ਅਜੀਤ ਸਤਨਾਮ ਕੌਰ

ਕੁਲਵਿੰਦਰ ਦਾ ਨੰਬਰ ਵੇਖ ਮੈਂ ਕਾਹਲੀ ਨਾਲ ਫ਼ੋਨ ਚੁੱਕਿਆ, ਕਿਉਂਕੀ ਉਸ ਦੀ ਕਰਫ਼ਿਊ ‘ਤੇ ਡਿਊਟੀ ਲੱਗੀ ਸੀ। “ਕੋਰੋਨਾ ਵਾਇਰਸ” ਨੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਸਨ, ਪਰ ਕੁਝ ਇੰਜ ਦੀਆਂ ਵੀ ਮੁਸ਼ਕਿਲਾਂ ਹੋ ਸਕਦੀਆਂ ਹਨ, ਜੋ ਆਮ ਕਿਸੇ ਦੇ ਨੋਟਿਸ ਵਿੱਚ ਵੀ ਨਹੀਂ ਆਉਂਦੀਆਂ। ਮੈਨੂੰ ਵੀ ਪਹਿਲੀ ਵਾਰ ਓਦੋਂ ਹੀ ਅਹਿਸਾਸ ਹੋਇਆ, ਜਦੋਂ ਮੇਰੇ ਮਾਮੇ ਦੀ ਬੇਟੀ, ਯਾਨੀ ਮੇਰੀ ਮਮੇਰੀ ਭੈਣ ਨੂੰ ਇਸ ਮੁਸ਼ਕਿਲ ਵਿੱਚੋਂ ਗੁਜ਼ਰਨਾ ਪਿਆ। ਕੁਲਵਿੰਦਰ ਕਈ ਸਾਲਾਂ ਤੋਂ ਪੁਲੀਸ ਵਿੱਚ ਨੌਕਰੀ ਕਰ ਰਹੀ ਸੀ।
“…..ਹੈਲੋ! …..ਹੈਲੋ…..ਹਾਂ ਬੋਲ, ਸੁਣ ਰਹੀ ਹਾਂ।” ਮੈਂ ਫੋਨ ਚੁੱਕ ਉਚੀ ਸਾਰੀ ਕਿਹਾ।
“ਕਿੱਥੇ ਹੈ?” ਕੁਲਵਿੰਦਰ ਨੇ ਆਮ ਜਿਹਾ ਸਵਾਲ ਦਾਗਿਆ।
“ਤੁਸੀਂ ਪੁਲਸੀਆਂ ਨੇ ਸਾਨੂੰ ਮੁਰਗਿਆਂ ਵਾਂਗ ਡੱਕ ਰੱਖਿਐ, ਉਤੋਂ ‘ਕਰੋਨਾ’ ਨੇ ਲਹੂ ਪੀਅ ਰੱਖਿਐ।” ਮੈਂ ਵੀ ਲੋਕਾਂ ਵਾਂਗ ਚੱਲਦੇ ਸਮੇਂ ਦੀ ਤੰਗੀ ਤੋਂ ਕਾਫ਼ੀ ਪ੍ਰੇਸ਼ਾਨ ਸੀ।
“ਆਹੋ, ਤੇਰੇ ਵਾਂਗ ਸਾਰੇ ਸਮਝਦਾਰ ਹੋਣ, ਤਾਂ ਸਾਨੂੰ ਡੰਡੇ ਲੈ ਕੇ ਸੜਕਾਂ ‘ਤੇ ਪਹਿਰਾ ਨਾ ਦੇਣਾਂ ਪਵੇ।” ਗੱਲ ਤਾਂ ਸਹੀ ਸੀ ਕੁਲਵਿੰਦਰ ਦੀ।
“ਮੇਰੇ ਲਈ ਹੁਕਮ ਕਰ, ਖਾਣਾ ਬਣਾ ਕੇ ਭੇਜਾਂ?” ਮੈਂ ਕੁਝ ਲੋੜੀਂਦਾ ਫ਼ਰਜ਼ ਅਦਾ ਕੀਤਾ। ਜਦ ਵੀ ਮੇਰੇ ਆਸੇ-ਪਾਸੇ ਕੁਲਵਿੰਦਰ ਦੀ ਡਿਊਟੀ ਲੱਗਦੀ ਸੀ, ਮੈਂ ਕਈ ਵਾਰ ਡਿਊਟੀ ਦੇ ਸਟਾਫ਼ ਦਾ ਖਾਣਾ ਪੈਕ ਕਰ ਕੇ ਭੇਜ ਦਿੰਦੀ ਸੀ।
“…….ਨਹੀਂ, ਮੇਰੀ ਡਿਊਟੀ ਤੇਰੇ ਘਰ ਤੋਂ ਦੂਰ ਹੈ, ਪਰ ਦੁਪਹਿਰ ਤੋਂ ਬਾਅਦ ਮੈਂ ਤੇਰੇ ਘਰ ਦੇ ਲਾਗੇ ਆਉਣਾਂ ਹੈ। ਫੇਰ ਦੇਖਦੀ ਹਾਂ…. ਓਦੋਂ ਤੱਕ ਕੀ ਬਣੂੰ??” ਕੁਲਵਿੰਦਰ ਨੇ ਕੁਝ ਉਲਝਿਆ ਜਿਹਾ ਜਵਾਬ ਦਿੱਤਾ।
ਹੁਣ ਮੈਨੂੰ ਇੰਤਜ਼ਾਰ ਹੋ ਰਿਹਾ ਸੀ ਕਿ ਪਤਾ ਨਹੀਂ ਕਦੋਂ ਕੁਲਵਿੰਦਰ ਆ ਧਮਕੇ। ਭਾਵੇਂ ਅੱਜ-ਕੱਲ੍ਹ ਕਰਫ਼ਿਊ ਲੱਗਿਆ ਹੋਇਆ ਸੀ, ਇਸ ਲਈ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਸਾਰੇ ਸ਼ਾਂਤੀ ਨਾਲ ਘਰਾਂ ਵਿੱਚ ਬੈਠਣ, ਪਰੰਤੂ ਹੋ ਪੁੱਠਾ ਰਿਹਾ ਸੀ… ਕਿਸੇ ਨਾ ਕਿਸੇ ਜ਼ਰੀਏ ਲੋਕ ਆਪਣੀ ਬੇਰੁਜ਼ਗਾਰੀ ਦਾ, ਜਾਂ ਜ਼ਾਤ-ਕੌਮ ਦਾ ਰੋਸ ਵਿਖਾਉਣ ਤੋਂ ਬਾਜ ਨਹੀਂ ਆ ਰਹੇ ਸੀ। ਖੈਰ… ਆਹ ਸਭ ਨੂੰ ਸੁਣਨ ਲਈ ਤੁਹਾਡੇ ਕੋਲ ਬਥ੍ਹੇਰੇ ਨਿਊਜ਼ ਚੈਨਲ ਹਨ। ਮੇਰੀ ਕਲਮ ਅੱਜ ਕੁਝ ਅਣਗੌਲਿਆ ਲਿਖ ਰਹੀ ਹੈ। ਤਕਰੀਬਨ ਦੁਪਹਿਰ ਦੋ ਕੁ ਵਜੇ ਕੁਲਵਿੰਦਰ ਨੇ ਫ਼ੇਰ ਫ਼ੋਨ ਕੀਤਾ।
“ਮੈਂ ਚਾਰ ਕੁ ਮਿੰਟਾਂ ਵਿੱਚ ਤੇਰੇ ਬੂਹੇ ‘ਤੇ ਹੋਣਾ, ਤੂੰ ਬੂਹਾ ਖੋਲ੍ਹ ਬੱਸ!!!” ਕੁਲਵਿੰਦਰ ਨੇ ਇੱਕ ਟੂਕ ਵਿੱਚ ਕਿਹਾ।
“ਟਿਣਨ”… ਮੈਂ ਕੁਲਵਿੰਦਰ ਨੂੰ ਡੋਰ ਬੈੱਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ। …..ਦਰਵਾਜਾ ਖੋਲ੍ਹਿਆ।
“ਅਰੇ ਰੇ ਰੇ….ਵਾਹ….!!” ਮੇਰਾ ਵਾਕ ਪੂਰਾ ਸੁਣਨ ਦਾ ਉਸ ਕੋਲ ਸਮਾਂ ਨਹੀਂ ਸੀ। ਕੁਲਵਿੰਦਰ ਕਾਹਲੀ ਨਾਲ ਬਾਥਰੂਮ ਵੱਲ ਦੌੜੀ।
ਕੁਝ ਦੇਰ ਬਾਅਦ ਬਾਹਰ ਆਈ। ਮੈਨੂੰ ਜੱਫੀ ਪਾਈ ਅਤੇ ਟੇਬਲ ‘ਤੇ ਰੱਖਿਆ ਪਾਣੀ ਦਾ ਗਿਲਾਸ ਪੀਤਾ।
“ਇੱਕ ਕੱਪ ਚਾਹ ਬਣਾ ਲੈ, ਮੈਂ ਆਪਣੇ ਸਹਿਯੋਗੀ ਨੂੰ ਦੋ ਵਜੇ ਤੱਕ ਕੰਮ ਕਰਨ ਲਈ ਅਰਜੀ ਦੇ ਦਿੱਤੀ ਹੈ। ਮੇਰੀ ਸਿਹਤ ਠੀਕ ਨਹੀਂ ਹੈ।” ਕੁਲਵਿੰਦਰ ਨੇ ਆਪਣਾ ਕਾਰਜ-ਕ੍ਰਮ ਦੱਸਿਆ।
“ਹਾਏ!! … ਕੀ ਹੋਇਆ??? ਫ਼ੇਰ ਤੂੰ ਅੱਜ ਡਿਊਟੀ ‘ਤੇ ਕਿਊਂ ਆਈ?” ਮੈਂ ਭੈਣ-ਪੁਣਾ ਜਿਹਾ ਜਤਾਇਆ।
……ਕੁਝ ਦੇਰ ਦੀ ਚੁੱਪੀ ਤੋਂ ਬਾਅਦ ਕੁਲਵਿੰਦਰ ਬੋਲੀ, “ਹੋਇਆ ਤਾਂ ਕੁਛ ਨਹੀਂ, …..ਓਹੀ “ਹਰ ਮਹੀਨੇ” ਦਾ ਰੁਟੀਨ,…. ਭਾਵੇਂ ਅੱਜ “ਪੀਰੀਅਡ” ਨੂੰ ਸਭ ਜਾਣਦੇ ਤੇ ਸਮਝਦੇ ਹਨ ਪਰ ਫੇਰ ਵੀ ਕੁਝ “ਮਿਸਿੰਗ” ਹੈ? ਕੁਝ ਪਲਾਂ ਦੀ ਚੁੱਪੀ ਤੋਂ ਬਾਅਦ ਕੁਲਵਿੰਦਰ ਨੇ ਆਪਬੀਤੀ ਨੂੰ ਸਾਂਝਾ ਕੀਤਾ, “ਰਾਤ ਮੈਨੂੰ “ਪੀਰੀਅਡ” ਆਏ ਤਾਂ ਸਭ ਤੋਂ ਪਹਿਲਾਂ ਮੈਨੂੰ ਸਵੇਰ ਦੀ ਡਿਊਟੀ ਦਾ ਖਿਆਲ ਆਇਆ….।”
