ਲੰਡਨ-ਦੀਵਾਲੀ ਦੇ ਸ਼ੁੱਭ ਦਿਹਾੜੇ ਮੌਕੇ ਇੰਗਲੈਂਡ ਦੇ ਇੰਡੋ-ਪੈਸੀਫਿਕ ਮਾਮਲਿਆਂ ਦੀ ਇੰਚਾਰਜ ਮੰਤਰੀ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਨ ਲਈ ਬ੍ਰਿਟੇਨ ਦੀ ਉਤਸੁਕਤਾ ਬਾਰੇ ਗੱਲ ਕੀਤੀ। ਜਾਣਕਾਰੀ ਮੁਤਾਬਕ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਦੀ ਇੰਚਾਰਜ ਮੰਤਰੀ ਕੈਥਰੀਨ ਵੈਸਟ ਨੇ 6“1 ਗੱਲਬਾਤ ਨੂੰ ਪੂਰਾ ਕਰਨ ਲਈ ਪਿਛਲੀ ਕੰਜ਼ਰਵੇਟਿਵ ਸਰਕਾਰ ਦੀ 2022 ਦੀ ਸਮਾਂ ਸੀਮਾ ਦਾ ਹਵਾਲਾ ਦਿੰਦੇ ਹੋਏ, ਇਸ ਸਮਝੌਤੇ ਪ੍ਰਤੀ ਲੇਬਰ ਪਾਰਟੀ ਦੀ ਨਵੀਂ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ। ਦੋਵਾਂ ਦੇਸ਼ਾਂ ਵਿੱਚ ਆਮ ਚੋਣਾਂ ਕਾਰਨ ਐੱਫ.ਟੀ.ਏ. ਗੱਲਬਾਤ ਰੋਕ ਦਿੱਤੀ ਗਈ ਸੀ। ਇਸ ਦਾ ਉਦੇਸ਼ ਪ੍ਰਤੀ ਸਾਲ ਅੰਦਾਜ਼ਨ 38.1 ਅਰਬ ਪੌਂਡ ਦੁਵੱਲੀ ਵਪਾਰਕ ਭਾਈਵਾਲੀ ਨੂੰ ਮਹੱਤਵਪੂਰਨ ਤੌਰ ’ਤੇ ਵਧਾਉਣਾ ਹੈ। ਵੈਸਟ ਨੇ ਲੈਂਕੈਸਟਰ ਹਾਊਸ ਵਿਖੇ ਐੱਫ.ਸੀ.ਡੀ.ਓ. ਦੇ ਸੰਸਦ ਮੈਂਬਰਾਂ, ਕਮਿਊਨਿਟੀ ਲੀਡਰਾਂ ਅਤੇ ਪੇਸ਼ੇਵਰਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, ’ਇੱਕ ਨਵੀਂ ਸਰਕਾਰ ਦੇ ਰੂਪ ਵਿੱਚ, ਅਸੀਂ ਅਜੇ ਵੀ ਸਾਡੇ ਵਪਾਰਕ ਸੌਦੇ ’ਤੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਬਹੁਤ ਉਤਸੁਕ ਹਾਂ, ਜਿਸ ’ਤੇ ਦੀਵਾਲੀ ਤੋਂ ਪਹਿਲਾਂ ਦਸਤਖ਼ਤ ਕੀਤੇ ਜਾਣੇ ਸਨ।’