ਸਿਰਸਾ-ਅਸ਼ੋਕ ਵਰਮਾ- ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ 133ਵੇਂ ਜਨਮ ਦਿਹਾੜੇ ਦੇ ਮੌਕੇ ਸ਼ਾਹ ਸਤਨਾਮ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਮੁਫਤ ਜਨ ਕਲਿਆਣ ਪਰਮਾਰਥੀ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਲਾਇਆ ਗਿਆ ਜਿਸ ਦੌਰਾਨ ਮੁਲਕ ਦੇ ਵੱਖ ਵੱਖ ਰਾਜਾਂ ਤੋਂ ਆਏ ਮਾਹਿਰ ਡਾਕਟਰਾਂ ਨੇ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਨਿਰੋਗ ਰਹਿਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਵਿਖੇ ਸੈਂਕੜੇ ਡੇਰਾ ਪੈਰੋਕਾਰਾਂ ਨੇ ਖੂਨਦਾਨ ਕੈਂਪ ਵੀ ਲਾਇਆ ਗਿਆ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖ ਪੰਡਾਲ ਵਿੱਚ ਵਿਸ਼ੇਸ਼ ਨਾਮਚਰਚਾ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮੌਸਮ ’ਚ ਆਏ ਬਦਲਾਅ ਅੇ ਠੰਢ ਦੇ ਬਾਵਜੂਦ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਸ਼ਾਹ ਮਸਤਾਨਾ ਦੇ ਜਨਮ ,ਜੀਵਨੀ ਅਤੇ ਡੇਰੇ ਨੂੰ ਅੱਗੇ ਲਿਜਾਣ ਲਈ ਕੀਤੇ ਕਾਰਜਾਂ ਦੀ ਪਹਿਲਾਂ ਤੋਂ ਹੀ ਰਿਕਾਰਡ ਕੀਤੀ ਵੀਡੀਓ ਵੀ ਸ਼ਰਧਾਲੂਆਂ ਨੂੰ ਸੁਣਾਈ ਗਈ। ਇਸ ਵੀਡੀਓ ਰਾਹੀਂ ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਸ਼ਾਹ ਮਸਤਾਨਾ ਵੱਲੋਂ ਦਿਖਾਏ ਰਸਤੇ ਤੇ ਚੱਲਦਿਆਂ ਮਾਨਵਾਤਾ ਭਲਾਈ ਕਾਰਜ ਕਰਦੇ ਰਹਿਣ ਅਤੇ ਪ੍ਰਮਾਤਮਾਂ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸ਼ਾਹ ਮਕਸਤਾਨਾ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਅਜੋਕੇ ਦੌਰ ਵਿੱਚ ਬੇਹੱਦ ਸਾਰਥਿਕ ਹਨ।
ਨਾਮਚਰਚਾ ਪ੍ਰੋਗਰਾਮ ਦੌਰਾਨ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਜੀਵਨ ਅਤੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਨਾਲ ਸਬੰਧਤ ਸੱਚਾਈ ਤੋਂ ਰੂਬਰੂ ਕਰਵਾਉਣ ਵਾਲੀ ਡਾਕੂਮੈਂਟਰੀ ਫਿਲਮ ਵੀ ਗਈ। ਡਾਕੂਮੈਂਟਰੀ ਵਿੱਚ ਸ਼ਾਹ ਸਤਨਾਮ ਜੀ ਧਾਮ ਦੀ ਉਸਾਰੀ ਸਬੰਧੀ ਕਹੀਆਂ ਗੱਲਾਂ ਸੱਚ ਹੋਣ ਸਬੰਧੀ ਤੱਥ ਵੀ ਦਿਖਾਏ ਗਏ। ਕਰੋੜਾਂ ਲੋਕਾਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਆਪਣਾ ਜੀਵਨ ਸੁਧਾਰਨ ਦੀ ਪ੍ਰਕਿਰਿਆ ਸਬੰਧੀ ਵੀ ਡਾਕੂਮੈਂਟਰੀ ਵਿੱਚ ਦਿਖਾਇਆ ਗਿਆ । ਸਮਾਗਮ ਦੇ ਅੰਤ ਵਿੱਚ ਸਮੂਹ ਸ਼ਰਧਾਲੂਆਂ ਨੂੰ ਕੁੱਝ ਹੀ ਮਿੰਟਾਂ ਵਿੱਚ ਪ੍ਰਸ਼ਾਦ, ਲੰਗਰ ਅਤੇ ਭੋਜਨ ਵਰਤਾਇਆ ਗਿਆ।