ਬਠਿੰਡਾ-ਅਸ਼ੋਕ ਵਰਮਾ-ਬਠਿੰਡਾ ਪੁਲਿਸ ਵੱਲੋਂ ਸਟਰੀਟ ਕ੍ਰਾਈਮ ਦੀ ਰੋਕਥਾਮ ਸਬੰਧੀ ਕੀਤੀ ਮੀਟਿੰਗ ਦੌਰਾਨ ਬਹੁਤੇ ਲੋਕਾਂ ਨੇ ਪੁਲੀਸ ਦੇ ਪੋਤੜੇ ਫਰੋਲ ਦਿੱਤੇ। ਡੀਆਈਜੀ ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਅਮਨੀਤ ਕੌਂਡਲ ਦੀ ਹਾਜ਼ਰੀ ’ਚ ਲੋਕਾਂ ਨੇ ਪੁਲਿਸ ਨੂੰ ਚੰਗੇ ਰਗੜੇ ਲਾਏ । ਇਕੱਲੇ ਸ਼ਹਿਰੀਆਂ ਨੇ ਹੀ ਪੁਲਿਸ ਖਿਲਾਫ ਭੜਾਸ ਨਹੀਂ ਕੱਢੀ ਬਲਕਿ ਅਧਿਕਾਰੀਆਂ ਨੇ ਵੀ ਲੋਕਾਂ ਨੂੰ ਫਰਜ਼ਾਂ ਬਾਰੇ ਸ਼ੀਸ਼ਾ ਦਿਖਾਇਆ। ਇਸ ਮੌਕੇ ਸ਼ਹਿਰ ਵਿਚਲੀ ਟਰੈਫਿਕ ਦਾ ਮੁੱਦਾ ਵੀ ਉੱਠਿਆ ਅਤੇ ਗੰਦਗੀ ਦੀ ਸਮੱਸਿਆ ਵੀ ਉੱਠੀ। ਇਸ ਮੌਕੇ ਲੋਕਾਂ ਨੇ ਕਿਹਾ ਕਿ ਕੋਈ ਦਿਨ ਵੀ ਅਜਿਹਾ ਨਹੀਂ ਲੰਘਦਾ ਜਦੋਂ ਕੋਈ ਵਾਰਦਾਤ ਨਾਂ ਹੋਈ ਹੋਵੇ। ਉਨ੍ਹਾਂ ਕਿਹਾ ਕਿ ਦੇਰ ਸ਼ਾਮ ਨੂੰ ਤਾਂ ਸ਼ਰਾਰਤੀ ਅਨਸਰਾਂ ਵੱਲੋਂ ਖੁੱਲ੍ਹੇਆਮ ਸ਼ਰਾਬ ਪੀਣ ਅਤੇ ਹੁੱਲੜ੍ਹਬਾਜੀ ਕਰਨ ਕਾਰਨ ਆਮ ਲੋਕਾਂ ਨੂੰ ਲੰਘਣਾ ਮੁਹਾਲ ਹੋ ਜਾਂਦਾ ਹੈ।
ਬਠਿੰਡਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਵਾਸਤੇ ਸੋਮਵਾਰ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਦਾਦੀ ਪੋਤੀ ਪਾਰਕ ਵਿੱਚ ਮੀਟਿੰਗ ਕੀਤੀ ਗਈ ਜੋ ਕਿ ਦੇਰ ਸ਼ਾਮ ਤੱਕ ਚੱਲੀ । ਅਧਿਕਾਰੀਆਂ ਕੋਲ ਫਰਿਆਦ ਕਰਨ ਵਾਲਿਆਂ ਨੇ ਪੁਲਿਸ ਖ਼ਿਲਾਫ਼ ਖਰੀਆਂ ਖਰੀਆਂ ਸੁਣਾਈਆਂ ਅਤੇ ਕਿਹਾ ਕਿ ਵਾਰਦਾਤ ਹੋਣ ਪਿੱਛੋਂ ਜਦੋਂ ਲੋਕ ਥਾਣੇ ਜਾਂਦੇ ਹਨ ਤਾਂ ਪੁਲਿਸ ਐਫਆਈਆਰ ਤੱਕ ਦਰਜ ਨਹੀਂ ਕਰਦੀ ਹੈ। ਮਾਡਲ ਟਾਊਨ ਫੇਜ਼ ਤਿੰਨ ਵਾਸੀ ਰਜਿੰਦਰਪਾਲ ਸ਼ਰਮਾ ਨੇ ਕਿਹਾ ਕਿ ਅਪਰਾਧੀਆਂ ਵੱਲੋਂ ਝਪਟਮਾਰ ਕੇ ਕੀਮਤੀ ਵਸਤਾਂ ਖੋਹਣਾ ਵੱਡੀ ਸਮੱਸਿਆ ਹੈ। ਨਸ਼ੇੜੀ ਕਿਸਮ ਦੇ ਨੌਜਵਾਨ ਅਜਿਹੀਆਂ ਵਾਰਦਾਤਾਂ ਕਰਦੇ ਹਨ ਜਿੰਨ੍ਹਾਂ ਨੂੰ ਫੜ੍ਹਨ ਤੋਂ ਬਾਅਦ ਕਈ ਵਾਰ ਪੁਲਿਸ ਹਵਾਲੇ ਕੀਤਾ ਗਿਆ ਪਰ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਸੰਦੀਪ ਗਰਗ ਨਾਮੀ ਵਿਅਕਤੀ ਨੇ ਦੱਸਿਆ ਕਿ ਪੁਲਿਸ ਚੋਰੀ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰਨ ਤੋਂ ਆਨਾਕਾਨੀ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਚੋਰੀ ਹੋਏ ਸਾਈਕਲ ਦੀ ਪੁਲਿਸ ਨੇ ਸ਼ਕਾਇਤ ਤਾਂ ਲੈ ਲਈ ਪਰ ਐਫਆਈਆਰ ਦਰਜ ਨਹੀਂ ਕੀਤੀ। ਇਸ ਘਰ ਚੋਂ ਏਸੀ ਦੀਆਂ ਪਾਈਪਾਂ ਚੋਰੀ ਹੋ ਗਈਆਂ ਜਿਸ ਦਾ ਵੀ ਕੋਈ ਥਹੁ ਪਤਾ ਨਹੀਂ ਲੱਗਿਆ ਹੈ। ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਪੂਰੇ ਸ਼ਹਿਰ ਦੀ ਸਥਿਤੀ ਬਦ ਤੋਂ ਬਦਤਰ ਬਣੀ ਹੋਈ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਕਿ ਭੱਟੀ ਰੋਡ ਤੇ ਪੁਰਾਣੇ ਪ੍ਰੈਗਮਾ ਹਸਪਤਾਲ ਦੇ ਪਿੱਛੇ ਬਣਿਆ ਪਾਰਕ ਇਸ ਪਾਸੇ ਵੱਸਦੇ ਲੋਕਾਂ ਦੇ ਸੈਰ ਕਰਨ ਜਾਂ ਫਿਰ ਬੈਠਣ ਲਈ ਬਣਾਇਆ ਸੀ ਜੋ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਅਤੇ ਇਹ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰਫ ਪੁਲਿਸ ਦੀ ਪਿਕਟ ਵੀ ਬਣੀ ਹੋਈ ਹੈ ਜਿਸ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਹੈ।
ਭਾਗੂ ਰੋਡ ਨਿਵਾਸੀ ਮਹਿਲਾ ਬਲਬੀਰ ਕੌਰ ਨੇ ਅਫਸਰਾਂ ਨੂੰ ਦੱਸਿਆ ਕਿ ਉਸ ਦੇ ਲੜਕੇ ਦਾ 31 ਅਕਤੂਬਰ ਨੂੰ ਪੜੋਸ ’ਚ ਰਹਿਣ ਵਾਲੇ ਵਿਅਕਤੀ ਨਾਲ ਝਗੜਾ ਹੋਇਆ ਸੀ ਜਿਸ ਦੌਰਾਨ ਉਸ ਦੇ ਪੁੱਤਰ ਦੇ ਨੱਕ ਦੀ ਹੱਡੀ ਪੰਜ ਥਾਵਾਂ ਤੋਂ ਤੋੜ ਦਿੱਤੀ ਗਈ ਅਤੇ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਅਸ਼ੋਕ ਕੁਮਾਰ ਨੇ ਕਿਹਾ ਕਿ ਹਾਲਾਤ ਐਨੇ ਜਿਆਦਾ ਖਰਾਬ ਹਨ ਕਿ ਔਰਤਾਂ ਦਾ ਪਾਰਕ ’ਚ ਆਉਣ ਤਾਂ ਦੂਰ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਮੋਬਾਇਲ ਖੋਹੇ ਗਏ ਅਤੇ ਕੁੱਝ ਦਿਨ ਪਹਿਲਾਂ ਪ੍ਰੀਤ ਨਗਰ ਕੋਲ ਲਿਫਟ ਲੈਣ ਬਹਾਨੇ ਇੱਕ ਨੌਜਵਾਨ ਦਾ ਮੋਟਰਸਾਈਕਲ ਦੋ ਮੁੰਡਿਆਂ ਨੇ ਖੋਹ ਲਿਆ ਸੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਾਰਦਾਤਾਂ ਸਬੰਧੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਆਪਣੇ ਫਰਜ਼ ਪਛਾਨਣ ਲੋਕ:ਡੀਆਈਜੀ
