ਜ਼ਿੰਦਗੀ ਦੀ ਭਰੀ ਹੋਈ ਮੁੱਠੀ ਵਿੱਚੋਂ ਪਲ ਪਲ, ਛਿਣ ਛਿਣ ਰੇਤ ਕਿਰ ਰਹੀ ਹੈ, ਪਹੁਤਾ ਪਾਂਧੀ ਬਣਨ ਦੀ ਕੋਸ਼ਿਸ਼ ਵਿੱਚ ਪੰਧ ਸੁੰਗੜਦਾ ਜਾਂਦਾ, ਸਾਕੀ ਦਾ ਕੀ ਪਤਾ ਕਦ ਮੁੱਕਰ ਜਾਵੇ, ਹਰ ਪਲ ਨੂੰ ਵਲ੍ਹੇਟ ਲਵੋ ਖੁਸ਼ੀ ਦੇ ਸ਼ਗੂਫਿਆਂ ਵਿੱਚ, ਰੱਖ ਲਵੋ ਉਸ ਮੋਢੇ ਤੇ ਸਿਰ, ਚੁੰਮ ਲਵੋ ਅਜ਼ਰਾਂ ਤੋਂ ਰੂਹ ਵਿੱਚ ਸਰਸਾਰ ਹੋਇਆ ਉਹ ਨੂਰੀ ਮੁੱਖ, ਕਲ ਬੀਤ ਗਿਆ, ਭਲਕ ਖੌਰੇ ਆਵੇ ਜਾ ਨਾ ਆਵੇ, ਅੱਜ ਹੀ ਜਿੰਦਗੀ ਹੈ , ਮਾਣ ਲਵੋ ਹਰ ਪਲ ਨੂੰ, ਹਰ ਛਿਣ ਨੂੰ, ਸਵਾਤੀ ਬੂੰਦ ਦੀ ਆਸ ਵਿਚ ਉਡੀਕਾ ਦੇ ਲੇਖੇ ਨਾ ਲਾ ਦਿਉ, ਗਲ ਤੁਹਾਡੀ ਇੱਛਾ ਅਤੇ ਸੰਤੁਸ਼ਟੀ ਦੀ ਹੈ, ਬਣਾ ਦਿਊ ਹਰ ਬੂੰਦ ਨੂੰ ਸਵਾਤੀ
ਉਪਰੀ ਨਜਰੇ ਬਣੀਆ ਬਣਾਈਆਂ ਮਿੱਥਾ ਦੇ ਘਸਮੈਲੇ ਸ਼ੀਸ਼ਿਆ ਦੀ ਥਾਵੇ ਨੰਗੀਆਂ ਅੱਖਾਂ ਨਾਲ ਨੀਝਾਂ ਲਾ ਲਾ ਤੱਕੋ,
ਉਤਾਰ ਦਿਉ ਸਭ ਧੁੰਦਲੀਆਂ ਪਰਤਾਂ ਜੋ ਧਰਮਾਂ, ਕਰਮਾਂ, ਜਾਤਾਂ ਪਾਤਾ, ਰੰਗਾ ਨਸਲਾ ਨੇ ਤਹਿ ਦਰ ਤਹਿ ਵਿਛਾਈਆ ਹੋਈਆਂ ਨ,ੇ ਉਹ ਜੋ ਦੂਰ ਕੁਝ ਮਟਮੈਲੇ ਤੇ ਘਸਮੈਲੇ ਜਿਹੇ ਆਕਾਰ ਤੇ ਨਿਰਾਕਾਰ ਲੁਕਣਮੀਟੀਆਂ ਖੇਡਦੇ ਨੇ, ਇੱਕਦਮ ਸੁਨਹਿਰੇ ਤੇ ਰੁਪਹਿਲੇ ਲਗਣ ਲੱਗ ਜਾਣਗੇ, ਕੁਦਰਤ ਦੇ ਪਸਾਰੇ ਤੇ ਉਡਵੀਆਂ ਨਿਗਾਹਾ ਨਾ ਫੇਰ, ਹਰ ਜਰੇ ਜਰੇ ਨੂੰ ਸਿਜਦਾ ਕਰ ਰੁੱਖਾਂ ਤੋ ਸਿੱਖ ਕੁਝ, ਕਿਵੇਂ ਦੋਸਾਂਗਾ ਤੇ ਨਿਸ਼ਾਨੇ ਲਾਕੇ ਬਹਿ ਜਾਂਦੇ ਨੇ ਸੂਰਜ ਦੀਆਂ ਪਲੇਠੀਆਂ ਕਿਰਨਾ ਨੂੰ ਸਮੇਟਣ