ਇੱਕ ਕੁਦਰਤੀ ਪ੍ਰਕਿਰਿਆ ਦਾ ਕਿੰਨਾ ਤਣਾਓ ਹੋ ਸਕਦਾ ਹੈ? ਮੈਨੂੰ ਇੱਕ ਛਿਣ ਵਿੱਚ ਅਹਿਸਾਸ ਹੋ ਗਿਆ, “ਪਰ ਇਹ ਤਾਂ ਹਰ ਮਹੀਨੇ ਦੀ ਹੀ ਸਮੱਸਿਆ ਹੈ, ਇਤਨੀ ਟੈਨਸ਼ਨ ਰਾਤ ਨੂੰ ਹੀ ਕਿਉਂ ਲੈਣ ਲੱਗ ਪਈ ਸੀ?” ਇੱਕ ਔਰਤ ਹੋਣ ਦੇ ਬਾਵਜੂਦ ਵੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਇਹਨਾਂ ਦਿਨਾਂ ਵਿੱਚ ਸਰੀਰ ਕੁਦਰਤੀ ਨਿਢਾਲ ਹੋ ਜਾਂਦਾ ਹੈ ਅਤੇ ਮਾਨਸਿਕ ਤਣਾਓ ਵੀ ਹਾਵੀ ਹੁੰਦਾ ਹੈ। ਸ਼ਾਇਦ ਲੰਬੇ ਸਮੇਂ ਤੱਕ ਝੱਲਣ ਕਾਰਣ ਇਤਨਾ ਧਿਆਨ ਨਹੀਂ ਦਿੱਤਾ ਜਾਂਦਾ…।
“ਜਦੋਂ ਤੋਂ ਪੁਲੀਸ ਨੌਕਰੀ ਸ਼ੁਰੂ ਕੀਤੀ ਹੈ, ਆਹ ਸਭ ਤੋਂ ਭਿਆਨਕ ਸਮਾਂ ਹੈ। ਸਾਰਾ ਕੁਝ ਬੰਦ ਹੈ। ਪਹਿਲਾਂ ਮਾਰਕੀਟ, ਮੌਲ, ਸਿਨੇਮਾ ਅਤੇ ਹੋਰ ਵੀ ਬਥੇਰਾ ਕੁਝ ਖੁੱਲ੍ਹਾ ਹੁੰਦਾ ਸੀ। ਪਰ ਅੱਜ ਕੱਲ੍ਹ ਸਭ ਸੁੰਨਮ-ਸੁੰਨਾਂ ਹੋਇਆ ਪਿਆ ਹੈ। ਮਰਦਾਂ ਦਾ ਤਾਂ “ਸਰ ਜਾਂਦਾ” ਹੈ, ਪਰ ਸਾਨੂੰ ਸਾਰਾ ਆਲਾ-ਦੁਆਲਾ ਵਿਚਾਰਨਾ ਪੈਂਦਾ ਹੈ।” ਕੁਲਵਿੰਦਰ ਦੀ ਗੱਲਬਾਤ ਵਿੱਚ ਇੱਕ ਅਜੀਬ ਜਿਹਾ ਦਰਦ ਸੀ। ਇਹ ਮਾਨਸਿਕ ਅਵੱਸਥਾ ਸ਼ਾਇਦ ਕਿਸੇ ਨੇ ਅੱਜ ਦੇ ਮਾਹੌਲ ਵਿੱਚ ਨੋਟ ਵੀ ਨਾ ਕੀਤੀ ਹੋਵੇਗੀ? …. ਮੈਂ ਵੀ ਨਹੀਂ?