ਇਸ ਮੌਕੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਮੀਟਿੰਗ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ । ਉਨ੍ਹਾਂ ਹਰ ਵਾਰਦਾਤ ਸਬੰਧੀ ਪੁਲਿਸ ਕੇਸ ਦਰਜ ਕਰਨ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਜੇਕਰ ਥਾਣਾ ਪੱਧਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਐਸਐਸਪੀ ਜਾਂ ਫਿਰ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਬੱਚਿਆਂ ਨੂੰ ਇਸ ਦਲਦਲ ਚੋਂ ਬਾਹਰ ਕੱਢਣ ਲਈ ਕੈਂਪ ਲਾਏ ਜਾਣਗੇ। ਉਨ੍ਹਾਂ ਨਸ਼ਿਆਂ ਦੇ ਖਾਤਮੇ ਲਈ ਸਾਂਝੇ ਯਤਨਾਂ ਦੀ ਲੋੜ ਤੇ ਵੀ ਜੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ ਫਰਜ਼ ਪਛਾਨਣ ਦੀ ਨਸੀਹਤ ਵੀ ਦਿੱਤੀ।
ਪੁਲਿਸ ਜੁਰਮਾਂ ਖਿਲਾਫ ਵਚਨਬੱਧ
ਐਸਐਸਪੀ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੁਲਿਸ ਹਰ ਸ਼ਕਾਇਤ ਦਾ ਗੰਭੀਰਤਾ ਨਾਲ ਨਿਪਟਾਰਾ ਕਰੇਗੀ। ਉਨ੍ਹਾਂ ਕਿਹਾ ਕਿ ਸਟਰੀਟ ਕ੍ਰਾਈਮ ਨੂੰ ਨੱਥ ਪਾਉਣ ਲਈ ਪਾਰਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵਧਾਈ ਜਾਏਗੀ। ਉਨ੍ਹਾਂ ਕਿਹਾ ਕਿ ਪੁਲਿਸ ਜ਼ੁਰਮ ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਅਪਰਾਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਨਸ਼ਿਆਂ ਖਿਲਾਫ ਮੁਹਿੰਮ ਜਾਰੀ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਘਟਾਉਣ ਲਈ ਆਟੋ ਰਿਕਸ਼ਿਆਂ ਨੂੰ ਈ ਰਿਕਸ਼ਿਆਂ ਵਿੱਚ ਤਬਦੀਲ ਕਰਨ ਦੀ ਯੋਜਨਾ ਵੀ ਬਣਾਈ ਜਾਏਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਸਫਾਈ ਯਕੀਨੀ ਬਨਾਉਣ ਲਈ ਵੀ ਕਿਹਾ ਜਾਏਗਾ। ਉਨ੍ਹਾਂ ਲੋਕਾਂ ਨੂੰ ਆਈਪੀ ਕੈਮਰੇ ਲਾਉਣ ਦੀ ਸਲਾਹ ਵੀ ਦਿੱਤੀ।