
ਕਾਬੁਲ/ਸੰਯੁਕਤ ਰਾਸ਼ਟਰ ( ਪੰਜ ਦਰਿਆ ਬਿਊਰੋ) ਕਾਬੁਲ ਵਿੱਚ ਵਾਪਰੇ ਘਟਨਾਕ੍ਰਮ ਨੇ ਹਰ ਕਿਸੇ ਦਾ ਦਿਲ ਪਸੀਜਿਆ ਹੈ। ਉੱਥੇ ਵਸਦੇ ਸਿੱਖਾਂ ਦਾ ਦਿਲ ਪੁੱਛਿਆ ਜਾਣਦਾ ਹੈ। ਗੁਰਦੁਆਰੇ ਉਤੇ ਹੋਏ ਹਮਲੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿਚ ਰਹਿਣ ਤੋਂ ‘ਅੱਕ’ ਚੁੱਕੇ ਹਨ। ਉਨ੍ਹਾਂ ਅਫ਼ਗਾਨ ਸਰਕਾਰ ਤੋਂ ਘੱਟ ਗਿਣਤੀਆਂ ‘ਤੇ ਹੋਏ ਇਸ ਹਮਲੇ ਦੀ ਜਾਂਚ ਮੰਗੀ ਹੈ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਹਥਿਆਰਾਂ ਨਾਲ ਲੈਸ ਇਸਲਾਮਿਕ ਸਟੇਟ ਦੇ ਇਕ ਫ਼ਿਦਾਇਨ ਨੇ ਅਫ਼ਗਾਨ ਰਾਜਧਾਨੀ ਦੇ ਇਸ ਗੁਰਦੁਆਰੇ ‘ਚ ਬੁੱਧਵਾਰ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ 25 ਸਿੱਖ ਮਾਰੇ ਗਏ ਸਨ ਤੇ ਅੱਠ ਹੋਰ ਫੱਟੜ ਹੋ ਗਏ ਸਨ। ਵੀਰਵਾਰ ਨੂੰ ਇਕ ਹੋਰ ਧਮਾਕਾ ਸਿੱਖ ਸ਼ਮਸ਼ਾਨਘਾਟ ਲਾਗੇ ਹੋਇਆ ਸੀ। ਇਸ ‘ਚ ਇਕ ਬੱਚਾ ਜ਼ਖ਼ਮੀ ਹੋ ਗਿਆ ਸੀ ਤੇ ਅੰਤਿਮ ਸਸਕਾਰ ਦੀਆਂ ਰਸਮਾਂ ਵਿਚ ਵਿਘਨ ਪਿਆ ਸੀ। ਮ੍ਰਿਤਕਾਂ ‘ਚੋਂ ਇਕ ਦੇ ਰਿਸ਼ਤੇਦਾਰ ਦੀਪ ਸਿੰਘ ਨੇ ਕਿਹਾ ਕਿ ‘ਸਾਡੇ 25 ਲੋਕ ਮਾਰੇ ਗਏ ਹਨ, ਅਸੀਂ ਮਾਮਲੇ ਦੀ ਜਾਂਚ ਚਾਹੁੰਦੇ ਹਾਂ।’ ਇਕ ਹੋਰ ਪੀੜਤ ਅੰਦਰ ਸਿੰਘ ਨੇ ਸਵਾਲ ਕੀਤਾ ‘ਕਿਹੜਾ ਧਾਰਮਿਕ ਗ੍ਰੰਥ ਤੁਹਾਨੂੰ ਕਿਸੇ ਮਸਜਿਦ ਜਾਂ ਧਰਮਸ਼ਾਲਾ ‘ਤੇ ਹਮਲਾ ਕਰਨ ਲਈ ਕਹਿੰਦਾ ਹੈ, ਇਹ ਕਿਹੜੇ ਧਰਮ ਵਿਚ ਸਿਖਾਇਆ ਜਾਂਦਾ ਹੈ?’ ਸਿੱਖਾਂ ‘ਤੇ ਅਫ਼ਗਾਨਿਸਤਾਨ ਵਿਚ ਕੀਤਾ ਗਿਆ ਇਹ ਸਭ ਤੋਂ ਖ਼ਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ। ਗੁਰਦੁਆਰੇ ‘ਚੋਂ ਔਰਤਾਂ ਤੇ ਬੱਚਿਆਂ ਸਣੇ 80 ਲੋਕਾਂ ਨੂੰ ਬਚਾ ਲਿਆ ਗਿਆ ਹੈ। ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਧਾਰਮਿਕ ਅਸਥਾਨਾਂ ‘ਤੇ ਹਮਲੇ ਦੁਸ਼ਮਣ ਦੀ ਕਮਜ਼ੋਰੀ ਨੂੰ ਦਰਸਾਉਂਦੇ ਹਨ। ਦੱਸਣਯੋਗ ਹੈ ਕਿ ਜੁਲਾਈ 2018 ਵਿਚ ਵੀਆਈਐੱਸਆਈਐੱਸ ਅਤਿਵਾਦੀਆਂ ਨੇ ਜਲਾਲਾਬਾਦ ਸ਼ਹਿਰ ਵਿਚ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ 19 ਮੌਤਾਂ ਹੋਈਆਂ ਸਨ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਕਾਬੁਲ ਸਥਿਤ ਗੁਰਦੁਆਰੇ ‘ਤੇ ਹਮਲੇ ਦੀ ਨਿਖੇਧੀ ਕੀਤੀ ਹੈ।