੱਪ, ਦਸਤਾਰ ਮੁਕਾਬਲੇ, ਗੁਰਮਤਿ ਸਮਾਗਮ, ਗੱਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਬੱਚਿਆਂ ਨੂੰ ਦਸਤਾਰ ਸਿਖਲਾਈ ,ਗੱਤਕਾ ਸਿਖਲਾਈ ਦਿੱਤੀ ਜਾਂਦੀ ਹੈ।
    ਕਲੱਬ ਤੇ ਸੁਸਾਇਟੀ ਵਲੋਂ ਪੰਚਾਇਤ ਦਾ ਸਾਥ ਦੇ ਕੇ ਪਿੰਡ ਦੀ ਸਾਫ ਸਫਾਈ ਪਿੰਡ ਵਿੱਚ ਪੌਦੇ ਲਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।

    ਭਾਂਵੇ ਪਿੰਡ ਦੇ ਲੋਕ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਜੁੜੇ ਹੈ । ਪਰ ਫੇਰ ਵੀ ਇੱਕ ਜੁੱਟ ਹੋ ਕੇ ਹਰ ਸਮੇਂ ਕਿਸੇ ਵੀ ਸਮੱਸਿਆ ਜਾਂ ਕੁਦਰਤੀ ਕਰੋਪੀ ਆਉਣ ਤੇ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ। ਨਗਰ ਪਥਰਾਲਾ ਦੀ ਸੰਗਤ ।

    ਪਿੰਡ ਦੇ ਮੌਜੂਦਾ ਸਰਪੰਚ ਗੁਰਦੀਪ ਸਿੰਘ ਰਾਣਾ, ਸੇਵਾ ਸੁਸਾਇਟੀ ਪ੍ਰਧਾਨ ਭਾਈ ਬਲਦੇਵ ਸਿੰਘ (ਚੀਨਾ), ਕਲੱਬ ਪ੍ਰਧਾਨ ਸੁਖਪਾਲ ਸਿੰਘ ਪਾਲਾ ਤੇ ਹੋਰ ਪਤਵੰਤੇ ਸੱਜਣ ਪਿੰਡ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।

    ਸ਼ਾਲਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਮੇਰਾ ਸੋਹਣਾ ਪਿੰਡ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!