ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )
ਸਮੁੰਦਰੋਂ ਪਾਰ ਰੁਜਗਾਰ ਦੀ ਭਾਲ ਚ ਹਰ ਕੋਈ ਆਉਂਦਾ ਹੈ ਪਰ ਇਸ ਦੇ ਨਾਲ ਕੁਝ ਅਜਿਹੇ ਲੋਕ ਵੀ ਹੁੰਦੇ ਨੇ ਜੋ ਆਪਣੇ ਲਈ ਨਹੀਂ ਬਲਕਿ ਆਪਣੇ ਸਮਾਜ ਆਪਣੇ ਦੇਸ਼ ਆਪਣੀ ਬੋਲੀ ਨੂੰ ਸਮਰਪਿਤ ਹੁੰਦੇ ਹਨ। ਇਹੋ ਜਿਹੇ ਇਨਸਾਨਾਂ ਚ ਕੁਝ ਵੱਖਰਾ ਕਰਕੇ ਵਿਖਾਉਣ ਦੀ ਚਾਹਤ ਹੁੰਦੀ ਹੈ। ਅੱਜ ਅਜਿਹੇ ਹੀ ਇਨਸਾਨ ਦੀ ਗੱਲ ਕਰਨ ਜਾ ਰਿਹੇ ਹਾਂ ਜੋ ਕਿ ਜਿਲ੍ਹਾ ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਦਾ ਜੰਮਪਲ ਹੈ ਜਿਸ ਦਾ ਨਾਮ ਹੈ ਕੁਲਵਿੰਦਰ ਸਿੰਘ ( ਫਰਾਂਸ ) । ਅੱਜਕੱਲ੍ਹ ਯੂਰਪ ਦੇ ਫਰਾਂਸ ਸ਼ਹਿਰ ਦਾ ਵਸਨੀਕ ਕੁਲਵਿੰਦਰ “ਅਵਾਜ ਵੈਲਫੇਅਰ ਸੁਸਾਇਟੀ” ਦਾ ਸੰਸਥਾਪਕ ਵੀ ਹੈ। ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀਆਂ ਸਿਖਿਆਵਾਂ ਤੋਂ ਉਤਸ਼ਾਹਿਤ ਹੋਏ ਕੁਲਵਿੰਦਰ ਦੇ ਵੀ ਦਿਲ ਦੀ ਇਹੋ ਹੀ ਅਵਾਜ ਹੈ ਕਿ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਦੀ ਪੜਾਈ ਉੱਚੇ ਪੱਧਰ ਦੀ ਹੋਵੇ ਤਾਂ ਜੋ ਪੱਛੜੇ ਹੋਏ ਇਲਾਕਿਆਂ ਦੇ ਬੱਚੇ ਵੀ ਉੱਚ ਸਿੱਖਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆ ਕਰਨ ਤੇ ਇਲਾਕੇ ਦੀ ਤਰੱਕੀ ਚ ਆਪਣਾ ਯੋਗਦਾਨ ਪਾ ਸਕਣ। ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਜਿਸ ਨੇ ਵਿਸੇਸ਼ਾਂ ਚ ਝੰਡੇ ਤਾਂ ਗੱਡੇ ਹੀ ਹਨ ਉਥੇ ਹੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਕਦੇ ਪੈਰ ਪਿਛਾਂ ਨਹੀਂ ਕੀਤੇ। ਹਰ ਕੰਮ ਨੂੰ ਤਨ ਦੇਹੀ ਨਾਲ ਨਿਭਾਉਣ ਵਾਲੇ ਕੁਲਵਿੰਦਰ ਨੇ ਜਿਥੇ ਮਾਂ ਬੋਲੀ ਪੰਜਾਬੀ ਨੂੰ ਵਿਦੇਸ਼ਾਂ ਚ ਮਾਣ ਦਿਵਾਇਆ ਹੈ। ਇਥੇ ਇੱਕ ਗੱਲ ਦਾ ਜਿਕਰ ਜਰੂਰ ਕਰਨਾ ਬਣਦਾ ਕਿ ਫਰਾਂਸ ਵਿੱਚ ਜੇਕਰ ਕਿਸੇ ਪੰਜਾਬੀ ਵੀਰ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਭਾਰਤ ਨੂੰ ਉਸ ਦੀ ਲਾਸ਼ ਭੇਜਣ ਲਈ ਭਾਰਤੀ ਅੰਬੈਸੀ ਤੋਂ ਪ੍ਰਮੀਸ਼ਨਾਂ ਲੈ ਕੇ ਕੁਲਵਿੰਦਰ ਸਿੰਘ ਵੀਰ ਦੀ ਸੁਸਾਇਟੀ ਦੁਆਰਾ ਅਤੇ ਗੁਰੂਦੁਆਰਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਸਦਕਾ ਪੰਜਾਬ ਤੱਕ ਲਾਸ਼ ਘਰ ਦਿਆਂ ਵਾਰਿਸਾਂ ਤੱਕ ਪਹੁੰਚਾਈ ਜਾਂਦੀ ਹੈ। ਅਵਾਜ ਵੈਲਫੇਅਰ ਸੁਸਾਇਟੀ ਵਲੋਂ ਹਰ ਸਾਲ ਪੰਜਾਬ ਚ ਹੋਣ ਵਾਲੇ ਅੰਤਰਾਸ਼ਟਰੀ ਸਲਾਨਾ ਸਮਾਗਮ ਜੋ ਕਿ ਮਾਂ ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਲਈ ਮੀਲ ਪੱਥਰ ਸਾਬਿਤ ਹੋਏ ਹਨ ਜਿਸ ਕਰਕੇ ਕੁਲਵਿੰਦਰ ਸਿੰਘ ਫਰਾਂਸ ਦੇ ਇਹੋ ਜਿਹੇ ਉਪਰਾਲਿਆਂ ਦੀ ਹਰ ਪਾਸੇ ਸਿਫਤ ਅਕਸਰ ਕੀਤੀ ਜਾਂਦੀ ਹੈ।