ਮਜ਼ਦੂਰਾਂ ਲਈ ਸਿਰਫ ਮਜ਼ਾਕ ਕਰਦੀ ਹੈ ਸਰਕਾਰ।
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ,1 ਮਈ –


ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਜ਼ਦੂਰ ਦਿਵਸ ਭਾਵੇਂ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਪਰ ਇਸ ਤੋਂ ਅਣਜਾਣ ਇਸ ਦਿਵਸ ਦੇ ਅਸਲੀ ਹੱਕਦਾਰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਖਾਤਿਰ ਇਸ ਦਿਨ ਮਿੱਟੀ ਨਾਲ ਮਿੱਟੀ ਹੋ ਰਹੇ ਹਨ ਜਿੰਨਾਂ ਨੂੰ ਇਹ ਵੀ ਨਹੀਂ ਪਤਾ ਕਿ ਮਜ਼ਦੂਰ ਦਿਵਸ ਹੈ ਕੀ ਅੱਜ ਭਾਵੇਂ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਦਾ ਖੌਫ ਹੈ ਪਰ ਇਹਨਾਂ ਮਜ਼ਦੂਰਾਂ ਨੂੰ ਤਾਂ ਹੱਡ ਭੰਨਵੀ ਮਿਹਨਤ ਕਰਕੇ ਹੀ ਦੋ ਵਕਤ ਦੀ ਰੋਟੀ ਮਿਲਦੀ ਹੈ ।
ਅਫ਼ਸੋਸ ਸਾਡੀਆਂ ਸਰਕਾਰਾਂ ਭਾਵੇਂ ਮਜ਼ਦੂਰ ਦਿਵਸ ਦੀ ਛੁੱਟੀ ਕਰਦੇ ਹਨ ਅਤੇ ਮਜ਼ਦੂਰਾਂ ਲਈ ਹਮਦਰਦੀ ਸਿਰਫ ਕਾਗਜ਼ਾਂ ਵਿੱਚ ਪਾਈ ਧੂੜ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ।ਬੇਸ਼ੱਕ ਅੱਜ ਵੱਖ ਵੱਖ ਯੂਨੀਅਨਾਂ ਸਰਕਾਰ ਤੋਂ ਆਪਣੀਆਂ ਮੰਗਾਂ ਸਬੰਧੀ ਪ੍ਰਦਰਸ਼ਨ,ਭਾਸ਼ਣ ਅਤੇ ਰੈਲੀਆਂ, ਮੀਟਿੰਗਾਂ ਕਰਦੀਆਂ ਹਨ ਇਸ ਦਿਨ ਹਰ ਸਰਕਾਰੀ ਬਾਬੂ ਛੁੱਟੀ ਦਾ ਅਨੰਦ ਮਾਣਦਾ ਹੈ ਪਰ ਜਿੰਨਾਂ ਕਰਕੇ ਛੁੱਟੀ ਹੁੰਦੀ ਹੈ ਉਹ ਲੋਕ ਇਸ ਦਿਨ ਕੰਮ ਕਰਦੇ ਆਮ ਦੇਖੇ ਜਾਂਦੇ ਹਨ ।
ਇਸ ਸਬੰਧੀ ਜਦੋਂ ਅੱਜ ਸਾਡੇ ਪੱਤਰਕਾਰ ਨੇ ਅਸਲੀਅਤ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਹਲਕਾ ਨਿਹਾਲ ਸਿੰਘ ਵਾਲਾ ਤੇ ਬਿਲਾਸਪੁਰ ਰੋਡ ਤੇ ਪੈਂਦੇ ਭੱਠਿਆਂ ਤੇ ਮਜ਼ਦੂਰੀ ਕਰਦੇ ਵਿਅਕਤੀਆਂ ਤੋਂ ਮਜ਼ਦੂਰ ਦਿਵਸ ਸਬੰਧੀ ਪੁੱਛਿਆ ਤਾਂ ਅੱਗੋਂ ਹੈਰਾਨੀ ਭਰਿਆ ਜਵਾਬ ਮਿਲ ਕਿ ਬੜਾ ਦੁੱਖ ਹੋਇਆ ਇਸ ਸਬੰਧੀ ਇੱਟਾਂ ਪੱਥਣ ਲਈ ਮਿੱਟੀ ਲਿਆ ਰਹੇ ਗੋਪਾਲ ਤੋਂ ਜਦ ਮਜ਼ਦੂਰ ਦਿਵਸ ਸਬੰਧੀ ਪੁੱਛਿਆ ਤਾਂ ਉਸਨੇ ਕਿਹਾ ਕਿਹੜਾ ਮਜ਼ਦੂਰ ਦਿਵਸ ਤੇ ਕਿਹੜੀ ਛੁੱਟੀ ਬਾਈ ਜੀ ਅਸੀਂ ਰਾਤ 12 ਵਜੇ ਤੋਂ ਲੈ ਕਿ ਦਿਨ ਦੇ 12 ਵਜੇ ਤੱਕ ਇੱਟਾਂ ਕੱਢਦੇ ਹਾਂ ਤਾਂ ਜਾ ਕੇ ਸ਼ਾਮ 710 ਰੁਪਏ ਮਿਲਦੇ ਹਨ ਇਸ ਵਿੱਚ ਉਹ ਦੋਵੇਂ ਪਤੀ-ਪਤਨੀ ਅਤੇ ਨਾਲ ਦੋ ਬੱਚੇ ਕੰਮ ਕਰਦੇ ਹਨ।
