ਕੈਲੀਫੋਰਨੀਆ-ਅਮਰੀਕਾ ਚੋਣਾਂ ਵਿੱਚ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਕਾਰ ਫਸਵਾਂ ਮੁਕਾਬਲਾ ਸੀ ਜਿਸ ਦੇ ਮੱਦੇਨਜ਼ਰ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਉੱਤਰੀ ਕੈਰੋਲੀਨਾ ਪੈਨਸਿਲਵਾਨੀਆ ਤੇ ਜਾਰਜੀਆ ਸਮੇਤ ਹੋਰ ਅਹਿਮ ਰਾਜਾਂ ਜਿਨ੍ਹਾਂ ਵਿਚ ਫਸਵਾਂ ਮੁਕਾਬਲਾ ਦਸਿਆ ਜਾ ਰਿਹਾ ਸੀ, ਵਿਚ ਟਰੰਪ ਜੇਤੂ ਰਹੇ ਹਨ ਅਤੇ ਇਸਦੇ ਨਾਲ ਹੀ ਫਲੋਰਿਡਾ, ਓਹਾਈਓ ਤੇ ਟੈਕਸਾਸ ਸਮੇਤ ਰਿਪਬਲੀਕਨਾਂ ਦੇ ਗੜ ਵਾਲੇ ਅਨੇਕਾਂ ਦੱਖਣੀ ਰਾਜਾਂ ਵਿਚ ਵੀ ਉਹ ਜਿੱਤ ਦਾ ਝੰਡਾ ਲਹਿਰਾਉਣ ਵਿਚ ਸਫਲ ਹੋਏ ਹਨ। ਹੈਰਿਸ ਨਿਊਯਾਰਕ ਤੇ ਆਪਣੇ ਗ੍ਰਹਿ ਰਾਜ ਕੈਲੀਫੋਰਨੀਆ ਵੀ ਜਿੱਤਣ ’ਚ ਸਫਲ ਰਹੇ ਹਨ। ਆਖਰੀ ਪਲਾਂ ਤੱਕ ਟਰੰਪ ਨੇ ਲੋੜੀਂਦੀਆਂ ਇਲੈਕਟੋਰਲ ਵੋਟਾਂ 270 ਪ੍ਰਾਪਤ ਕਰ ਲਈਆਂ ਹਨ। ਉਹ 277 ਇਲੈਕਟੋਰਲ ਵੋਟਾਂ ਲਿਜਾਣ ਵਿਚ ਸਫਲ ਰਹੇ ਹਨ ਹਾਲਾਂ ਕਿ ਅਜੇ ਕੁਝ ਰਾਜਾਂ ਦੇ ਨਤੀਜੇ ਆਉਣ ਰਹਿੰਦੇ ਹਨ। ਇਸ ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਹਰ ਸਮੱਸਿਆ ਦਾ ਹੱਲ ਕਰਨਗੇ ਤੇ ਅਜਿਹਾ ਅਮਰੀਕਾ ਬਣਾਉਣਗੇ ਜਿਸ ਉਪਰ ਹਰ ਕੋਈ ਮਾਣ ਮਹਿਸੂਸ ਕਰੇਗਾ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਸਰਹੱਦਾਂ ਨੂੰ ਸੀਲ ਕੀਤਾ ਜਾਵੇਗਾ ਤੇ ਕਾਨੂੰਨੀ ਢੰਗ-ਤਰੀਕੇ ਨਾਲ ਅਮਰੀਕਾ ਆਉਣ ਵਾਲੇ ਲੋਕਾਂ ਦਾ ਸਵਾਗਤ ਕੀਤਾ ਜਾਵਗਾ। ਜ਼ਿਕਰਯੋਗ ਹੈ ਕਿ ਟਰੰਪ 26 ਰਾਜਾਂ ਵਿਚ ਜਿੱਤ ਹਾਸਲ ਕੀਤੀ ਉਨ੍ਹਾਂ ਵਿਚ ਅਲਾਬਾਮਾ, ਅਰਕਨਸਾਸ, ਫਲੋਰਿਡਾ, ਜਾਰਜੀਆ, ਇਦਾਹੋ, ਇੰਡਿਆਨਾ, ਲੋਵਾ, ਕੰਸਾਸ, ਕੈਂਟੁਕੀ, ਲੂਇਸਿਆਨਾ, ਮਿੱਸੀਸਿੱਪੀ, ਮਿਸੂਰੀ, ਮੋਨਟਾਨਾ, ਨੈਬਰਸਕਾ, ਉੱਤਰੀ ਕੈਰੋਲੀਨਾ, ਉਹਾਈਓ, ਉੱਤਰੀ ਡਕੋਟਾ, ਓਕਲਾਹੋਮਾ, ਪੈਨਸਿਲਵਾਨੀਆ,ਦੱਖਣੀ ਕੈਰੋਲੀਨਾ, ਦੱਖਣੀ ਡਕੋਟਾ,ਟੈਨੇਸੀ, ਟੈਕਸਾਸ, ਉਟਾਹ, ਪੱਛਮੀ ਵਿਰਜੀਨੀਆ ਤੇ ਵਾਇਓਮਿੰਗ ਸ਼ਾਮਿਲ ਹਨ।