4.6 C
United Kingdom
Sunday, April 20, 2025

More

    ਨਾਟਿਅਮ ਥੀਏਟਰ ਫੈਸਟੀਵਲ: ਮਾਪਿਆਂ ਦੀ ਅਹਿਮੀਅਤ ਦਰਸਾਉਂਦੇ ਨਾਟਕ ਮੁਕਤੀ ਨੇ ਦਰਸ਼ਕ ਕੀਤੇ ਭਾਵੁਕ 

    ਬਠਿੰਡਾ-ਅਸ਼ੋਕ ਵਰਮਾ -ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ ‘ਮੁਕਤੀ’ ਦੀ ਸਫ਼ਲ ਪੇਸ਼ਕਾਰੀ ਹੋਈ । ਟੀਮ ਨਾਟਿਅਮ ਪੰਜਾਬ ਦੁਆਰਾ ਖੇਡੇ ਇਸ ਨਾਟਕ ਦਾ ਨਿਰਦੇਸ਼ਨ ਗੁਰਨੂਰ ਸਿੰਘ ਨੇ ਕੀਤਾ। ਨਾਟਕ ਵਿੱਚ ਮਾਂ-ਬਾਪ ਦੀ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਅਹਿਮੀਅਤ ਨੂੰ ਬੜੇ ਹੀ ਕਲਾਤਮਕ ਢੰਗ ਨਾਲ਼ ਪੇਸ਼ ਕੀਤਾ ਗਿਆ। ਬੁਢੇਪੇ ਸਮੇਂ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦਾ ਸਾਥ ਲੋਚਣ ਨੂੰ ਇੰਨੀਂ ਡੂੰਘਾਈ ਨਾਲ਼ ਪੇਸ਼ ਕੀਤਾ ਗਿਆ ਕਿ ਦਰਸ਼ਕ ਭਾਵੁਕ ਹੋਏ ਬਿਨਾਂ ਨਾ ਰਹਿ ਸਕੇ। ਨਾਟਕ ਵਿੱਚ ਇਹ ਵੀ ਦਰਸਾਇਆ ਗਿਆ ਕਿ ਔਲਾਦ ਨੂੰ ਆਪਣੇ ਮਾਂ-ਬਾਪ ਨੂੰ ਕਦੇ ਵੀ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਬੁਢੇਪੇ ਸਮੇਂ ਆਪਣੇ ਨਾਲ਼ ਹੀ ਰੱਖਣਾ ਚਾਹੀਦਾ ਹੈ।

              ਇਸ ਤੋਂ ਪਹਿਲਾਂ ਸ਼ਮਾ ਰੌਸ਼ਨ ਕਰਨ ਦੀ ਰਸਮ ਸ਼੍ਰੀ ਅਸ਼ਵਨੀ ਚੈਟਲੇ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ,ਤ੍ਰਿਪਤੀ ਚੈਟਲੇ ਅਤੇ ਪ੍ਰਵੀਨ  ਨੇ ਕੀਤੀ। ਉਨ੍ਹਾਂ ਨੇ ਨਾਟਿਅਮ ਪੰਜਾਬ ਵੱਲੋਂ ਕੀਤੇ ਜਾ ਰਹੇ 15 ਦਿਨਾਂ ਦੇ ਨਾਟ-ਉਤਸਵ ਦੇ ਸ਼ਲਾਘਾਯੋਗ ਉੱਦਮ ਨੂੰ ਵੇਖਦੇ ਹੋਏ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਡਾ਼ ਕਸ਼ਿਸ ਗੁਪਤਾ ਨਾਟਿਅਮ ਦੀਆਂ ਕੋਸ਼ਿਸ਼ਾਂ ਸਦਕਾ ਬਣੇ ਇਸ ਆਡੀਟੋਰੀਅਮ ਲਈ ਕੀਤੇ ਸੰਘਰਸ਼ ਦੀ ਕਹਾਣੀ ਬਿਆਨ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਨਾਟਿਅਮ ਦੇ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਅਤੇ ਟੀਮ ਨਾਟਿਅਮ ਵੱਲੋਂ ਇਸ ਆਡੀਟੋਰੀਅਮ ਨੂੰ ਬਣਵਾਉਣ ਲਈ ਕੀਤੇ ਅਣਥੱਕ ਯਤਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। 

           ਇਸ ਮੌਕੇ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ 15 ਦਿਨਾਂ ਨਾਟ-ਉਤਸਵ ਜੋ ਕਿ 14 ਨਵੰਬਰ ਤੋਂ 28 ਨਵੰਬਰ ਤੱਕ ਚੱਲਣਾ ਹੈ,ਹਰ ਰੋਜ਼ ਸ਼ਾਮ 7:20 ਵਜੇ ਤੋਂ ਸ਼ੁਰੂ ਹੋਇਆ ਕਰੇਗਾ । ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ। ਉਨ੍ਹਾਂ ਸਹਿਯੋਗ ਲਈ ਉੱਤਰ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ ਦਾ ਵੀ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਨਿਭਾਈ।

    ਇਸ ਦੌਰਾਨ ਯੂਨਵਰਸਿਟੀ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!