ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ’ਚ ਸੋਮਵਾਰ ਨੂੰ ਸੋਨੇ ਦੀ ਕੀਮਤ 750 ਰੁਪਏ ਦੀ ਤੇਜ਼ੀ ਨਾਲ 80,650 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਪੱਧਰ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 5,000 ਰੁਪਏ ਦੇ ਜ਼ਬਰਦਸਤ ਉਛਾਲ ਨਾਲ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿਤੀ ਹੈ।
ਚਾਂਦੀ ਦੀ ਕੀਮਤ ਲਗਾਤਾਰ ਚੌਥੇ ਦਿਨ ਵਧਦੀ ਰਹੀ ਅਤੇ 5,000 ਰੁਪਏ ਦੀ ਤੇਜ਼ੀ ਨਾਲ 99,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈ। ਸ਼ੁਕਰਵਾਰ ਨੂੰ ਚਾਂਦੀ 94,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਜਿਣਸ ਬਾਜ਼ਾਰ ਦੇ ਮਾਹਰਾਂ ਮੁਤਾਬਕ ਚਾਂਦੀ ਬਾਜ਼ਾਰ ’ਚ ਤੇਜ਼ੀ ਦਾ ਮੁੱਖ ਕਾਰਨ ਉਦਯੋਗਿਕ ਮੰਗ ਅਤੇ ਸੋਨੇ ’ਚ ਤੇਜ਼ੀ ਹੈ। ਚਾਂਦੀ ਦਾ ਉਭਾਰ ਮਜ਼ਬੂਤ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਇਸ ਗਿਰਾਵਟ ਨੂੰ ਖਰੀਦਦਾਰੀ ਦੇ ਮੌਕੇ ਵਜੋਂ ਵੇਖਦੇ ਰਹਿਣਗੇ, ਜਿਸ ਨਾਲ ਆਉਣ ਵਾਲੇ ਸੈਸ਼ਨਾਂ ’ਚ ਚਾਂਦੀ ਨੂੰ ਚੰਗਾ ਸਮਰਥਨ ਮਿਲੇਗਾ।
ਇਸ ਤੋਂ ਇਲਾਵਾ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 750 ਰੁਪਏ ਦੀ ਤੇਜ਼ੀ ਨਾਲ 80,250 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਿਆ। ਸ਼ੁਕਰਵਾਰ ਨੂੰ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 79,500 ਰੁਪਏ ਪ੍ਰਤੀ 10 ਗ੍ਰਾਮ ਅਤੇ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 79,900 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।
ਵਪਾਰੀਆਂ ਨੇ ਸੋਨੇ ਦੀਆਂ ਕੀਮਤਾਂ ’ਚ ਵਾਧੇ ਦਾ ਕਾਰਨ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਵਧੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਿਆਂ ਵਲੋਂ ਖਰੀਦਦਾਰੀ ’ਚ ਵਾਧਾ ਦਸਿਆ। ਇਸ ਤੋਂ ਇਲਾਵਾ, ਵਿਦੇਸ਼ਾਂ ’ਚ ਸਕਾਰਾਤਮਕ ਰੁਝਾਨ ਦੇ ਨਾਲ-ਨਾਲ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਨੇ ਸੁਰੱਖਿਅਤ ਪਨਾਹਗਾਹ ਨਿਵੇਸ਼ ਵਿਕਲਪ ਵਜੋਂ ਸੋਨੇ ਦੀ ਮੰਗ ਨੂੰ ਹੁਲਾਰਾ ਦਿਤਾ।