“ਲੰਬੀ ਡਿਊਟੀ ‘ਤੇ ਥੋੜ੍ਹਾ ਬਹੁਤ ਖਾ ਲਿਆ ਤਾਂ ਠੀਕ ਹੈ, ਨਹੀਂ ਤਾਂ ਘਰ ਮੁੜਨ ਦੀ ਉਡੀਕ…. ਹਾਂ, ਬਹੁਤੀ ਵਾਰ ਲੋੜਵੰਦਾਂ ਨੂੰ ਵੰਡੇ ਜਾ ਰਹੇ ਲੰਗਰ ਦਾ ਹਿੱਸਾ ਵੀ ਸਾਡੇ ਹਿੱਸੇ ਆ ਜਾਂਦੈ, ਸ਼ੁਕਰ ਹੈ ਦਾਤਾ ਪੇਟ ਭਰਨ ਦਾ ਹੀਲਾ ਤਾਂ ਬਣਾ ਹੀ ਦਿੰਦਾ ਹੈ।” ਸ਼ਾਇਦ ਜਿਵੇਂ ਦੀ ਡਿਉਟੀ ਹੁੰਦੀ ਹੈ, ਉਂਜ ਦੀ ਸੋਚ ਵੀ ਬਣ ਜਾਂਦੀ ਹੈ। ਮੈਂ ਕੁਲਵਿੰਦਰ ਦੀ ਗੱਲ ਸੁਣਦਿਆਂ ਕਈ ਤਰ੍ਹਾਂ ਦੇ ਵਿਚਾਰਾਂ ਵਿੱਚ ਗੋਤੇ ਖਾ ਰਹੀ ਸੀ।
“….ਫੇਰ ਤੂੰ ਕਿਵੇਂ ਟਪਾ ਰਹੀ ਹੈਂ ਆਹ ਤਾਲਾਬੰਦੀ ਦਾ ਸਮਾਂ?” ਮੈਂ ਇਸ ਨੌਕਰੀ ਦੀਆਂ ਔਕੜਾਂ ਦਾ ਪਹਿਲੀ ਵਾਰ ਅਵਲੋਕਨ ਕੀਤਾ, ਕੁਲਵਿੰਦਰ ਦੀਆਂ ਗੱਲਾਂ ਤੋਂ।
“ਕਰਨਾ ਕੀ ਹੈ?… ਲੋੜ ਪੈਣ ‘ਤੇ ਕਿਸੇ ਦਾ ਦਰਵਾਜਾ ਖੜਕਾ ਲਈਦਾ ਹੈ, ਮੁਸ਼ਕਿਲ਼ ਤਾਂ ਓਦੋਂ ਆਉਂਦੀ ਹੈ, ਜਦੋਂ ਸਾਡੀ “ਵਰਦੀ” ਵੇਖ ਕੋਈ ਦਰਵਾਜਾ ਖੋਲ੍ਹਣ ਲਈ ਸਾਨੂੰ ਡਾਕੂਆਂ ਵਾਂਗ ਵੇਖਦਾ ਹੈ?….”ਕੋਰੋਨਾ” ਬਾਰੇ ਕਈ ਸ਼ੱਕੀ ਸੁਆਲ ਸਾਨੂੰ ਇੰਜ ਪੁੱਛੇ ਜਾਂਦੇ ਹਨ, ਜਿਵੇਂ ਲੇਡੀ ਪੁਲੀਸ ਸਿੱਧੀ ਮਰੀਜ਼ਾਂ ਕੋਲੋਂ ਹੀ ਆ ਰਹੀ ਹੈ? ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇੱਕ ਕੁਦਰਤੀ ਪ੍ਰਕਿਰਿਆ ਕਰਨ ਲਈ, ਕਈ ਸਿਰ ਫਿਰੇ ਜ਼ਾਤ ਕੌਮ ਵੀ ਵਿਚਾਰਨ ਲੱਗ ਪੈਂਦੇ ਹਨ ….ਧੰਨ ਹੈ ਤੇਰੀ ਮਾਨੁੱਖਤਾ!” ਕੁਲਵਿੰਦਰ ਨੇ ਬੜੇ ਅਜੀਬ ਜਿਹੇ ਹਾਲਾਤਾਂ ‘ਤੇ ਚਾਨਣਾ ਪਾਇਆ।
