ਲੰਡਨ-ਬ੍ਰਿਟੇਨ ਨੇ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦੇ ਸੰਦਰਭ ’ਚ ਕਿਹਾ ਕਿ ਕੈਨੇਡੀਅਨ ਕਾਨੂੰਨੀ ਪ੍ਰਕਿਰਿਆ ਵਿਚ ਭਾਰਤ ਸਰਕਾਰ ਦਾ ਸਹਿਯੋਗ“ਗੰਭੀਰ ਘਟਨਾਕ੍ਰਮ ਵਿਚ ਅਗਲਾ ਸਹੀ ਕਦਮ ਹੈ। ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐੱਫਸੀਡੀਓ) ਨੇ ਇੱਥੇ ਇੱਕ ਬਿਆਨ ’ਚ ਕਿਹਾ ਕਿ ਉਹ “ਭਾਰਤ ਸਰਕਾਰ ਦੀ ਸ਼ਮੂਲੀਅਤ ਵਾਲੀ ਕੈਨੇਡੀਅਨ ਜਾਂਚ” ਦੇ ਸਬੰਧ ’ਚ ਕੈਨੇਡੀਅਨ ਭਾਈਵਾਲਾਂ ਦੇ ਸੰਪਰਕ ’ਚ ਹੈ ਤੇ ਓਟਾਵਾ ਦੀ ਨਿਆਂ ਪ੍ਰਣਾਲੀ ’ਚ ਭਰੋਸਾ ਪ੍ਰਗਟਾਇਆ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਨੇ ਪਹਿਲਾਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਤੇ ਕੈਨੇਡਾ ’ਚ ਆਪਣੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਵਾਪਸ ਬੁਲਾਇਆ ਸੀ। ਇਸ ਹਫਤੇ ਦੇ ਸ਼ੁਰੂ ’ਚ, ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ “ਬੇਬੁਨਿਆਦ” ਕਰਾਰ ਦਿੱਤਾ ਅਤੇ ਜਸਟਿਨ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਨਾਲ ਜੋੜਿਆ, ਜੋ ਵੋਟ ਬੈਂਕ ਦੀ ਰਾਜਨੀਤੀ ’ਤੇ ਕੇਂਦਰਿਤ ਹੈ। 634O ਦੇ ਬਿਆਨ ਤੋਂ ਦੋ ਦਿਨ ਪਹਿਲਾਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟੋਰਮਰ ਨੇ ਸੋਮਵਾਰ ਨੂੰ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨਾਲ ਫੋਨ ’ਤੇ ਗੱਲ ਕੀਤੀ ਸੀ। ਬ੍ਰਿਟੇਨ ਅਤੇ ਕੈਨੇਡਾ ’ਫਾਈਵ ਆਈਜ਼’ ਨਾਮਕ ਗਠਜੋੜ ਦਾ ਹਿੱਸਾ ਹਨ ਜਿਸ ਵਿਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਵੀ ਸ਼ਾਮਲ ਹਨ। ਐੱਫਸੀਡੀਓ ਦੇ ਬੁਲਾਰੇ ਨੇ ਕਿਹਾ ਕਿ ਕੈਨੇਡਾ ’ਚ ਸੁਤੰਤਰ ਜਾਂਚ ’ਚ ਸਾਹਮਣੇ ਆਏ ਗੰਭੀਰ ਵਿਕਾਸ ਦੇ ਸਬੰਧ ’ਚ ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਦੇ ਸੰਪਰਕ ’ਚ ਹਾਂ। ਪ੍ਰਭੂਸੱਤਾ ਅਤੇ ਕਾਨੂੰਨ ਦੇ ਰਾਜ ਦਾ ਸਨਮਾਨ ਜ਼ਰੂਰੀ ਹੈ। ਭਾਰਤ ਸਰਕਾਰ ਦਾ ਸਹਿਯੋਗ ਕੈਨੇਡਾ ਦੀ ਕਾਨੂੰਨੀ ਪ੍ਰਕਿਰਿਆ ’ਚ ਅਗਲਾ ਸਹੀ ਕਦਮ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਪਿਛਲੇ ਸਾਲ ਸਤੰਬਰ ’ਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ’ਸੰਭਵ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧਾਂ ’ਚ ਭਾਰੀ ਤਣਾਅ ਆ ਗਿਆ ਹੈ। ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਭਾਰਤੀ ਏਜੰਟਾਂ ਨੂੰ ਕੈਨੇਡਾ ’ਚ ਅਪਰਾਧਿਕ ਗਰੋਹਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਬ੍ਰਿਟੇਨ ਦੀ ਸਰਕਾਰ ਨੇ ਸਟੋਰਮਰ ਅਤੇ ਟਰੂਡੋ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਨੇ ਕੈਨੇਡਾ ’ਚ ਦੋਸ਼ਾਂ ਦੀ ਜਾਂਚ ਦੇ ਸੰਬੰਧ ’ਚ ਹਾਲ ਹੀ ਦੇ ਘਟਨਾਕ੍ਰਮ ’ਤੇ ਚਰਚਾ ਕੀਤੀ। ਦੋਵਾਂ ਨੇ ਕਾਨੂੰਨ ਦੇ ਰਾਜ ਦੀ ਮਹੱਤਤਾ ’ਤੇ ਸਹਿਮਤੀ ਪ੍ਰਗਟਾਈ। ਉਹ ਜਾਂਚ ਦੇ ਸਿੱਟੇ ’ਤੇ ਪਹੁੰਚਣ ਤੱਕ ਨਜ਼ਦੀਕੀ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ।