8.9 C
United Kingdom
Saturday, April 19, 2025

More

    ਕਿਰਤੀ ਕਿਸਾਨ ਯੂਨੀਅਨ ਵੱਲੋਂ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈਕੇ  ਰੋਸ਼ ਪ੍ਰਦਰਸ਼ਨ

    ਲੌਂਗੋਵਾਲ-ਦਲਜੀਤ ਕੌਰ -ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਪਿੰਡ ਢੱਡਰੀਆਂ ਅਤੇ ਲੌਂਗੋਵਾਲ ਵਿਖੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ ਕਿਸਾਨਾਂ ਨੇ ਰੋਸ ਮੁਜ਼ਾਹਰੇ ਕਰਕੇ ਪੀੜਤਾਂ ਨੂੰ 40 ਸਾਲ ਬੀਤ ਜਾਣ ਦੇ ਬਾਵਜੂਦ ਨਿਆਂ ਨਾ ਦੇਣ ਅਤੇ ਹਿੰਦੂਤਵੀ ਫਾਸ਼ੀਵਾਦੀ ਮੁਹਿੰਮ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਪਿੰਡ ਢੱਡਰੀਆਂ ਵਿਖੇ ਕਿਸਾਨਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਲੌਂਗੋਵਾਲ ਵਿਖੇ ਯੂਥ ਵਿੰਗ ਦੀ ਅਗਵਾਈ ਹੇਠ ਨੌਜਵਾਨਾਂ ਨੇ ਮੋਮਬੱਤੀਆਂ ਬਾਲ ਕੇ ਨਵੰਬਰ 84 ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ।

    ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਸੀਨੀਅਰ ਜ਼ਿਲਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤ ਜਾਣ ਬਾਅਦ ਵੀ ਪੀੜਤਾ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਭਾਰਤੀ ਹਾਕਮਾਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸਮਝ ਚ ਕੋਈ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ 1984 ਚ ਜਿਸ ਤਰਾਂ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦੀ ਸ਼ਹਿ ਤੇ ਗਿਣ ਮਿਥ ਕੇ  ਸਿੱਖਾਂ ਦਾ ਕਤਲੇਆਮ, ਧੀਆਂ ਭੈਣਾਂ ਦੀ ਬੇਪੱਤੀ ਸਮੇਤ ਕਰੋੜਾਂ ਅਰਬਾਂ ਦੀ ਜਾਇਦਾਦ ਬਰਬਾਦ ਕੀਤੀ ਗਈ ਉਹ ਮੁਲਕ ਦੀ ਅਖੌਤੀ ਜਮਹੂਰੀਅਤ ਦੇ ਚਿਹਰੇ ਤੋਂ ਕਦੇ ਵੀ ਨਾ ਉੱਤਰਨ ਵਾਲਾ ਕਲੰਕ ਹੈ। ਉਹਨਾਂ ਕਿਹਾ ਕੇ ਇਸ ਸਿੱਖ ਨਸਲਕੁਸ਼ੀ ਦੀ ਮੁਹਿੰਮ ਵਿਚ ਕਾਂਗਰਸ ਸਮੇਤ ਆਰ ਐਸ ਐਸ ਦੇ ਕਰਿੰਦੇ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਏ ਜਿਹਨਾਂ ਤੇ  ਹੋਏ ਪਰਚੇ ਭਾਜਪਾ ਨੇ ਸੱਤਾ ਚ ਆਉਂਦਿਆਂ ਸਹਿਜੇ ਸਹਿਜੇ ਖ਼ਤਮ ਕਰ ਦਿਤੇ। ਉਨ੍ਹਾਂ ਕਿਹਾ ਕਿ ਕਤਲੇਆਮ ਵਿੱਚ ਸ਼ਾਮਲ ਰਹੇ ਜਗਦੀਸ਼ ਟਾਈਟਲਰ ਵਰਗੇ ਤਾਕਤਵਰ ਵਿਅਕਤੀਆਂ ਵਿਰੁੱਧ ਮੁਕੱਦਮੇ ਵਿੱਚ ਦੋਸ਼ ਤੈਅ ਕਰਨ ਦਾ ਅਮਲ ਹੀ ਡੇਢ ਦਹਾਕੇ ਤੱਕ ਲਟਕਣਾ ਇਸ ਗੱਲ ਦੀ ਗਵਾਹੀ ਹੈ ਕਿ ਕਿਵੇ ਪੀੜਤਾਂ ਨੂੰ ਤ੍ਰਿਸਕਾਰ ਦਾ ਪਾਤਰ ਬਣਾਇਆ ਗਿਆ।

    ਢੱਡਰੀਆਂ ਇਕਾਈ ਦੇ ਪ੍ਰਧਾਨ ਜੋਗਾ ਸਿੰਘ ਅਤੇ ਸਤਨਾਮ ਸਿੰਘ ਨਹਿੰਘ ਨੇ ਕਿਹਾ ਕਿ ਕਿਸੇ ਘੱਟ ਗਿਣਤੀ ਨੂੰ ਚੁੱਣਕੇ,ਉਸ ਖਿਲਾਫ ਨਫਰਤ ਦਾ ਮਾਹੌਲ ਬਣਾਕੇ ਤੇ ਫਿਰ ਬਹੁ ਗਿਣਤੀ ਦੀਆ ਭਾਵਨਾਵਾਂ ਨੂੰ ਵੋਟਾਂ ਚ ਤਬਦੀਲ ਕਰਨਾ ਇਸ ਮੁਲਕ ਦੇ ਹਾਕਮਾਂ ਦੀ ਹੰਢੀ ਵਰਤੀ ਨੀਤੀ ਬਣ ਚੁੱਕੀ ਹੈ।ਇਸ ਲਈ ਸਿਰਫ ਘੱਟ ਗਿਣਤੀਆਂ ਨਹੀਂ ਬਲਕਿ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।

    ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਨਰਿੰਦਰ ਮੋਦੀ ਦੀ ਕੇਂਦਰੀ ਹਕੂਮਤ ਆਪਣੀ ਫਾਸ਼ੀਵਾਦੀ ਮੁਹਿੰਮ ਤਹਿਤ ਘੱਟ ਗਿਣਤੀਆਂ, ਬੁੱਧੀਜੀਵੀਆਂ, ਲੇਖਕਾਂ ਅਤੇ ਵੱਖਰੇ ਤੇ ਵਿਰੋਧੀ ਵਿਚਾਰਾਂ ਵਾਲੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦੇਸ਼ ਧ੍ਰੋਹ ਦੇ ਮੁਕੱਦਮੇ ਸਿਰਫ ਯੋਗੀ, ਮੋਦੀ ਦੀ ਆਲੋਚਨਾ ਕਰਨ ਤੇ ਹੀ ਦਰਜ ਕੀਤੇ ਜਾ ਰਹੇ ਹਨ।ਜੇਲ੍ਹੀ ਡੱਕਿਆਂ ਨੂੰ ਜ਼ਮਾਨਤ ਦਾ ਅਧਿਕਾਰ ਨਹੀ ਦਿੱਤਾ ਜਾ ਰਿਹਾ।

    ਆਗੂਆਂ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਇਕਸਾਰ ਸਿਵਿਲ ਕੋਡ ਲਾਗੂ ਕਰਕੇ ਦੇਸ਼ ਦੀ ਸੱਭਿਆਚਾਰਕ ਵਿੰਭਿਨਤਾ  ਨੂੰ ਮਸਲ ਕੇ ਦੇਸ਼ ਨੂੰ ਇੱਕੋ ਇੱਕ ਭਗਵੇਂ ਰੰਗ ਵਿੱਚ ਰੰਗਣਾ ਚਾਹੁੰਦੀ ਹੈ। ਇਹ ਨੀਤੀ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਉਸਾਰਨ ਦੇ ਨਾਲ ਨਾਲ ਫੈਡਰਲ ਢਾਂਚੇ, ਘੱਟ ਗਿਣਤੀਆਂ ਅਤੇ ਵੱਖ ਵੱਖ ਬੋਲੀਆਂ/ਭਾਸ਼ਾਵਾਂ ਲਈ ਖਤਰੇ ਦੀ ਘੰਟੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨਾਂ ਦੌਰਾਨ ਬੁਲਾਰਿਆਂ ਨੇ ਜਿੱਥੇ ਸਿੱਖ ਕਤਲੇਆਮ ਦੇ ਦੋਸ਼ੀਆ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਉਥੇ ਲੋਕਾਂ ਨੂੰ ਭਾਜਪਾ ਦੀ ਹਿੰਦੂਤਵੀ ਫਾਸ਼ੀਵਾਦੀ ਮੁਹਿੰਮ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕੀਤੀ। ਇਸ ਸਮੇਂ ਕਿਸਾਨ ਆਗੂ ਬਘੇਲ ਸਿੰਘ,ਕਸ਼ਮੀਰ ਸਿੰਘ,ਅਜੀਤ ਸਿੰਘ,ਦੀਪ ਸਿੰਘ,ਹਰਪ੍ਰੀਤ ਸਿੰਘ,ਕਾਲੂ ਸਿੰਘ ਸਮੇਤ ਵੱਡੀ ਕਿਸਾਨ ਗਿਣਤੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!