“….ਤੇਰੇ ਤੋਂ ਅੱਜ, ਤੇਰੀ ਨੌਕਰੀ ਬਾਰੇ ਨਵਾਂ ਹੀ ਸੁਣਨ ਨੂੰ ਮਿਲਿਆ….।” ਮੈਂ ਸਮਝ ਸਕਦੀ ਸੀ ਕਿ ਸਭ ਕੁਝ ਬੰਦ ਹੈ, ਫ਼ੇਰ ਵੀ ਡਿਊਟੀ ‘ਤੇ ਜਾਣਾ, ਬਹੁਤ ਹੈਰਾਨੀ ਵਾਲੀ ਸਥਿਤੀ ਸੀ।
“…ਮੁਸੀਬਤ ਤਾਂ ਆਹ ਹੈ ਕਿ “ਹੁਕਮ” ਇਤਨਾਂ “ਸਰਲ” ਹੈ ਕਿ ਘਰਾਂ ਵਿੱਚ ਰਹੋ… ਜਿਸ ਨੂੰ ਸਾਡੀ ਜਨਤਾ ਨੇ ਮੁਸ਼ਕਿਲ ਬਣਾ ਦਿੱਤਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਰੱਖਣ ਲਈ ਸਾਨੂੰ ਪਹਿਰਾ ਦੇਣਾ ਪੈ ਰਿਹਾ ਹੈ… ਹੱਦ ਹੈ।” ਕੁਲਵਿੰਦਰ ਦੀਆਂ ਬਹੁਤ ਸਧਾਰਨ ਜਿਹੀਆਂ ਗੱਲਾਂ ਸਨ, ਪਰ ਉਨ੍ਹਾਂ ਦੇ ਮਾਹਨੇ ਬਹੁਤ ਹੀ ਗੂੜ੍ਹੇ ਸੀ।
ਵਾਕਈ ਗੱਲ ਤਾਂ ਬਹੁਤ ਸੋਚਣ ਵਾਲੀ ਹੈ, ਜਦ ਬਾਹਰ ਸਭ ਕੁਝ ਬੰਦ ਹੈ, ਅਤੇ ਬੰਦੇ ਨੂੰ ਘਰ ਵਿੱਚ ਟਿਕਾਓ ਕਿਉਂ ਨਹੀਂ ਹੈ? ਭਾਵੇਂ ਅਸੀ ਕਿਸੇ ਵੀ ਨੌਕਰੀ ਵਾਸਤੇ, ਜਿਵੇਂ ਦਾ ਮਰਜ਼ੀ ਮੱਤ ਰੱਖੀਏ, ਪਰ ਔਰਤਾਂ ਬਾਰੇ ਅਣਗੌਲੀਆਂ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮੇਰੀ ਭੈਣ ਨੇ ਅੱਜ ਜੋ ਦੱਸਿਆ, ਮੈਨੂੰ ਲੱਗਿਆ ਤੁਹਾਡੀ ਜਾਣਕਾਰੀ ਵਿੱਚ ਵੀ ਹੋਣਾ ਚਾਹੀਦਾ। ਕਿਉਂਕੀ ਜਦ ਨੌਕਰੀ ਦੇਸ਼ ਦੀ ਸ਼ਾਂਤੀ ਦੇ ਲਈ ਅਤੇ ਸਾਡੀ ਭਲਾਈ ਲਈ ਹੋਵੇ, ਤਾਂ ਸਾਡਾ ਕੀ ਲੋੜੀਂਦਾ ਫ਼ਰਜ਼ ਬਣਦਾ ਹੈ????
“ਚੰਗਾ…ਹੁਣ ਮੈਂ ਚੱਲਾਂਗੀ, ਘਰ ਵਿੱਚ ਰਹੋ, ਆਪਣੀ ਅਤੇ ਆਪਣਿਆ ਦੀ ਭਲਾਈ ਲਈ।” ਕੁਲਵਿੰਦਰ ਜਾਣ ਲਈ ਖੜ੍ਹੀ ਹੋ ਗਈ। ਉਸ ਨੇ ਆਪਣੀ ਟੋਪੀ ਅਤੇ ਰੂਲ ਚੁੱਕਿਆ ਤਾਂ ਮੈਂ ਉਸ ਦੇ ਅੱਗੇ ਖਲੋ ਕੇ ਪਹਿਲੀ ਵਾਰ ਸਲੂਟ ਮਾਰੀ ਅਤੇ ਉਸ ਦੇ ਕੰਮ ‘ਤੇ ਮਾਣ ਮਹਿਸੂਸ ਕੀਤਾ…।