ਨਿੱਘੇ ਬਿਸਤਰਿਆਂ ਦੀਆਂ ਪੱਥਰ ਯੁੱਗੀ ਗੁਫਾਵਾਂ ਨੂੰ ਤਿਆਗ, ਭੱਜਕੇ ਕਿਸੇ ਖੁਲੀ ਚਰਾਂਦ ਵਿੱਚ ਘਾਹ ਤੇ ਟਪੂਸੀਆਂ ਮਾਰ, ਦੌੜਾਂ ਲਾਕੇ ਆਪਣੀ ਸ਼ਕਤੀ ਨੂੰ ਪਰਖ, ਪਸੀਨਿਆ ਨੂੰ ਆਪਣਾ ਹਾਣੀ ਬਣਾ, ਸੂਰਜ ਨਾਲ ਉਸਤੋਂ ਪਹਿਲਾਂ ਨਿਕਲਣ ਦੀਆਂ ਸ਼ਰਤਾ ਲਾ, ਰੁੱਖਾਂ ਨੂੰ ਪੁੱਛ ਅੱਜ ਸਭ ਤੋਂ ਪਹਿਲਾਂ ਕੌਣ ਆਇਆ ਉਹਨਾਂ ਨੂੰ ਸਿਜਦਾ ਕਰਨ, ਪੰਛੀਆਂ ਦੀ ਚਰਚਰਾਹਟ ਦਾ ਸੰਗੀਤ ਸਭ ਤੋਂ ਪਹਿਲਾਂ ਕਿਸਨੇ ਸੁਣਿਆ।
ਜੇ ਇਰਾਦੇ ਨੂੰ ਲਗਨ ਦੀ ਸਾਣ ਤੇ ਤਿੱਖਾ ਕਰਕੇ ਰੱਖੇਗਾਂ ਤਾਂ ਮਨ ਆਪੇ ਉਡਜੂੰ ਉਡਜੂੰ ਕਰਦਾ ਫਿਰੂ,ਕੰਕਰੀਟ ਦੇ ਜੰਗਲਾਂ ਵਿੱਚ ਛਿਪ ਨਾ, ਬਹਾਰਾ ਦੇ ਫੁੱਲਾਂ ਦੀ ਪੈੜ ਨੱਪ, ਕੀ ਹੋਇਆ ਜੇ ਪਿਲੱਤਣ ਛਾ ਗਈ ਏ, ਕੁਦਰਤ ਨਾਲ ਮੌਲੇ, ਵਿਗਸੇ, ਪੱਤਝੜ ਦੇ ਝੰਬੇ ਸੁੱਕੇ ਪੱਤਰਾ ਦੀ ਘਸਮੈਲੀ ਚਾਦਰ ਤੇ ਰੀਝਾਂ ਲਾਹ,ਰੁੱਖਾ ਦੀ ਜੀਰਾਂਦ ਵਿੱਚੋ ਅੱਖ ਮਿਚੋਲੀ ਖੇਡਦੀ ਸੂਰਜ ਦੀ ਛਿਪ ਰਹੀ ਚਾਨਣ ਦੀ ਮੁੱਠ ਨਾਲ ਅਠਖੇਲੀਆਂ ਕਰਦੀਆਂ ਹਿਰਨਾਂ ਦੀਆਂ ਚੁੰਘਾ ਭਰਦੀਆਂ ਡਾਰਾ ਨਾਲ ਦੌੜਾਂ ਲਾ, ਬਾਰਾਂ ਸਿਘਿੰਆ ਦੀਆਂ ਪੁਲਾਂਘਾਂ ਮਿਣ।
ਡਰ ਹਨੇਰਿਆਂ ਤੋਂ ਲਗਦਾ, ਰੰਗਾ ਤੋਂ ਨਹੀ, ਬਿਖੇਰ ਦੇ ਚਾਨਣ, ਤੈਨੂੰ ਪਤਾ ਹੁਣ ਰੁੱਖਾਂ ਤੇ ਫਾਹੀਆ ਕਿਊ ਪੈਣ ਲੱਗੀਆ ਨੇ, ਕਿਉਕਿ ਤੂੰ ਕਾਲਖਾਂ ਦੇ ਪਸਾਰੇ ਤੋਂ ਡਰ ਗਿਆ, ਇੱਕ ਵਾਰੀ ਉੱਠ ਕੇ ਛੱਟਾ ਦੇ ਰੌਸ਼ਨੀਆਂ ਦਾ, ਫੇਰ ਪੈਣਗੀਆਂ ਬੋਹੜ ਤੇ ਪੀਘਾਂ, ਤੂੰ ਅਣਖਾ ਦੀ ਛੈਣੀ ਤਿੱਖੀ ਕਰ, ਪੱਥਰ ਆਪੇ ਬੁੱਤ ਬਣ ਜਾਣਗੇ, ਬੁੱਤ ਦੀ ਹੋਂਦ ਤਕ ਸੀਮਤ ਨਾ ਰਹਿ, ਬੁੱਤ ਤਰਾਸ਼ ਬਣ।