ਉਹਨਾਂ ਕਿਹਾ ਕੲੀ ਵਿਅਕਤੀ ਅੱਜ ਸਵੇਰੇ ਸਵੇਰੇ ਆਏ ਸੀ ਲਾਲ ਝੰਡੇ ਚੁੱਕੀ ਫਿਰਦੇ ਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਇਸੇ ਤਰ੍ਹਾਂ ਕੁਲਵੰਤ ਕੌਰ ਨੇ ਮੱਥੇ ਤੋਂ ਚੁੱਨੀ ਦੇ ਲੜ ਨਾਲ ਪਸੀਨਾ ਪੂੰਝਿਆ ਅਤੇ ਲਿੱਬੜੇ ਹੱਥਾਂ ਨਾਲ ਖੜੀ ਹੁੰਦਿਆਂ ਕਹਿਣ ਲੱਗੀ ਕਿ ਸਾਨੂੰ ਕਾਹਦੀ ਛੁੱਟੀ ਭਾਈ ਸਾਨੂੰ ਤਾਂ ਆਪਣਾ ਕੰਮ ਮਜਬੂਰੀ ਵੱਸ ਕਰਨਾ ਹੀ ਪੈਂਦਾ ਹੈ।ਕਿਹੜਾ ਕਿਸੇ ਨੇ ਦੇ ਜਾਣਾ ਉਹਨੇ ਕਿਹਾ ਕਿ ਇੱਕ ਤਾਂ ਪਹਿਲਾਂ ਆਹ ਕਰੋਨੈ ਨੇ ਕੰਮ ਨੀ ਕਰਨ ਦਿੱਤਾ ਤੇ ਹੁਣ ਦੇ ਸਰਕਾਰ ਨੇ ਖੁੱਲ ਦਿੱਤੀ ਹੈ ਤਾਂ ਆਹ ਹੱਥ ਜੇ ਸਾਫ ਕਰਨ ਵਾਲੀਆਂ ਸ਼ੀਸ਼ੀਆਂ ਲੈਣੀਆਂ ਪੈਂਦੀਆਂ ਮੁੱਲ ਅਸੀਂ ਤਾਂ ਹਰ ਵਕਤ ਮਿੱਟੀ ਵਿੱਚ ਹੱਥ ਰੱਖਦੇ ਆ ਸਾਡਾ ਤਾਂ ਇਹੋ ਸੈਨੇਟਾਇਜਰ ਹੈ ।
ਇਸ ਸਬੰਧੀ ਜਦੋਂ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਭਰਾਵਾਂ ਜਵਾਕ ਤਾਂ ਪੜਦੇ ਹੁੰਦੇ ਆ ਬਾਈ ਅੱਜ ਮਜ਼ਦੂਰ ਦਿਵਸ ਹੈ ਪਰ ਪਰ ਜਦੋਂ ਜਵਾਕ ਦੀਆਂ ਫੀਸਾਂ ਭਰਨੀਆਂ ਹੁੰਦੀਆਂ ਤਾਂ ਇਸ ਛੁੱਟੀ ਦਾ ਲਾਲਚ ਕਰਕੇ ਨਾਲ ਜਵਾਕਾਂ ਨੂੰ ਵੀ ਕੰਮ ਤੇ ਲੈ ਆਈਦਾ ਕਿਉਂਕਿ ਲੀਡਰ ਲੋਕ ਸਾਡੇ ਗਰੀਬਾਂ ਤੋਂ ਵੋਟਾਂ ਲੈਣ ਮੌਕੇ ਤਾਂ ਸਾਨੂੰ ਬੜੇ ਸੁਪਨੇ ਦਿਖਾਉਂਦੇ ਹਨ ਪਰ ਜਦੋਂ ਜਿੱਤ ਕਿ ਕੁਰਸੀ ਤੇ ਜਾ ਬਹਿੰਦੇ ਹਨ ਫਿਰ ਪਤੰਦਰ ਸਾਡੇ ਸੁਪਨੇ ਵਿੱਚ ਵੀ ਨਹੀਂ ਆਉਂਦੇ।ਤੇ ਅਸੀਂ ਫਿਰ ਉਹੀ ਕੰਮ ਕਾਰਾਂ ਵਿੱਚ ਗੁਆਚ ਜਾਈਦਾ ।
ਮਜ਼ਦੂਰ ਦਿਵਸ ਬਾਰੇ ਜਾਣਕਾਰੀ ਦਿੰਦਿਆ ਮਜ਼ਦੂਰ ਆਗੂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਮਜ਼ਦੂਰਾਂ ਨੇ ਆਪਣੀ ਜਾਨਾਂ ਦੇ 8 ਘੰਟੇ ਕੰਮ ਕਰਨ ਦੀ ਮੰਗ ਲਾਗੂ ਕਰਾਈ ਹੈ ਪਰ ਕੇਦਰ ਅਤੇ ਰਾਜ ਇਸ ਨੂੰ ਕਾਨੂੰਨ ਖਤਮ ਕਰਕੇ ਕੰਮ ਕਰਨ ਦੇ ਘੰਟੇ 12 ਕਰਨ ਜਾ ਰਹੀ ਹੈ ਜਿਸ ਦਾ ਮੁਲਕ ਪੱਧਰ ਵਿਦਰੋਹ ਹੋ ਰਿਹਾ ਹੈ। ਮਜ਼ਦੂਰ ਜੱਥੇਬੰਦੀ ਮੰਗ ਕਰਦੀ ਹੈ ਕਿ ਇਸ ਨੂੰ ਖਤਮ ਕਰਨ ਦੇ ਹੱਥ ਪਿੱਛੇ ਖਿੱਚੇ ਜਾਣ।ਨਹੀ ਤਾ ਜੱਥੇਬੰਦੀ ਸੰਘਰਸ਼ ਕਰੇਗੀ।