ਅਸ਼ੋਕ ਵਰਮਾ
ਚੰਡੀਗੜ੍ਹ-ਹਰਿਆਣਾ ਦੀ ਰਾਜਨੀਤੀ ’ਚ 47 ਸਾਲ ਬਾਅਦ ਪਹਿਲਾ ਮੌਕਾ ਹੈ ਕਿ ਸਾਲ 2024 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਪੈਰੋਕਾਰਾਂ ਦੇ ਗੜ੍ਹ ਵਜੋਂ ਪ੍ਰਸਿੱਧ ਸਿਰਸਾ ਸੱਤਾ ਦੀਆਂ ਰਿਊੜੀਆਂ ਤੋਂ ਦੂਰ ਹੋਇਆ ਹੈ। ਮਹੱਤਵਪੂਰਨ ਤੱਥ ਹੈ ਕਿ ਸਾਲ 1977 ’ਚ ਚੌਧਰੀ ਦੇਵੀ ਲਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 2019 ਤੱਕ ਬਣੀ ਹਰੇਕ ਸਰਕਾਰ ’ਚ ਸਿਰਸਾ ਦੀ ਹਿੱਸੇਦਾਰੀ ਰਹੀ ਹੈ। ਇੰਨ੍ਹਾਂ 47 ਸਾਲਾਂ ਦੌਰਾਨ ਸਰਸਾ ਜਿਲ੍ਹੇ ਨਾਲ ਸਬੰਧਤ ਚੌਧਰੀ ਦੇਵੀ ਲਾਲ ਦਾ ਵਾਰ ਡਿਪਟੀ ਪ੍ਰਧਾਨ ਮੰਤਰੀ ਅਤੇ ਦੋ ਵਾਰ ਹੀ ਮੁੱਖ ਮੰਤਰੀ ਬਣੇ ਸਨ ਤਾਂ ਇਸ ਵਕਫੇ ਅੰਦਰ ਹੀ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਪੰਜ ਵਾਰ ਮੁੱਖ ਮੰਤਰੀ ਬਣੇ ਅਤੇ ਅੰਤਮ ਵਾਰ 2019 ’ਚ ਉਨ੍ਹਾਂ ਦੇ ਪੜਪੋਤੇ ਦੁਸ਼ਅੰਤ ਚੌਟਾਲਾ ਨੇ ਡਿਪਟੀ ਮੁੱਖ ਮੰਤਰੀ ਵਜੋਂ ਸੱਤਾ ਸੰਭਾਲੀ ਸੀ।
ਹਾਲਾਂਕਿ ਇਸ ਵਾਰ ਦੀਆਂ ਚੋਣਾਂ ਦੌਰਾਨ ਹਰਿਆਣਾ ’ਚ ਕਾਂਗਰਸ ਦੇ ਪੰਜੇ ਨੂੰ ਬੁਰੀ ਤਰਾਂ ਮਧੋਲਕੇ ਹੈਰਾਨੀਜਨਕ ਢੰਗ ਨਾਲ ਲਗਾਤਾਰ ਭਾਜਪਾ ਨੇ ਤੀਸਰੀ ਵਾਰ ਸੱਤਾ ਸੰਭਾਲੀ ਹੈ ਪਰ ਸਾਲ 2024 ਵਿੱਚ ਵੀ 2014 ਅਤੇ 2019 ਵਾਂਗ ਕਮਲ ਦਾ ਫੁੱਲ ਨਹੀਂ ਖਿੜ ਸਕਿਆ ਹੈ। ਰਾਹਤ ਵਾਲੀ ਗੱਲ ਇਹੋ ਹੀ ਰਹੀ ਹੈ ਕਿ ਸਾਲ 2014 ਵਿੱਚ ਜਗਦੀਸ਼ ਚੋਪੜਾ ਨੂੰ ਤੱਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਸਿਆਸੀ ਸਲਾਹਕਾਰ ਵਰਗੇ ਅਹਿਮ ਅਹੁਦੇ ਤੇ ਨਿਯੁਕਤ ਕਰਕੇ ਸਿਰਸਾ ਨੂੰ ਸੱਤਾ ’ਚ ਹਿੱਸੇਦਾਰ ਬਣਾ ਦਿੱਤਾ ਸੀ ਜਦੋਂਕਿ ਸਾਲ 2019 ’ਚ ਅਜਾਦ ਵਿਧਾਇਕ ਬਣੇ ਚੌਧਰੀ ਰਣਜੀਤ ਸਿੰਘ ਨੂੰ ਕੈਬਨਿਟ ਮੰਤਰੀ ਅਤੇ ਦੁਸ਼ਿਅੰਤ ਚੌਟਾਲਾ ਦੇ ਉੱਪ ਮੁੱਖ ਮੰਤਰੀ ਬਣਾਇਆ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਕਿਸੇ ਵੱਡੇ ਨੇਤਾ ਨੂੰ ਮਹੱਤਵਪੂਰਨ ਬੋਰਡ ਜਾਂ ਕਾਰਪੋਰੇਸ਼ਨ ਦਾ ਚੇਅਰਮੈਨ ਬਨਾਉਣ ਨਾਲ ਸਿਰਸਾ ਸੱਤਾ ’ਚ ਪਰਤ ਸਕਦਾ ਹੈ ਜੋ ਵਕਤ ਦੇ ਗਰਭ ’ਚ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 1977 ਤੋਂ 1979 ਤੱਕ ਚੌਧਰੀ ਦੇਵੀ ਲਾਲ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ ਜਦੋਂਕਿ 1982 ’ਚ ਚੌਧਰੀ ਭਜਨ ਲਾਲ ਸਰਕਾਰ ’ਚ ਸਿਰਸਾ ਤੋਂ ਵਿਧਾਇਕ ਲਛਮਣ ਦਾਸ ,ਰੋੜੀ ਤੋਂ ਵਿਧਾਇਕ ਜਗਦੀਸ਼ ਨੈਹਰਾ ਅਤੇ ਡੱਬਵਾਲੀ ਤੋਂ ਵਿਧਾਇਕ ਗੋਵਰਧਨ ਦਾ ਚੌਹਾਨ ਨੂੰ ਮੰਤਰੀ ਬਣਾਇਆ ਗਿਆ ਸੀ। ਇਸੇ ਤਰਾਂ ਹੀ ਸਾਲ 1987 ’ਚ ਚੌਧਰੀ ਦੇਵੀ ਲਾਲ ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ ਅਤੇ ਉਨ੍ਹਾਂ ਦੀ ਵਜ਼ਾਰਤ ’ਚ ਉਨ੍ਹਾਂ ਦੇ ਪੁੱਤਰ ਚੌਧਰੀ ਰਣਜੀਤ ਸਿੰਘ ਮੰਤਰੀ ਰਹੇ ਸਨ। ਇਸ ਮੌਕੇ ਦੇਵੀ ਲਾਲ ਦੇ ਭਤੀਜੇ ਡਾਕਟਰ ਕੇ ਵੀ ਸਿੰਘ ਨੂੰ ਉਨ੍ਹਾਂ ਦੇ ਓ ਐਸ ਡੀ ਬਣਾਇਆ ਗਿਆ ਸੀ। ਸਾਲ 1989 ਤੋਂ 1990 ਤੱਕ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਦੇ ਮੁੱਖ ਮੰਤਰੀ ਰਹੇ ਸਨ। ਇਨ੍ਹਾਂ ਸਿਆਸੀ ਆਗੂਆਂ ਦੇ ਦਬਦਬੇ ਕਾਰਨ ਸੱਤਾ ਦੇ ਹਰਿਆਣਵੀ ਗਲਿਆਰਿਆਂ ’ਚ ਸਿਰਸਾ ਜਿਲ੍ਹੇ ਦੀ ਤੂਤੀ ਬੋਲਦੀ ਰਹੀ ਸੀ।
ਸਾਲ 1991 ’ਚ ਸਿਰਸਾ ਤੋਂ ਵਿਧਾਇਕ ਲਛਮਣ ਦਾਸ ਅਰੋੜਾ ,ਰੋੜੀ ਤੋਂ ਵਿਧਾਇਕ ਜਗਦੀਸ਼ ਨੈਹਰਾ ਅਤੇ ਡੱਬਵਾਲੀ ਦੇ ਵਿਧਾਇਕ ਸੰਤੋਸ਼ ਸਾਰਵਾਨ ਭਜਨ ਲਾਲ ਬਰਕਾਰ ’ਚ ਮੰਤਰੀ ਰਹੇ ਸਨ। ਇਸੇ ਤਰਾਂ ਹੀ 1996 ’ਚ ਚੌਧਰੀ ਬੰਸੀ ਲਾਲ ਸਰਕਾਰ ’ਚ ਪ੍ਰੋਫੈਸਰ ਗਣੇਸ਼ੀ ਲਾਲ ਨੂੰ ਮੰਤਰੀ ਬਣਾਇਆ ਗਿਆ ਸੀ। ਸਾਲ 1999 ’ਚ ਇੱਕ ਵਾਰ ਫਿਰ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ ਅਤੇ 2005 ਦੌਰਾਨ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਵਿੱਚ ਲਛਮਣ ਦਾਸ ਅਰੋੜਾ ਮੰਤਰੀ ਬਣਾਏ ਗਏ ਸਨ। ਸਾਲ 2009 ’ਚ ਸਿਰਸਾ ਤੋਂ ਅਜਾਦ ਵਿਧਾਇਕ ਗੋਪਾਲ ਕਾਂਡਾ ਹੁੱਡਾ ਸਰਕਾਰ ’ਚ ਮੰਤਰੀ ਬਣੇ ਜਦੋਂਕਿ ਸਾਲ 2014 ’ਚ ਜਗਦੀਸ਼ ਚੋਪੜਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਿਆਸੀ ਸਲਾਹਕਾਰ ਬਣਨ ਕਾਰਨ ਸਿਰਸਾ ਜਿਲ੍ਹੇ ਦੀ ਸੱਤਾ ’ਚ ਅਹਿਮ ਹਿੱਸੇਦਾਰੀ ਰਹੀ ਸੀ ਜੋਕਿ ਸਾਲ 2024 ’ਚ ਇੱਕ ਵਾਰ ਸਮਾਪਤ ਹੋ ਗਈ ਹੈ।
ਅਫਸਰਾਂ ਲਈ ਵੀ ਭਾਗਸ਼ਾਲੀ ਸਰਸਾ
ਸਿਰਸਾ ਜਿਲ੍ਹਾ ਅਫਸਰਾਂ ਲਈ ਵੀ ਭਾਗਾਂ ਵਾਲਾ ਸਾਬਤ ਹੋਇਆ ਹੈ। ਸਿਰਸਾ ’ਚ ਐਸਪੀ ਰਹੇ ਰਵੀਕਾਂਤ ਸ਼ਰਮਾ ਇੰਟਰਪੋਲ ’ਚ ਰਹੇ ਅਤੇ ਪ੍ਰਧਾਨ ਮੰਤਰੀ ਇੰਦਰ ਕਮੁਾਰ ਗੁਜ਼ਰਾਲ ਦੇ ਓਐਸਡੀ ਵੀ ਬਣੇ। ਸਿਰਸਾ ਨਾਲ ਸਬੰਧਤ ਐਮ ਐਲ ਤਾਇਲ ਮੁੱਖ ਮੰਤਰੀ ਭੁਪਿੰਦਰਸਿੰਘ ਹੁੱਡਾ ਦੇ ਪ੍ਰਿੰਸੀਪਲ ਸਕੱਤਰ ਰਹੇ । ਸਾਲ 1967 ’ਚ ਸਿਰਸਾ ਵਿਖੇ ਤਾਇਨਾਤ ਰਹੇ ਰਾਮ ਸਹਾਏ ਵਰਮਾ ਬਿਜਲੀ ਨਿਗਮ ਦੇ ਚੇਅਰਮੈਨ ਬਣਨ ਤੋਂ ਇਲਾਵਾ ਹਰਿਆਣਾ ਦੇ ਮੁੱਖ ਸਕੱਤਰ ਅਤੇ ਚੌਧਰੀ ਬੰਸੀ ਲਾਲ ਦੇ ਪ੍ਰਿੰਸੀਪਲ ਸਕੱਤਰ ਵੀ ਰਹੇ। ਸਾਲ 1998 ਬੈਚ ਦੇ ਆਈਏਐਸ ਅਤੇ ਕਦੇ ਸਿਰਸਾ ’ਚ ਡਿਪਟੀ ਕਮਿਸ਼ਨਰ ਰਹੇ ਵੀ ਉਮਾ ਸ਼ੰਕਰ ਮਨੋਹਰਲਾਲ ਖੱਟਰ ਤੇ ਮਗਰੋਂ ਨਾਇਬ ਸੈਣੀ ਦੇ ਪ੍ਰਿੰਸੀਪਲ ਸੈਕਟਰੀ ਰਹੇ। ਹਰਿਆਣਾ ਪੁਲਿਸ ਦੇ ਡੀਜੀਪੀ ਸ਼ਤਰੂਜੀਤ ਕਪੂਰ ਵੀ ਸਿਰਸਾ ’ਚ ਏਐਸਪੀ ਰਹੇ ਹਨ। ਏਦਾਂ ਹੀ ਸਰਸਾ ’ਚ ਦੋ ਵਾਰ ਐਸਪੀ ਰਹੇ ਪ੍ਰਸ਼ਾਂਤ ਕੁਮਾਰ ਅਗਰਵਾਲ ਤੋਂ ਇਲਾਵਾ ਐਸਪੀ ਰਹੇ ਬੀ ਐਸ ਸੰਧੂ ਹਰਿਆਣਾ ਦੇ ਡੀਜੀਪੀ ਬਣੇ ਸਨ।