ਬੰਦਾ ਰੱਬ ਦੀ ਘਾੜਤ ਹੈ, ਜਾਂ ਰੱਬ ਬੰਦੇ ਦੀ, ਬਹੁਤੇ ਵਿਵਾਦਾ ਵਿੱਚ ਨਾ ਪੈ, ਸੰਵਾਦ ਰਚਾ, ਐਂਵੇ ਚੋਲਿਆ ਚ ਨਾ ਲੱਭ, ਉਹਨੂੰ ਨਾ ਮੰਨ, ਉਹਦੀ ਮੰਨ, ਅੱਖਰਾਂ ਦੀ ਗਿਣਤੀ ਚ ਨਾ ਪੈ, ਸ਼ਬਦਾਂ ਦੀ ਗਹਿਰਾਈ ਨੂੰ ਨਾਪ, ਜਿੰਦਗੀ ਨੂੰ ਲੰਬਾ ਖਿਚੱਣ ਦੀ ਕੋਸ਼ਿਸ਼ ਨਾ ਕਰ, ਜੋ ਹੈ ਉਸਨੂੰ ਅਰਥ ਭਰਪੂਰ ਬਣਾਉਣ ਦੇ ਰਾਹੇ ਪੈ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ
ਐਂਵੇ ਬਹੁਤੀਆਂ ਆਕੜਾਂ ਦੀਆਂ ੁਪੁਸ਼ਾਕਾ ਨਾ ਲੱਭ, ਨਿਰਮਾਣਤਾ ਦੀ ਸਾਦਗੀ ਵਰਗੀ ਰੀਸ ਨਹੀਂ, ਬਹੁਤਾ ਨਾ ਫੈਲ, ਆਪਣੇ ਦਾਇਰੇ ਵਿੱਚ ਭਾਵੇ ਬਾਜੀਆਂ ਪਾ, ਬਹੁਤੀਆਂ ਵਲਗਣਾ ਟੱਪਣ ਦੀ ਲੋੜ ਨਹੀਂ, ਅਸਬਾਬ ਜਿੰਨਾ ਮਰਜੀ ਕੱਠਾ ਕਰਲਾ, ਆਖਿਰ ਨੂੰ ਸੁੱਟਣਾ ਪੈਣਾ, ਉਨਾਂ ਕੁ ਚੱਕ, ਜਿੰਨੀ ਕੁ ਹਿਮੰਤ ਆ, ਕੱਲੇ ਨੂੰ ਅਕੇਵੇ ਤੇ ਥਕੇਵੇ ਦੇ ਰੱਸੇ ਜਲਦੀ ਵਲ ਲੈਂਦੇ ਨੇ, ਕੋਈ ਰੂਹ ਦਾ ਮੇਚਾ ਲੱਭ, ਬਹੁਤੀ ਮੀਨ ਮੇਖ ਨਾ ਕੱਢ, ਸੋਲਾਂ ਕਲਾਂ ਸੰਪੂਰਨ ਕੁਝ ਨੀ ਹੁੰਦਾ, ਲੋਟੇ ਵਿਚ ਲੋੜੋ ਵੱਧ ਪਾਏਗਾ ਤਾਂ ਡੁੱਲੂ ਹੀ ਡੁੱਲੂ
ਬਹੁਤੀਆਂ ਗਿਣਤੀਆਂ ਮਿਣਤੀਆ ਵਿੱਚ ਨਾ ਪੈ, ਕਿੰਨੇ ਚਿੱਟੇ ਨੇ ਖਾਲੇ, ਕਿੰਨੇ ਕਰਜੇ ਨੇ, ਆਏਂ ਨੀ ਮੁੱਕਦੇ, ਛੋਲਿਆਂ ਦੀ ਮੁੱਠ ਖਾਕੇ ਘੋੜਿਆਂ ਦੀਆਂ ਪਿੱਠਾ ਤੇ ਘਰ ਵਸਾਉਣ ਵਾਲੇ ਸੀ ਸਾਡੇ ਵਡੇਰੇ, ਬਾਣੀ ਦੀ ਵਿਚਾਰਧਾਰਾ ਅੱਗਾਂ ਨਾਲ ਨੀ ਸੜਦੀ, ਸ਼ਹਾਦਤਾ ਤੋਂ ਨੀ ਡਰਦੇ, ਝੁਕੀਆਂ ਧੌਣਾ ਨੂੰ ਕੌਣ ਵੱਢਦਾ, ਜਿਹੜੇ ਸਿਰ ਕੱਢਦੇ ਨੇ, ਫਾਂਸੀਆਂ ਨਾਲ ਉਹਨਾ ਨੂੰ ਹੀ ਮੱਥਾ ਲਾਉਣਾ ਪੈਂਦਾ, ਕੁਝ ਵਿਕਾਊ ਭੇਡਾਂ ਨਾਲ ਕੌਮਾਂ ਨੀ ਵਿਕ ਜਾਂਦੀਆਂ,
