ਰਾਏਕੋਟ (ਰਘਵੀਰ ਸਿੰਘ ਜੱਗਾ)
ਕਰਫਿਊ ਦੌਰਾਨ ਸਵੇਰ 7 ਤੋਂ 11 ਵਜ਼ੇ ਤੱਕ ਕੀਤੇ ਗਏ ਢਿੱਲ ਦੇ ਐਲਾਨ ਤੋਂ ਬਾਅਦ ਦੁਕਾਨਦਾਰਾਂ ਵਿੱਚ ਪੈਦਾ ਹੋਈ ਸਸੋਪਜ ਦੀ ਸਥਿਤੀ ਨੂੰ ਦੇਖਦੇ ਹੋਏ ਡੀ.ਐਸ.ਪੀ ਰਾਏਕੋਟ ਸੁਖਨਾਜ਼ ਸਿੰਘ ਵਲੋਂ ਅੱਜ ਸਥਾਨਕ ਵੱਖ ਵੱਖ ਵਪਾਰਕ ਜਥੇਬੰਦੀਆਂ ਦੇ ਆਗੂਆਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਮੀਟਿੰਗ ‘ਚ ਮੌਜ਼ੂਦ ਦੁਕਾਨਦਾਰਾਂ ਅਤੇ ਯੂਨੀਅਨਾਂ ਦੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਡੀ.ਐਸ.ਪੀ ਸੁਖਨਾਜ ਸਿੰਘ ਨੇ ਕਿਹਾ ਕਿ ਬੇਸ਼ੱਕ ਸਰਕਾਰ ਵਲੋਂ ਕਰਫਿਊ ਦੌਰਾਨ ਕੁਝ ਸ਼ਰਤਾਂ ‘ਤੇ ਢਿੱਲ ਦੇਣ ਦਾ ਐਲਾਨ ਕੀਤਾ ਹੈ, ਪ੍ਰੰਤੂ ਜਦ ਤੱਕ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਰੂਰੀ ਹਦਾਇਤਾਂ ਜਾਰੀ ਨਹੀ ਕੀਤੀਆਂ ਜਾਂਦੀਆਂ ਤਦ ਤੱਕ ਪਹਿਲਾਂ ਵਾਲੀ ਸਥਿਤੀ ਹੀ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਦੁਕਾਨਾਂ ਖੋਲਣ ਸਬੰਧੀ ਜਦ ਤੱਕ ਸਿਵਲ ਪ੍ਰਸ਼ਾਸਨ ਵਲੋਂ ਨਵੀਆਂ ਹਦਾਇਤਾਂ ਜਾਰੀ ਨਾਂ ਕੀਤੀਆਂ ਜਾਣ ਤਦ ਤੱਕ ਕੋਈ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਨਾਂ ਖੋਲੇ। ਉਨ੍ਹਾਂ ਕਿਹਾ ਕਿ ਜਦ ਪ੍ਰਸ਼ਾਸਨ ਵਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਉਸ ਮੁਤਾਬਕ ਹੀ ਦੁਕਾਨਦਾਰਾਂ ਨੂੰ ਕਿਸੇ ਤਰਾਂ ਦੀ ਛੋਟ ਮਿਲ ਸਕੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਖ਼ਿਲਾਫ਼ ਇਸ ਲੜਾਈ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਏਵੰਤ ਜੈਨ ਨੇ ਪੁਲਿਸ ਪ੍ਰਸ਼ਾਸਨ ਨੂੰ ਭਰੋਸਾ ਦਵਾਇਆ ਕਿ ਸਮੂਹ ਦੁਕਾਨਦਾਰ ਪਹਿਲਾਂ ਵਾਂਗ ਹੀ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਥਾਣਾ ਮੁਖੀ ਅਮਰਜੀਤ ਸਿੰਘ ਗੋਗੀ, ਆਲ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੀਨ ਅੱਗਰਵਾਲ, ਮਨਿਆਰੀ ਯੂਨੀਅਨ ਦੇ ਪ੍ਰਧਾਨ ਯਸ਼ਪਾਲ ਜੈਨ, ਸਰਾਫ਼ਾਂ ਯੂਨੀਅਨ ਦੇ ਪ੍ਰਧਾਨ ਅਨਿਲ ਵਰਮਾਂ, ਗੁਰਚਰਨ ਸਿੰਘ, ਕੁਲਦੀਪ ਰਾਏ ਉੱਪਲ ਸਮੇਤ ਹੋਰ ਕਈ ਹਾਜ਼ਰ ਸਨ।