ਕਾਲਾ ਸਿੰਘ ਸੈਣੀ ( ਖਰੜ)
98767-20402

ਚਿੱਠੀਆਂ ਦਾ ਸਾਡੇ ਸੱਭਿਆਚਾਰ ਨਾਲ ਪੁਰਾਣਾ ਅਤੇ ਗੂੜਾ ਰਿਸਤਾ ਰਿਹਾ ਹੈ। ਦਿਲੋਂ ਲਿਖੇ ਸ਼ਬਦਾਂ ਨਾਲ ਪਰੋਈ ਚਿੱਠੀ ਨੂੰ ਪਰਿਵਾਰ ‘ਚ ਇੱਕਠੇ ਬੈਠ ਕੇ ਪੜਿਆ ਅਤੇ ਸੁਣਿਆ ਜਾਂਦਾ ਰਿਹਾ ਹੈ। ਜਿੱਥੇ ਇਨਾਂ ਚਿੱਠੀਆਂ ਨੇ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਗੂੜਾ ਕਰਕੇ ਰੱਖਿਆ ਹੈ। ਉਸ ਦੇ ਨਾਲ ਹੀ ਆਪਸੀ ਭਾਈਚਾਰੇ ਦੇ ਪਿਆਰ ਨੂੰ ਮਜਬੂਤ ਕੀਤਾ ਹੈ। ਚਿੱਠੀ ਲੈ ਕੇ ਆਏ ਡਾਕਿਏ ਦੇ ਸਾਈਕਲ ਦੀ ਘੰਟੀ ਦੀ ਆਵਾਜ਼ ਜਦੋਂ ਚਿੱਠੀ ਵਾਲੇ ਘਰ ਦੇ ਦਰਵਾਜੇ ਅੱਗੇ ਵੱਜਦੀ ਸੀ ਤਾਂ ਗੁਆਂਢੀਆਂ ਦੇ ਦਿਲਾਂ ‘ਚ ਵੀ ਖੁਸ਼ੀ ਵਾਲੀ ਇਕ ਤਰੰਗ ਜਿਹੀ ਪੈਦਾ ਕਰ ਦਿੰਦੀ ਸੀ। ਵਿਗਿਆਨ ਦੇ ਯੁੱਗ ‘ ਚ ਪ੍ਰਵੇਸ਼ ਹੋ ਕੇ ਸਮੇਂ ਨੇ ਅਜਿਹੀ ਕਰਵਟ ਲਈ ਕਿ ਇਨਸ਼ਾਨ ਲਈ ਤਾਰ ਵਾਲੇ ਟੈਲੀਫੋਨਾਂ ਦੀ ਗਿਣਤੀ ‘ਚ ਕਈ ਗੁਣਾਂ ਵਾਧਾ ਹੋਇਆ। ਫਿਰ ਪੇਜਰ ਆ ਗਏ। ਕਾਫੀ ਸਮਾਂ ਇਨਸ਼ਾਨ ਦੀ ਪੈਂਟ ਦੀ ਜੇਬ ਨੂੰ ਪੈਜਰ ਲੱਗੇ ਰਹੇ। ਜਿਸ ‘ ਤੇ ਗੱਲ ਨਹੀਂ ਸੀ ਕੀਤੀ ਜਾਂਦੀ ਪਰ ਮੈਸੇਜ ਮਿਲ ਜਾਂਦਾ ਸੀ। ਇਹ ਦੌਰ ਵੀ ਜ਼ਿਆਦਾ ਸਮਾਂ ਨਾ ਚੱਲਿਆ। ਫਿਰ ਇਹ ਥਾਂ ਛੋਟੇ ਮੋਬਾਇਲਾਂ ਨੇ ਲੈ ਲਈ ਤਾਂ ਇਨਸ਼ਾਨ ਨੂੰ ਵਿਗਿਆਨ ਦੀ ਇਸ ਕਾਢ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਬਸ ਫਿਰ ਕਿ ਸੀ ਹੋਣ ਲੱਗ ਪਈ ਬਿਨਾਂ ਤਾਰ ਤੋਂ ਹੈਲੋਂ..