
ਗੁਰਮੇਲ ਕੌਰ ਸੰਘਾ (ਥਿੰਦ),ਲੰਡਨ।
ਚੜ੍ਹਦੀ ਕਲਾ
ਇਹ ਜ਼ਿੰਦਗੀ ਚੱਲਦੀ ਆਸਾਂ ਤੇ,
ਕਦੇ ਮਰਨ ਦੇਵੀਂ ਨਾ ਆਸਾਂ ਨੂੰ।
ਜੋ ਕਰਨ ਮੁਸ਼ੱਕਤ, ਜਿੱਤ ਜਾਂਦੇ,
ਰੱਖ ਚੜ੍ਹਦੀ ਕਲਾ’ਚ ਅਰਦਾਸਾਂ ਨੂੰ।
ਉੱਦਮੀ ਕਿਸਮਤ ਤੇ ਰੋਂਦੇ ਨਹੀਂ,
ਸੁਪਨੇ ਲੱਭਦੇ, ਪਰ ਸੌਂਦੇ ਨਹੀਂ।
ਸੂਰਜ ਤੋਂ ਕਿਰਨਾਂ ਕਰ ’ਕੱਠੀਆਂ,
ਨਾ ਦੇਵੀਂ ਮਰਨ ਪਿਆਸਾਂ ਨੂੰ।
ਰੱਖ ਸਬਰ ਤੇ ਜ਼ਿੰਦਗੀ ਜੀ ਸੱਜਣਾ,
ਫੱਟ ਕਿਸਮਤ ਵਾਲ਼ੇ ਸੀਅ ਸੱਜਣਾ।
ਰੱਖ ਜਜ਼ਬਾ ਦਿਲ’ਚ ਰਵਾਨੀ ਦਾ,
ਰੱਬ ਚੱਲਦਾ ਰੱਖੇ ਸਵਾਸਾਂ ਨੂੰ।
ਰੱਖੀਂ ਕਲਮਾਂ ਘੜਕੇ ਮੇਰੇ ਲਈ,
ਲਿਖੂੰ ਗੀਤ ਪਿਆਰ ਦੇ ਤੇਰੇ ਲਈ।
ਸਦਾ ਜਿੱਤ ਦੇ ਨਗ਼ਮੇ ਘੜਨ ਲਈ,
ਜੱਗ ਤਰਸੇ ‘ਸੰਘਾ’ ਤਰਾਸ਼ਾਂ ਨੂੰ।