ਚੰਡੀਗੜ੍ਹ-ਪੰਜਾਬ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਚਾਰ ’ਚ ਕੁੱਦਣ ਨਾਲ ਸਿਆਸੀ ਮਾਹੌਲ ਭਖ ਗਿਆ ਹੈ। ਜਾਣਕਾਰੀ ਮੁਤਾਬਕ ਦੋ ਦਿਨਾਂ ਦੇ ਰੋਡ ਸ਼ੋਅ ਹੋਣ ਮਗਰੋਂ ਜ਼ਿਮਨੀ ਚੋਣਾਂ ਵਿੱਚ ਜੁਟੇ ‘ਆਪ’ ਆਗੂਆਂ ਅਤੇ ਵਾਲੰਟੀਅਰਾਂ ਨੇ ਵੀ ਫੁਰਤੀ ਫੜ ਲਈ ਹੈ। ਆਮ ਆਦਮੀ ਪਾਰਟੀ ਵੱਲੋਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਰਾਖਵਾਂ ਹਲਕਾ ਚੱਬੇਵਾਲ ’ਚ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਧਰ, ਚੋਣ ਕਮਿਸ਼ਨ ਵੱਲੋਂ ਹਫ਼ਤੇ ਭਰ ਲਈ ਚੋਣ ਪ੍ਰਚਾਰ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ 6 ਨਵੰਬਰ ਨੂੰ ਹਲਕਾ ਚੱਬੇਵਾਲ ਵਿੱਚ ਚੋਣ ਪ੍ਰਚਾਰ ਕੀਤਾ ਅਤੇ 7 ਨੂੰ ਮੁੜ ਗਿੱਦੜਬਾਹਾ ਪੁੱਜਣਗੇ। ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 8 ਨਵੰਬਰ ਨੂੰ ਪੰਜਾਬ ਆਉਣਗੇ ਅਤੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿੱਚ ਹੋ ਰਹੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ। ਕੇਜਰੀਵਾਲ ਅਤੇ ਭਗਵੰਤ ਮਾਨ ਸਾਂਝੇ ਤੌਰ ’ਤੇ 9 ਨਵੰਬਰ ਨੂੰ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ਚੋਣ ਰੈਲੀਆਂ ਕਰਨਗੇ। ਇਸੇ ਤਰ੍ਹਾਂ 10 ਨਵੰਬਰ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਗਿੱਦੜਬਾਹਾ ਅਤੇ ਬਰਨਾਲਾ ਵਿੱਚ ਪ੍ਰਚਾਰ ਕਰਨਗੇ। ਅੱਜ ਮੁੱਖ ਮੰਤਰੀ ਨੇ ਗਿੱਦੜਬਾਹਾ ਹਲਕੇ ਵਿਚ ਚੋਣ ਰੈਲੀਆਂ ਕੀਤੀਆਂ।