ਕਾਲਾਂਵਾਲੀ/ਸਿਰਸਾ (ਰੇਸ਼ਮ ਸਿੰਘ ਦਾਦੂ) ਹਰਿਆਣਾ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਆਪਣੇ ਹਲਕੇ ਵਿੱਚ ਜਨਤਕ ਸਹੂਲਤਾਂ ਵਧਾਉਣ ਦੀ ਜ਼ੋਰਦਾਰ ਮੰਗ ਕੀਤੀ। ਵਿਧਾਇਕ ਕੇਹਰਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਸਬ-ਡਵੀਜ਼ਨ ਦੀ ਇਮਾਰਤ ਪਿਛਲੇ 10 ਸਾਲਾਂ ਤੋਂ ਲਟਕ ਰਹੀ ਹੈ। ਸੂਬਾ ਸਰਕਾਰ ਨੂੰ ਜਲਦੀ ਹੀ ਜ਼ਮੀਨ ਐਕੁਆਇਰ ਕਰਕੇ ਇਮਾਰਤ ਦੀ ਉਸਾਰੀ ਕਰਨੀ ਚਾਹੀਦੀ ਹੈ ਤਾਂ ਜੋ ਆਮ ਆਦਮੀ ਨੂੰ ਆਪਣੇ ਪ੍ਰਸ਼ਾਸਨਿਕ ਕੰਮਾਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਰਹੱਦੀ ਇਲਾਕਾ ਹੈ ਜਿੱਥੇ ਨਸ਼ੇ ਦੀ ਭਰਮਾਰ ਹੈ। ਇਸ ਨੂੰ ਖਤਮ ਕਰਨ ਲਈ ਲੋੜ ਹੈ ਕਿ ਖੇਡ ਸਟੇਡੀਅਮ ਦੀ ਉਸਾਰੀ ਦੇ ਨਾਲ-ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਿੰਮ ਸਥਾਪਿਤ ਕੀਤੇ ਜਾਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਹੋਰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਵਿਧਾਇਕ ਕੇਹਰਵਾਲਾ ਨੇ ਵਿਧਾਨ ਸਭਾ ਵਿੱਚ ਕਾਲਾਂਵਾਲੀ ਸ਼ਹਿਰ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਪਰੋਕਤ ਸਮੱਸਿਆਵਾਂ ਨੂੰ ਦੂਰ ਕਰਕੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾਵੇ ਤਾਂ ਜੋ ਆਵਾਜਾਈ ਦੀ ਸਥਿਤੀ ਸੁਚਾਰੂ ਹੋ ਸਕੇ |