ਅਜੇ ਤਾਂ ਬਹੁਤ ਕੁਝ ਰਿੜਕਣਾ ਬਾਕੀ ਆ, ਆਜਾਦੀ ਦਾ ਖੋਆ ਮਾਰਨ ਲਈ ਗੁਲਾਮੀ ਦੇ ਦੁੱਧ ਨੂੰ ਕੜਨਾ ਪੈਂਦਾ,
ਇੱਕ ਪਿਆਸ ਬੁਝਾਵਣ ਲਈ ਲੱਖ ਦਰਿਆਵਾ ਨੂੰ ਹੜਨਾ ਪੈਂਦਾ, ਜਿਨ੍ਹਾ ਨੇ ਤਖਤ ਹਾਸਲ ਕਰਨੇ ਹੁੰਦੇ ਨੇ ਉਹ ਤਖਤਿਆਂ ਤੋਂ ਨਹੀ ਡਰਦੇ, ਹਾਰ ਅਤੇ ਜਿੱਤ ਵਿੱਚ ਬਹੁਤਾ ਫਰਕ ਨਹੀ ਹੁੰਦਾ, ਸਫਲਤਾ ਚਲਦੇ ਰਹਿਣ ਵਿੱਚ ਹੈ, ਰੌਸ਼ਨੀ ਘਟਦੀ ਵਧਦੀ ਰਹਿੰਦੀ ਆ, ਪਰ ਦੀਵਾ ਜਗਦਾ ਰਹਿਣਾ ਚਾਹੀਦਾ
ਬੱਦਲਾਂ ਵਾਗੂੰ ਵਰਦਾ ਰਹਿ, ਦਰਿਆਵਾ ਵਾਗੂੰ ਠਿਲ ਪੈ, ਬੂੰਦ ਵਾਗੂੰ ਸਮਾ ਜਾ, ਸਾਗਰ ਵਾਗੂੰ ਸਮਾ ਲੈ, ਕਾਲੀਆ ਬੋਲੀਆ ਰਾਤਾ ਫੇਰ ਵੀ ਆਉਣਗੀਆ, ਝੱਖੜ ਤੂਫਾਨ ਤੇਰਾ ਰਸਤਾ ਫਿਰ ਵੀ ਰੋਕਣਗੇ, ਕੀ ਆਪਣੇ, ਕੀ ਬੇਗਾਨੇ, ਪਤਾਲ ਤੱਕ ਡੂੰਘੀਆਂ ਖਾਈਆਂ ਪੱਟਣਗੇ, ਤੂੰ ਜਿੰਨਾ ਮਰਜੀ ਹੇਠਾਂ ਲਹਿ ਜਾਵੇ, ਤੇਰੀਆਂ ਬਾਹਾ ਜਿੰਨੀਆ ਮਰਜੀ ਬਲਹੀਨ ਹੋ ਜਾਣ, ਭਾਵੇ ਸਭ ਰੋਸ਼ਨੀਆ ਮੁੱਕ ਜਾਵਣ, ਸਭ ਚੰਨ ਗੈਰਾਂ ਦੇ ਵਿਹੜੇ ਉੱਧਲ ਜਾਣ, ਸਭ ਸੂਰਜਾਂ ਦੀਆਂ ਆਕ੍ਰਿਤੀਆ ਅੱਖੋਂ ਉਝਲ ਹੋ ਜਾਣ,ਹਨੇਰਾਂ ਜਿੰਨਾਂ ਮਰਜੀ ਗਹਿਰਾਂ ਹੋਜੇ, ਤੂੰ ਆਸਾਂ ਦਾ ਦੀਵਾ, ਉਮੰਗਾਂ ਦੀ ਵੱਟੀ ਤੇ ਉੱਦਮ ਦਾ ਤੇਲ ਮੁੱਕਣ ਨਾ ਦੇਵੀ, ਚਾਨਣ ਆਪੇ ਤੇਰਾ ਸਿਰਨਾਵਾਂ ਲੱਭਦਾ ਆਵੇਗਾ।

ਬਿੱਟੂ ਖੰਗੂੜਾ +447877792555