ਡਾ. ਸੁਰਜੀਤ ਸਿੰਘ ਭਦੌੜ

ਬਦਲਦੇ ਸਮੇਂ ਅਕਸਰ ਮਨੁੱਖਤਾ ਲਈ ਸਬਕ ਲੈ ਕੇ ਆਉਂਦੇ ਹਨ । ਮਨੁੱਖ ਸਮੇ ਦੇ ਅਨੁਸਾਰ ਲੋੜੀਂਦੇ ਸਾਧਨ ਤਿਆਰ ਕਰਨ ਦੀ ਕੋਸ਼ਿਸ ਵਿੱਚ ਲੱਗ ਜਾਂਦਾ ਹੈ। ਮੌਜੂਦਾ ਕੋਰੋਨਾ ਦੀ ਮਹਾਂਮਾਰੀ ਨੇ ਲੋਕਾਂ ਨੂੰ ਸੀਮਤ ਸਾਧਨਾਂ ਨਾਲ ਕੰਮ ਕਰਨ ਦੇ ਤਰੀਕਿਆਂ ਦਾ ਪਾਠ ਪੜਾਇਆ ਹੈ । ਘਰਾਂ ਵਿੱਚ ਬੰਦ ਲੋਕਾਂ ਨੂੰ ਸੰਗੀਤ ਮੀਡੀਆ ਚੰਗੇ ਬਦਲ ਵਜੋਂ ਰੂਹ ਦੀ ਖੁਰਾਕ ਪ੍ਰਦਾਨ ਕਰ ਰਿਹਾ ਹੈ । ਸੰਗੀਤ ਇੰਡਸਟਰੀ ਵਿੱਚ ਲਾਕਡਾਊਨ ਦੇ ਸਮੇਂ ਨਵੀਆਂ ਪੇਸ਼ਕਾਰੀਆਂ ਦੀ ਤਿਆਰੀ ਲਈ ਵੀ ਨਵੇਂ ਤਜਰਬਿਆਂ ਦੀ ਸ਼ੁਰੂਆਤ ਹੋਈ ਹੈ । ਪੰਜਾਬੀ ਫਿਲਮੀ ਅਤੇ ਗਾਇਕ ਕਲਾਕਾਰਾਂ ਕਰਮਜੀਤ ਅਨਮੋਲ ਅਤੇ ਨੀਰੂ ਬਾਜਵਾ ਵੱਲੋਂ ਅਰਦਾਸ ਅਤੇ ਜਿਤਾਂਗੇ ਹੌਸਲੇ ਨਾਲ ਤੋਂ ਬਾਅਦ ਸੁਰੀਲੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਨਵੇਂ ਗੀਤ ਦਿਲ ਨਹੀ ਮੰਨਦਾ ਨਾਲ ਨਵਾਂ ਤਜਰਬਾ ਕੀਤਾ ਹੈ । ਇਸ ਤਜਰਬੇ ਨਾਲ ਭੁੱਲਰ ਨੇ ਇਸ ਗੀਤ ਨੂੰ ਲਾਕਡਾਊਨ ਦੌਰਾਨ ਘਰ ਤੋਂ ਰਿਕਾਰਡ ਕੀਤਾ ਹੈ । ਬਿਨਾਂ ਕਿਸੇ ਫਿਲਮੀ ਸਾਜੋ-ਸਮਾਨ ਤੋਂ ਇਸ ਗੀਤ ਨੂੰ ਆਈ ਫੋਨ ਐਕਸ ਐਸ ਨਾਲ ਤਿਆਰ ਕੀਤੇ ਭੁੱਲਰ ਦੇ ਇਸ ਗੀਤ ਨੂੰ ਜਸ ਰਿਕਾਰਡਜ ਨੇ ਰਿਲੀਜ ਕੀਤਾ ਹੈ ।
“ ਉਸ ਕਮਲੀ ਨੂੰ ਕਿੰਝ ਸਮਝਾਵਾਂ ਮੈਂ, ਦਿਲ ਹੋਰ ਕਿਤੇ ਕਿੰਝ ਲਾਵਾਂ ਮੈਂ,ਧਰਤੀ ਦਾ ਵਾਸੀ ਹਾਂਉਹ ਤੇ ਟੁਕੜਾ ਹੈ ਚੰਨ ਦਾ, ਮੈਂ ਕਿਹਾ ਛੱਡ ਦੇ ਤੂੰ ਮੈਨੂੰ, ਕਹਿੰਦੀ ਮੇਰਾ ਦਿਲ ਨਹੀਂ ਮੰਨਦਾ ”ਗੀਤ ਦੇ ਬੋਲ ਸੱਤਾ ਸ਼ਿਵਗੜ ਨੇ ਕਲਮ ਬੱਧ ਕੀਤਾ ਹੈ ਜਦੋਂ ਕਿ ਸੰਗੀਤ ਪੰਜਾਬੀ ਕੋਪਸ ਦਾ ਹੈ । ਇਸ ਤਜਰਬੇ ਦੀ ਖਾਸੀਅਤ ਇਹ ਹੈ ਕਿ ਗੀਤ ਆਵਾਜ ਜਾਂ ਵੀਡੀਓ ਆਦਿ ਕਿਸੇ ਵੀ ਪੱਖ ਤੋਂ ਬਾਕੀ ਰਿਕਾਰਡਿੰਗਾਂ ਤੋਂ ਘੱਟ ਨਹੀਂ ਜਾਪਦਾ । ਗੁਰਨਾਮ ਭੁੱਲਰ ਦੁਆਰਾ ਘੱਟ ਸਾਧਨਾਂ ਨਾਲ ਕੀਤੇ ਤਜਰਬੇ ਨੂੰ ਜੀ ਆਇਆਂ ਕਹਿਣਾ ਬਣਦਾ ਹੈ ।
*98884-88060