ਹੈਲੋ..। ਸਮੇਂ ਦੀ ਰਫਤਾਰ ਨਾਲ ਲੋਕਾਂ ਦੀ ਇਹ ਮੰਗ ਏਨੀ ਕੁ ਵਧ ਗਈ ਕਿ ਹਰੇਕ ਘਰ ਦੀ ਲੋੜ ਬਣ ਗਿਆ ਮੋਬਾਈਲ। ਅੱਜ ਇਹ ਦੌਰ ਕਿਸ ਹੱਦ ਤੱਕ ਪਹੁੰਚ ਇਸ ਨੂੰ ਅਸੀਂ ਸਭ ਭਲੀ ਭਾਂਤ ਜਾਣਦੇ ਹਾਂ। ਬੱਚੇ ਤੋਂ ਲੈ ਕੇ ਬਜ਼ੁਰਗਾਂ ਲਈ ਟੱਚ ਵਾਲਾ ਮੋਬਾਈਲ ਸਰੀਰ ਦਾ ਇੱਕ ਅਹਿਮ ਅੰਗ ਬਣ ਗਿਆ ਹੈ। ਬੱਚਿਆਂ ਦੀ ਗੇਮ ਤੋਂ ਲੈ ਕੇ ਬੇਬੇ , ਬਾਪੂ ਫੇਸਬੁੱਕ , ਯੂਟਿਊਬ , ਵੱਅਟਸ ਐਪ , ਇੰਨਸਟਾਗ੍ਰਾਮ , ਸਨੇਪਚੈਟ ਅਤੇ ਟਿਕਟੋਕ ਦੇ ਕੰਮ ਉੱਤੇ ਲੱਗੇ ਹੋਏ ਹਨ। ਆਪਣੀ ਕਿਰਤ ਤੋਂ ਵਿਹਲਾ ਹੋਇਆ ਹਰ ਇਨਸ਼ਾਨ ਮੋਬਾਈਲ ਦੀ ਸਕਰੀਨ ‘ਤੇ ਅੰਗੂਠਾ ਮਾਰਦਾ ਹੋਇਆ ਆਪਣੇ ਆਪ ‘ ਚ ਵਿਹਲਾ ਨਹੀਂ ਹੈ। ਇਸ ‘ ਮੋਬਾਈਲ ਕਲਚਰ ‘ ਨੇ ਜਿੱਥੇ ਕਰਾਈਮ , ਬਲਾਤਕਾਰ , ਸੜਕ ਦੁਰਘਟਨਾਵਾਂ, ਚੋਰੀ ਦੀਆਂ ਵਾਰਦਾਤਾਂ ਅਤੇ ਨਸ਼ਿਆਂ ‘ ਚ ਵਾਧਾ ਕੀਤਾ ਹੈ। ਉੱਥੇ ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚਲੀਆਂ ਤੰਦਾਂ ਨੂੰ ਫਿੱਕਾ ਕਰਕੇ ਰੱਖ ਦਿੱਤਾ ਹੈ। ਆਪਸੀ ਭਾਈਚਾਰੇ ‘ ਚ ਤਰੇੜਾਂ ਪਾ ਦਿੱਤੀਆਂ ਹਨ। ਜਦੋਂ ਦਾ ਹੱਥਾਂ ‘ ਚ ਮੋਬਾਈਲ ਆਇਆ ਹੈ ਸੱਥਾਂ ਵਿੱਚਲਾ ਹਾਸਾਂ -ਠੱਠਾ ਕਿਤੇ ਖੰਭ ਲਾ ਕੇ ਉੱਡ ਗਿਆ ਹੈ। ਸਾਡੇ ਸਾਂਝੇ ਵਿਹੜਿਆਂ ਦੀ ਰੌਣਕ ਨੂੰ ਨਜ਼ਰ ਲੱਗ ਗਈ ਹੈ। ਸਾਡੇ ਪਰਿਵਾਰਕ ਰਿਸਤੇ ਗੂੰਗੇ ‘ ਤੇ ਫਿੱਕੇ ਪੈ ਗਏ ਹਨ। ਸਾਡੀ ਪ੍ਰੋਹਣਚਾਰੀ ਵਿੱਚਲਾ ਮੋਹ ਭੰਗ ਹੋ ਗਿਆ ਹੈ। ਸਾਡੀ ਮਾਂ-ਬੋਲੀ ਦੇ ਸੂੰਗੜ ਰਹੇ ਸ਼ਬਦਾਂ ਨੇ ਸਾਡੇ ਰਿਸ਼ਤਿਆਂ ਦਾਂ ਨਿੱਘ ਖੋ ਲਿਆ ਹੈ। ਬਸ ਹੁਣ ਤਾਂ ਮੋਬਾਇਲ ਰਾਹੀ ‘ ਸਤਿ ਸ੍ਰੀ ਅਕਾਲ ਜੀ ‘ ਨੂੰ ਅੰਗ੍ਰੇਜੀ ਵਿੱਚ ‘ ਐੱਸ ਐੱਸ ਜੀ ‘, ਗੁਡ ਮੋਰਨਿਗ ਨੂੰ ‘ ਜੀ ਐਮ ਜੀ ‘, ਕਿਸੇ ਦਾ ਧੰਨਵਾਦ ਮੂੰਹੋ ਕਰਨ ਦੀ ਥਾਂ ਤੇ ਸ਼ਬਦਾਂ ਨੂੰ ਪੂਰਾ ਲਿਖਣ ਦਾ ਵੀ ਸਮਾਂ ਨਹੀ ਹੈ। ਅਜੌਕੀ ਪੀੜੀ ‘ ਧੰਨਵਾਦ ਜੀ ‘, ਥਾਂ ‘ ਟੀ ਐਚ ਐਕਸ ‘, ਆਦਿ ਸ਼ਬਦ ਲਿਖਕੇ ਕੰਮ ਸਾਰਿਆਂ ਜਾਂ ਰਿਹਾ ਹੈ। ਘਰ ਦੇ ਜਿੰਨੇ ਮੈਂਬਰ ਸਭ ਕੋਲ ਮੋਬਾਈਲ ਹਨ, ਪਰ ਅਸੀਂ ਨੇੜੇ ਦੇ ਰਿਸ਼ਤਿਆਂ ਨੂੰ ਛੱਡ ਦੂਰ ਦੀ ਮਿੱਤਰਤਾ ਨੂੰ ਪਹਿਲ ਦੇਣ ਲੱਗ ਪਏ ਹਾਂ। ਜੋ ਕਿ ਸਾਡੇ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਸਭ ਤੋਂ ਭਿਆਨਕ ਤੇ ਇੱਕ ਵੱਡਾ ਦੁਖਾਂਤ ਬਣ ਗਿਆ ਹੈ, ਅਤੇ ਬਣਦਾ ਜਾ ਰਿਹਾ ਹੈ। ਲੋੜ ਸੋਚਣ ਅਤੇ ਸਮਝਣ ਦੀ ਹੈ। ਅਸੀਂ ਮੋਬਾਈਲ ਦੀ ਸਹੀ ਵਰਤੋਂ ਨਹੀਂ ਕਰ ਸਕੇ? ਜਿਸ ਦਾ ਨਤੀਜਾ ਇਹ ਹੋਇਆ ਕਿ ਮੋਬਾਈਲ ਸਾਡੀਆਂ ਪੀੜੀਆਂ ਦਾ ਦੁਸ਼ਮਣ ਬਣ ਗਿਆ ਹੈ।