ਅਸ਼ੋਕ ਵਰਮਾ

ਬਠਿੰਡਾ, 27 ਸਤੰਬਰ 2024:ਪੰਜਾਬ ਸਰਕਾਰ ਤਰਫੋਂ ਪੰਚਾਇਤਾਂ ’ਚ ਭਾਵੇਂ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਕੀਤਾ ਗਿਆ ਹੈ ਫਿਰ ਵੀ ਉਨ੍ਹਾਂ ਦੇ ਪੱਲੇ ਫੋਕੀ ਸਰਪੰਚੀ ਹੀ ਹੈ ਕਿਉਂਕਿ ਅਸਲ ਸਰਪੰਚੀ ਤਾਂ ਉਨ੍ਹਾਂ ਦੇ ਪਤੀ ਜਾਂ ਮੁੰਡੇ ਕਰਦੇ ਆ ਰਹੇ ਹਨ। ਮਹੱਤਵਪੂਰਨ ਇਹ ਵੀ ਹੈ ਕਿ ਜਿਨ੍ਹਾਂ ਪਿੰਡਾਂ ’ਚ ਸਰਪੰਚ ਐਸ.ਸੀ. ਵਰਗ ਨਾਲ ਸਬੰਧਤ ਔਰਤਾਂ ਹਨ, ਉਨ੍ਹਾਂ ਵਿੱਚ ਤਾਂ ਸਰਪੰਚੀ ਵੀ ਉਨ੍ਹਾਂ ਦੇ ਪਤੀਆਂ ਦੇ ਹੱਥ ਨਹੀਂ ਰਹਿੰਦੀ ਹੈ। ਪਿੰਡਾਂ ਦੇ ਕਈ ਚੌਧਰੀ ਜਾਂ ਫਿਰ ਸਿਆਸੀ ਅਸਰ ਰਸੂਖ ਰੱਖਣ ਵਾਲੇ ਹੀ ਉਨ੍ਹਾਂ ਦੀ ਥਾਂ ਸਰਪੰਚੀ ਕਰਦੇ ਹਨ। ਹਾਲਾਂਕਿ ਤਾਜਾ ਚੋਣ ਅਮਲ ਤੋਂ ਬਾਅਦ ਸਰਪੰਚੀ ਜਿੱਤਣ ਵਾਲੀਆਂ ਔਰਤਾਂ ਦੇ ਮਾਮਲੇ ’ਚ ਕੀ ਕੋਈ ਬਦਲਾਅ ਆਉਂਦਾ ਹੈ ਇਹ ਤਾਂ ਵਕਤ ਤੈਅ ਕਰੇਗਾ ਪਰ ਇਸ ਤੋਂ ਪਹਿਲਾਂ ਦੋ ਵਾਰ ਹੋਈਆਂ ਪੰਚਾਇਤ ਚੋਣਾਂ ਮੌਕੇ ਜਿੱਤੀਆਂ ਔਰਤਾਂ ਦੇ ਮਾਮਲਿਆਂ ਦੀ ਪੁਣਛਾਣ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਸਿਰਫ ਸਰਪੰਚ ਹੀ ਨਹੀਂ ਬਲਕਿ ਪੰਚ ਵਜੋਂ ਜਿੱਤ ਹਾਸਲ ਕਰਨ ਵਾਲੀਆਂ ਜਿਆਦਾਤਰ ਔਰਤਾਂ ਦੇ ਸਰਬਰਾਹ ਵੀ ਪਤੀ ਜਾਂ ਪੁੱਤ ਹੀ ਬਣਦੇ ਰਹੇ ਹਨ। ਇਨ੍ਹਾਂ ਤੱਥਾਂ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਔਰਤ ਸਰਪੰਚਾਂ ਨੇ ਜੋ ਆਪਣੇ ਮੋਬਾਈਲ ਫੋਨ ਨੰਬਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਕੋਲ ਲਿਖਾਏ ਸਨ ਉਨ੍ਹਾਂ ਤੇ ਜਦੋਂ ਫੋਨ ਕੀਤਾ ਗਿਆ ਤਾਂ ਅੱਗਿਓ ਕਿਸੇ ਵੀ ਔਰਤ ਸਰਪੰਚ ਨੇ ਫੋਨ ਨਹੀਂ ਚੁੱਕਿਆ, ਸਗੋਂ ਉਨ੍ਹਾਂ ਦੇ ਪਤੀ ਜਾਂ ਪੁੱਤ ਨੇ ਹੀ ਫੋਨ ਰਿਸੀਵ ਕੀਤਾ। ਇਹ ਪੁੱਛਣ ਤੇ ਕੌਣ ਬੋਲਦਾ ਹੈ ਤਾਂ ਜਿਆਦਾਤਰ ਨੇ ਖੁਦ ਦੀ ਪਛਾਣ ਸਰਪੰਚ ਵਜੋਂ ਦੱਸੀ ਜਦੋਂਕਿ ਅਸਲ ’ਚ ਸਰਪੰਚ ਉਸ ਦੀ ਥਾਂ ਮਹਿਲਾ ਸੀ। ਇਹ ਨਹੀਂ ਕਿ ਕਦੇ ਪ੍ਰਸ਼ਾਸ਼ਨ ਨੇ ਇਸ ਗੱਲ ਦਾ ਨੋਟਿਸ ਨਹੀਂ ਲਿਆ ਬਲਕਿ ਕਈ ਵਾਰ ਹਦਾਇਤਾਂ ਵੀ ਜਾਰੀ ਹੋਈਆਂ ਜਿੰਨ੍ਹਾਂ ਤੇ ਕਦੇ ਅਮਲ ਨਹੀਂ ਹੋ ਸਕਿਆ। ਬਠਿੰਡਾ ਜ਼ਿਲ੍ਹੇ ਦੀ ਇੱਕ ਸਾਬਕਾ ਮਹਿਲਾ ਸਰਪੰਚ ਦਾ ਫੋਨ ਉਸ ਦੇ ਪਤੀ ਨੇ ਚੁੱਕਿਆ ਜਿਸ ਨੇ ਖੁਦ ਨੂੰ ਸਰਪੰਚ ਦੱਸਿਆ। ਪੰਚਾਇਤ ਵਿਭਾਗ ਦੀ ਸੂਚੀ ’ਚ ਦਰਜ ਉਸ ਦੀ ਪਤਨੀ ਦੇ ਨਾਮ ਬਾਰੇ ਦੱਸਣ ਤੇ ਉਸ ਨੇ ਆਖਿਆ ਕਿ ‘ਉਹ ਤਾਂ ਘੱਟ ਵੱਧ ਹੀ ਪੰਚਾਇਤੀ ਕੰਮ ’ਚ ਜਾਂਦੀ ਸੀ, ਪੰਚਾਇਤ ਦਾ ਕੰਮ ਮੈਂ ਖ਼ੁਦ ਹੀ ਕਰਦਾ ਹੁੰਦਾ ਸੀ। ਉਸ ਨੇ ਇਹ ਵੀ ਕਿਹਾ ਕਿ ਜਦੋਂ ਕਿਤੇ ਬੇਹੱਦ ਜਰੂਰੀ ਹੁੰਦਾ ਸੀ ਤਾਂ ਉਹ ਆਪਣੀ ਘਰ ਵਾਲੀ ਨੂੰ ਨਾਲ ਲਿਜਾਂਦਾ ਰਿਹਾ ਹੈ। ਇੱਕ ਹੋਰ ਔਰਤ ਸਰਪੰਚ ਦੇ ਲੜਕੇ ਨੇ ਵੀ ਮੰਨਿਆ ਕਿ ’ਮਾਤਾ ਜੀ ਤਾਂ ਕੇਵਲ ਉਸ ਥਾਂ ਜਾਂਦੇ ਸਨ ਜਿੱਥੇ ਸਰਪੰਚ ਦੀ ਮੌਜੂਦਗੀ ਜਰੂਰੀ ਹੋਵੇ । ਉਸ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਕੰਮਾਂ ਕਾਰਾਂ ’ਚ ਮਾਤਾ ਜੀ ਤਾਂ ਨਹੀ ਜਾ ਸਕਦੇ ਸਨ ਇਸ ਲਈ ਉਸ ਨੂੰ ਜਾਣਾ ਪੈਂਦਾ ਸੀ। ਇੱਕ ਹੋਰ ਪਿੰਡ ਦੀ ਸਰਪੰਚ ਦੇ ਲੜਕੇ ਨੇ ਕਿਹਾ ਕਿ ਔਰਤਾਂ ਲਈ ਥਾਣੇ ਕਚਹਿਰੀ ਜਾਣਾ ਕਾਫੀ ਔਖਾ ਹੁੰਦਾ ਹੈ ਜਿਸ ਕਰਕੇ ਮਜਬੂਰੀ ਵੱਸ ਪੰਜ ਸਾਲ ਇਹ ਜਿੰਮੇਵਾਰੀਆਂ ਉਸ ਨੂੰ ਨਿਭਾਉਣੀਆਂ ਪਈਆਂ ਹਨ। ਉਸ ਨੇ ਕਿਹਾ ਕਿ ਜਦੋਂ ਔਰਤਾਂ ਦਾ ਇਕੱਠ ਹੁੰਦਾ ਸੀ ਤਾਂ ਮਾਤਾ ਜੀ ਚਲੇ ਜਾਂਦੇ ਸਨ। ਉਸ ਨੇ ਦੱਸਿਆ ਕਿ ਸਿਆਸੀ ਰੈਲੀਆਂ ’ਚ ਵੀ ਉਹ ਹੀ ਜਾਂਦਾ ਰਿਹਾ ਹੈ। ਇੱਕ ਪਿੰਡ ਦੀ ਮਹਿਲਾ ਸਰਪੰਚ ਨਾਲ ਸੰਪਰਕ ਕਰਨ ਤੇ ਜਿਸ ਵਿਅਕਤੀ ਨੇ ਫੋਨ ਚੁੱਕਿਆ, ਉਸ ਨੇ ਕਿਹਾ ਕਿ ਸਰਪੰਚ ਤਾਂ ਹੋਰ ਹੈ ਪਰ ਸਰਪੰਚੀ ਦਾ ਚਾਰਜ ਉਸ ਕੋਲ ਹੈ। ਫੋਨ ਚੁੱਕਣ ਵਾਲਾ ਜਰਨਲ ਕੋਟੇ ਦਾ ਪੰਚ ਸੀ ਇਸ ਔਰਤ ਦੇ ਪਤੀ ਨੂੰ ਤਾਂ ਫੋਕੀ ਸਰਪੰਚੀ ਵੀ ਨਸੀਬ ਨਹੀਂ ਹੋਈ ਕਿਉਂਕਿ ਘਰਵਾਲੀ ਰਾਖਵੇਂ ਕੋਟੇ ’ਚੋਂ ਸਰਪੰਚ ਬਣੀ ਸੀ। ਇਹ ਕੁੱਝ ਮਿਸਾਲਾਂ ਹਨ ਪੰਜਾਬ ’ਚ ਵੱਡੀ ਗਿਣਤੀ ਪੰਚਾਇਤਾਂ ਅਜਿਹੀਆਂ ਹਨ ਜਿੱਥੇ ਸਰਪੰਚ ਚੁਣੀਆਂ ਔਰਤਾਂ ਦੀ ਥਾਂ ਸਰਪੰਚੀ ਉਨ੍ਹਾਂ ਦੇ ਪਤੀਆਂ ਜਾਂ ਪੁੱਤਾਂ ਨੇ ਹੀ ਕੀਤੀ ਸੀ। ਮਿਸਾਲ ਵੀ ਬਣੀਆਂ ਔਰਤਾਂ ਸਰਪੰਚ ਇਹ ਨਹੀਂ ਕਿ ਇਸ ਮਾਮਲੇ ’ਚ ਹਰ ਔਰਤ ਪਿੱਛੇ ਰਹੀ ਸਗੋਂ ਪੰਜਾਬ ਦੇ ਕਈ ਪਿੰਡਾਂ ’ਚ ਔਰਤ ਸਰਪੰਚਾਂ ਨੇ ਕੌਮੀ ਦੰਗਲ ਜਿੱਤਿਆ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਮਾਣਕਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਇਸ ਦੀ ਮਿਸਾਲ ਹੈ। ਪਿੰਡ ਆਕਲੀਆ ਕਲਾਂ ਦੀ ਸਰਪੰਚ ਅਮਰਦੀਪ ਕੌਰ ਦਾ ਨਾਮ ਵੀ ਬੋਲਦਾ ਹੈ ਜਿੰਨ੍ਹਾਂ ਨੇ ਤਾਂ ਆਪਣੇ ਕਾਰਜਕਾਲ ਦੌਰਾਨ ਤਾਂ ਛੋਟੇ ਮੋਟੇ ਲੜਾਈ ਝਗੜਿਆਂ ਦਾ ਪਿੰਡ ’ਚ ਹੀ ਰਾਜੀਨਾਮਾ ਕਰਵਾਉਣ ਕਾਰਨ ਲੋਕਾਂ ਥਾਣੇ ਕਚਹਿਰੀਆਂ ਤੋਂ ਖਹਿੜਾ ਛੁਡਾ ਦਿੱਤਾ ਸੀ। ਰਾਮਪੁਰਾ ਹਲਕੇ ਦਾ ਪਿੰਡ ਹਿੰਮਤਪੁਰਾ ਵੀ ਔਰਤ ਸਰਪੰਚ ਮਲਕੀਤ ਕੌਰ ਨੇ ਕੌਮੀ ਨਕਸ਼ੇ ਤੇ ਚਮਕਾਇਆ ਹੈ। ਪਿੰਡ ਸੁੱਖਾ ਸਿੰਘ ਵਾਲਾ ਦੀ ਸਰਪੰਚ ਵੀ ਇਸ ਮਮਾਲੇ ’ਚ ਮਿਸਾਲ ਬਣੀ ਹੈ।
■ਔਰਤਾਂ ਨੂੰ ਪਵੇਗਾ ਅੱਗੇ ਆਉਣਾ

ਪਿੰਡ ਮਾਣਕਖਾਨਾ ਦੀ ਸਾਬਕਾ ਸਰਪੰਚ ਸੈਸ਼ਨਦੀਪ ਕੌਰ ਦਾ ਕਹਿਣਾ ਸੀ ਕਿ ਇਹ ਤਲਖ ਹਕੀਕਤ ਹੈ ਕਿ ਸਿਰਫ 10 ਤੋਂ 15 ਕੁ ਫੀਸਦੀ ਮਹਿਲਾ ਸਰਪੰਚ ਖੁਦ ਸਰਪੰਚੀ ਕਰਦੀਆਂ ਹਨ ਜਦੋਂਕਿ ਬਾਕੀਆਂ ਦੇ ਪਤੀ ਜਾਂ ਮੁੰਡੇ ਹੀ ਸਰਪੰਚੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਚੰਗਾ ਪੱਖ ਇਹ ਹੈ ਕਿ ਔਰਤਾਂ ਨੂੰ ਰਾਖਵੇਂਕਰਨ ਕਾਰਨ ਪੇਂਡੂ ਲੋਕ ਰਾਜ ’ਚ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿ ਔਰਤਾਂ ਖੁਦ ਘਰਾਂ ਤੋਂ ਬਾਹਰ ਨਹੀਂ ਆਉਂਦੀਆਂ, ਉਨਾਂ ਸਮਾਂ ਔਰਤ ਜਾਤੀ ਨੂੰ ਦਿੱਤੇ ਰਾਖਵੇਂਕਰਨ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਹੈ ।