ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )

ਸੁਣ ਵੇ ਰੱਬਾ, ਤੈਨੂੰ ਯਾਦ ਤਾਂ ਕਰਾਂ, ਕਿਵੇਂ ਚਿਣਦਾ ਸੋਹਣਿਆ, ਜਿਹੇ ਅਨੇਕਾਂ ਗੀਤ ਲਿਖਣ ਵਾਲੇ ਗੀਤਕਾਰ ਗੁਰਨਾਮ ਗਾਮਾ ਜੋ ਪਿਛਲੇ ਦਿਨੀਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਜਿਹਨਾਂ ਦੇ ਗੀਤਾਂ ਨੂੰ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਗਾਇਆ। ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਨੇ ਵੀ ਗੀਤਕਾਰ ਗੁਰਨਾਮ ਦੇ ਲਿਖੇ ਅਨੇਕਾਂ ਗੀਤ ਗਾਏ। ਜਿਹਨਾਂ ਸਦਕਾ ਇੰਦਰਜੀਤ ਨਿੱਕੂ ਨੂੰ ਤੇ ਗੀਤਕਾਰ ਗਾਮਾ ਨੂੰ ਉਹਨਾਂ ਦੇ ਚਾਹੁਣ ਵਾਲਿਆਂ ਨੇ ਬੇਹੱਦ ਪਿਆਰ ਦਿੱਤਾ। ਗੀਤਕਾਰ ਗੁਰਨਾਮ ਗਾਮਾ ਦੀ ਯਾਦ ਨੂੰ ਸਮਰਪਿਤ ਉਨਾਂ ਨੂੰ ਨਿੱਘੀ ਸ਼ਰਧਾਂਜਲੀ ਦੇ ਰੂਪ ਚ ਇੰਦਰਜੀਤ ਨਿੱਕੂ ਵਲੋਂ ਗੁਰਨਾਮ ਗਾਮਾ ਦੇ ਚਾਹੁੰਣ ਵਾਲਿਆਂ ਲਈ ਨਵਾਂ ਗੀਤ “ਸੱਚ ਜਿਹਾ ਨਹੀਂ ਆਉਂਦਾ ” ਬਹੁਤ ਜਲਦ ਰਿਲੀਜ਼ ਕੀਤਾ ਜਾ ਰਿਹਾ। ਜਿਸ ਨੂੰ ਗੁਰਨਾਮ ਗਾਮਾ ਦੇ ਹੀ ਸਭ ਤੋਂ ਨੇੜੇ ਰਹਿਣ ਵਾਲੇ ਆਪਣੇ ਸ਼ਗਿਰਦ ਗੀਤਕਾਰ ਗੱਗੂ ਧੂੜਕੋਟ ਨੇ ਲਿਖਿਆ ਹੈ । ਜਿਕਰਯੋਗ ਹੈ ਕਿ ਗੱਗੂ ਧੂੜਕੋਟ ਨੇ ਗੁਰਨਾਮ ਗਾਮਾ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਉਨਾਂ ਦੇ ਇਲਾਜ ਲਈ ਵੀ ਆਪਣੇ ਵਲੋਂ ਵਡਮੁੱਲਾ ਯੋਗਦਾਨ ਪਾਇਆ। ਗੀਤਕਾਰ ਗੁਰਨਾਮ ਗਾਮਾ ਜੋ ਆਪਣੇ ਲਿਖੇ ਗੀਤਾਂ ਨਾਲ ਆਪਣੇ ਚਾਹੁੰਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾਂ ਜਿਉਂਦੇ ਰਹਿਣਗੇ। ਉਸ ਲਾਜਵਾਬ ਕਲਮ ਦੀਆਂ ਲਿਖੀਆਂ ਸਤਰਾਂ ਜੋ ਕਿ ਇਸ ਗੀਤ ਦੇ ਪੋਸਟਰ ਤੇ ਵੀ ਵਿਸ਼ੇਸ਼ ਤੌਰ ਲਿਖੀਆਂ ਗਈਆਂ ਨੇ-
ਮੋਏ ਹੋਏ ਪੁੱਤਰਾਂ ਦੇ ਘਰਾਂ ਵਾਲਿਓ,
ਸਬਰ ਕਰੋ ਓਏ ਗੱਲ ਦਿਲ ਤੇ ਨਾ ਲਾ ਲਿਓ,
ਜਾਣਦਾ ਹਾਂ ਨਾ ਭੁੱਲੇ ਕਦੇ ਸਿਵੇ ਦੀ ਅੱਗ ਸੇਕੀ,
ਚੇਤੇ ਆਵੇ ਜਦੋਂ ਪੁੱਤ ਤਾਂ ਕਲੇਜਾ ਕੱਢ ਲੈਂਦਾ !
ਕਰੀਏ ਕੀ ਆਪਾਂ ਉਸ ਡਾਢੇ ਦੀ ਆ ਖੇਤੀ,
ਕਦੇ ਕੱਚੀ ਵੱਢ ਲੈਂਦਾ ਕਦੇ ਪੱਕੀ ਵੱਢ ਲੈਂਦਾ।
(ਗੁਰਨਾਮ ਗਾਮਾ)
ਸੱਚ ਜਿਹਾ ਨਹੀਂ ਆਉੰਦਾ ਗੀਤ ਨੂੰ ਉੱਘੇ ਸੰਗੀਤਕਾਰ ਅਮਦਾਦ ਅਲੀ ਵਲੋਂ ਸੰਗੀਤ ਦਿੱਤਾ ਗਿਆ ਹੈ। ਦੇਸੀ ਬੰਦੇ ਵੀਡੀਓਜ ਵਲੋਂ ਇਸ ਗੀਤ ਦਾ ਵੀਡੀਓ ਬੜੇ ਹੀ ਸੁਚੱਜੇ ਢੰਗ ਨਾ ਤਿਆਰ ਕੀਤਾ ਗਿਆ ਹੈ। ਇੰਦਰਜੀਤ ਨਿੱਕੂ ਅਤੇ ਹੈਪੀ ਮਨੀਲਾ ਦੀ ਪੈਸ਼ਕਸ਼ ਰਮਨ ਪ੍ਰੋਡਕਸ਼ਨ ਦੁਆਰਾ ਧੰਨਵਾਦ ਸਹਿਤ ਸ਼ਹਿਬਾਜ, ਬਾਲਮ ਅਤੇ ਹਰਬੰਸ ਸਿੰਘ ਦੇ ਵਿਸ਼ੇਸ਼ ਸਹਿਯੋਗ ਸਦਕਾ ਰਿਲੀਜ਼ ਕੀਤਾ ਜਾ ਰਿਹਾ ਇਹ ਗੀਤ ਜਿਸ ਦਾ ਪ੍ਰਜੈਕਟ ਜਸਕਰਨ ਸਿੰਘ ਅਤੇ ਨਵਨੀਤ ਸ਼ਰਮਾ ਵਲੋਂ ਕੀਤਾ ਗਿਆ ਹੈ। ਗੀਤਕਾਰ ਗਾਮਾ ਨੂੰ ਸਮਰਪਿਤ ਇਸ ਗੀਤ ਨੂੰ ਗਾਇਕ ਇੰਦਰਜੀਤ ਨਿੱਕੂ ਵਲੋਂ ਸ਼ਰਧਾਂਜਲੀ ਦੇ ਦੇ ਰੂਪ ਵਿੱਚ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ।