ਹਿਸਾਰ (ਪੰਜ ਦਰਿਆ ਬਿਊਰੋ)
ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲੋਕ ਘਰਾਂ ਵਿਚ ਕੈਦ ਹਨ। ਸਭ ਤੋਂ ਵਧ ਮੁਸ਼ਕਿਲਾਂ ਕਿਸਾਨਾਂ ਨੂੰ ਆ ਰਹੀਆਂ ਹਨ। ਉਨ੍ਹਾਂ ਨੂੰ ਫਸਲ ਵੱਢਣ ਲਈ ਮਜ਼ਦੂਰ ਨਹੀਂ ਮਿਲ ਰਹੇ ਹਨ, ਅਜਿਹੇ ‘ਚ ਕੁਝ ਕੌਮਾਂਤਰੀ ਖਿਡਾਰੀ ਆਪਣੇ ਖੇਤੀ-ਕਿਸਾਨੀ ਦੇ ਕੰਮਾਂ ਵਿਚ ਰੁੱਝ ਗਏ ਹਨ। ਇਨ੍ਹਾਂ ਵਿਚ ਮੁੱਕੇਬਾਜ਼ ਅਮਿਤ ਪੰਘਾਲ ਤੇ ਮਨੋਜ ਕੁਮਾਰ ਤੋਂ ਇਲਾਵਾ ਮਹਿਲਾ ਹਾਕੀ ਟੀਮ ਦੀ ਖਿਡਾਰੀ ਪੂਨਮ ਮਲਿਕ ਵੀ ਸ਼ਾਮਲ ਹੈ। ਹਾਲ ਹੀ ‘ਚ ਪੂਨਮ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਕਿਸੇ ਨੇ ਕਿਸਾਨਾਂ ਦਾ ਹੱਕ ਖੋਹਣ ਦਾ ਕੰਮ ਨਾ ਕਰਨਾ।

200 ਕੋਮਾਂਤਰੀ ਮੈਚਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੀ ਹਿਸਾਰ ਦੀ ਹਾਕੀ ਖਿਡਾਰਨ ਪੂਨਮ ਮਲਿਕ ਲਾਕਡਾਊਨ ਕਾਰਨ ਆਪਣੇ ਪਿੰਡ ਉਮਰਾ ਵਿਚ ਹੀ ਹੈ। ਟ੍ਰੇਨਿੰਗ ਕੈਂਪ ਵੀ ਮੁਲਤਵੀ ਹੋ ਗਏ ਹਨ। ਲਾਕਡਾਊਨ ਕਾਰਨ ਕਣਕ ਦੀ ਵਾਢੀ ਲਈ ਮਜ਼ਦੂਰ ਨਹੀਂ ਮਿਲ ਰਹੇ ਹਨ। ਅਜਿਹੇ ‘ਚ ਉਹ ਪਰਿਵਾਰ ਦੇ ਲੋਕਾਂ ਨਾਲ ਆਪਣੇ ਖੇਤਾਂ ਵਿਚ ਜਾ ਕੇ ਕਣਕ ਦੀ ਵਾਢੀ ਕਰ ਰਹੀ ਹੈ। ਉਸ ਨੇ ਪਹਿਲੀ ਵਾਰ ਕਣਕ ਦੀ ਵਾਢੀ ਕੀਤੀ ਹੈ। ਉਹ ਪਿੰਡ ਵਿਚ ਹੀ ਜੰਮੀ-ਪਲੀ ਹੈ ਪਰ ਕਣਕ ਦੀ ਵਾਢੀ ਸਮੇਂ ਉਹ ਖੇਡ ਕਾਰਨ ਜ਼ਿਆਦਾ ਸਮਾਂ ਪਿੰਡ ‘ਚੋਂ ਬਾਹਰ ਹੀ ਰਹੀ ਹੈ।