ਦੀਪ ਲੁਧਿਆਣਵੀ, ਲੁਧਿਆਣਾ
ਇਹਨਾਂ ਬੇਗੈਰਤ ਲੋਕਾਂ ਵਿੱਚ,
ਜਜ਼ਬਾਤਾਂ ਦੀ ਕੋਈ ਕਦਰ ਨਹੀਂ,
ਪਰ ਦੀਪ ਬਹੁਤ ਜ਼ਜ਼ਬਾਤੀ ਹੈ।
ਸਾਥ ਨਾ ਦੇਂਦੇ ਅੱਖਰ ਜੇ,
ਤਾਂ ਦੀਪ ਇਕੱਲੀ ਰਹਿ ਜਾਂਦੀ।
ਅੱਜ ਕੱਲ ਸਫਿਆਂ ਉੱਤੇ ਵਇੰਦੀ ਏ,
ਨਈਂ ਤਾਂ ਹੰਝੂ ਬਣ ਵਹਿ ਜਾਂਦੀ।

ਮੈਨੂੰ ਕਲਮ ਸਹਾਰਾ ਦੇਂਦੀ ਏ,
ਸ਼ਬਦਾਂ ਦੇ ਮੋਤੀ ਚੁਣਦੀ ਹਾਂ।
ਸੁਪਨੇਂ ਅੰਗੜਾਈਆਂ ਲੈਂਦੇ ਨੇ,
ਉਨ੍ਹਾਂ ਲਈ ਸਵੈਟਰ ਬੁਣਦੀ ਹਾਂ।
ਮੇਰੇ ਜ਼ਖਮ ਜ਼ਹਿਰੀਲੇ ਹੋਣੇ ਸਨ,
ਜੇਕਰ ਖਾਰਾਂ ਨਾਲ ਖਹਿ ਜਾਂਦੀ।
ਸਾਥ ਨਾ ਦੇਂਦੇ ਅੱਖਰ ਜੇ,
ਤਾਂ ਦੀਪ ਇਕੱਲੀ ਰਹਿ ਜਾਂਦੀ
ਕਲਮ ਤਾਂ ਰੂਹ ਦੀ ਹਾਣੀਂ ਏ,
ਏਹਨੇ ਹਰ ਇੱਕ ਰਮਜ਼ ਪਛਾਣ ਲਈ।
ਮੈਂ ਕਿੱਥੇ ਹਾਂ ਤੇ ਕਿੰਨੀ ਹਾਂ,
ਏਹਨੇ ਹਰ ਇੱਕ ਗੱਲ ਮੇਰੀ ਜਾਣ ਲਈ।
ਮੈਂ ਵਾਂਗ ਚੱਟਾਨ ਦੇ ਖੜੀ ਰਹੀ,
ਕੀ ਹੁੰਦਾ ਜੇ ਮੈਂ ਢਹਿ ਜਾਂਦੀ।
ਸਾਥ ਨਾ ਦੇਂਦੇ ਅੱਖਰ ਜੇ,
ਤਾਂ ਦੀਪ ਇਕੱਲੀ ਰਹਿ ਜਾਂਦੀ
ਮੈਂ ਜਦੋਂ ਹਨੇਰੀਆਂ ਰਾਤਾਂ ਵਿੱਚ,
ਇਕੱਲੀ ਬਹਿ ਬਹਿ ਰੋਂਦੀ ਹਾਂ।
ਮੈਨੂੰ ਖੁਦ ਨੂੰ ਪਤਾ ਏ ਲਗਦਾ ਨਈਂ,
ਕੀਹਦੇ ਤੋਂ ਕੀ ਮੈਂ ਚਾਹੁੰਦੀ ਹਾਂ।
ਕਦੇ ਤੁਰਨ ਲੱਗਾਂ ਕਦੇ ਖੜ ਜਾਵਾਂ,
ਕਦੇ ਰੋਂਦੀ ਰੋਂਦੀ ਬਹਿ ਜਾਂਦੀ।
ਸਾਥ ਨਾ ਦੇਂਦੇ ਅੱਖਰ ਜੇ,
ਤਾਂ ਦੀਪ ਇਕੱਲੀ ਰਹਿ ਜਾਂਦੀ
ਲੁਧਿਆਣੇਂ ਜਦੋਂ ਦੀਪ ਲਿਖੇ,
ਅੱਖਰਾਂ ਦੀ ਹੋ ਕੇ ਰਹਿੰਦੀ ਏ।
ਤਦੇ ਇਲਮ ਖੁਦਾਇਆ ਦੇਂਦਾ ਏ,
ਖੁਦ ਨਾ ਜਾਣੇਂ ਕੀ ਕਇੰਦੀ ਏ।
ਤੂੰ ਮੈਨੂੰ ਦਿਲ ਚ ਵਸਾਇਆ ਕਿਉਂ,
ਚੰਗਾ ਸੀ ਦਿਲੋਂ ਜੇ ਲਹਿ ਜਾਂਦੀ।
ਸਾਥ ਨਾ ਦੇਂਦੇ ਅੱਖਰ ਜੇ,
ਤਾਂ ਦੀਪ ਇਕੱਲੀ ਰਹਿ ਜਾਂਦੀ