11.3 C
United Kingdom
Sunday, May 19, 2024

More

    ਓਵਰਸੀਜ਼ ਘੱਲ ਕਲਾਂ ਗਰੁੱਪ ਦੇ ਉਪਰਾਲੇ ਸਦਕਾ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ

    ਪਿੰਡ ਘੱਲ ਕਲਾਂ ਦੇ ਵਿਦਿਆਰਥੀਆਂ, ਖਿਡਾਰੀਆਂ ਅਤੇ ਹੋਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸ਼ੀਅਤਾਂ ਦੇ ਸਨਮਾਨ ਹਿਤ ਸਮਾਰੋਹ

    ਮੋਗਾ (ਪੰਜ ਦਰਿਆ ਬਿਊਰੋ) ਜ਼ਿਲ੍ਹਾ ਮੋਗਾ ਦੇ ਪਿੰਡ ਘੱਲ ਕਲਾਂ ਵਿਖੇ ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ ਪਿੰਡ ਵਿੱਚ ਵਿਦਿਆਰਥੀਆਂ, ਖਿਡਾਰੀਆਂ ਅਤੇ ਹੋਰ ਪ੍ਰਾਪਤੀਆਂ ਕਰਕੇ ਪਿੰਡ ਦਾ ਨਾਮ ਉੱਚਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਤਾਂ ਕਿ ਹੋਰ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਸਮਾਗਮ ਓਵਰਸੀਜ਼ ਵੱਲੋਂ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਅਤੇ ਜਾਗਰੂਕਤਾ ਲਈ ਪੁੱਟਿਆ ਗਿਆ ਕਦਮ ਹੈ ਤਾਂ ਕਿ ਨੌਜਵਾਨ ਤਬਕਾ ਚੰਗੇ ਪਾਸੇ ਵੱਲ ਅੱਗੇ ਵਧੇ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵਾਤਾਵਰਣ ਪ੍ਰੇਮੀ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਨੇ ਉਹਨਾਂ ਦੇ ਸਹਾਇਕ ਗੁਰਪ੍ਰੀਤ ਸਿੰਘ ਨਾਲ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਪ ਜਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਸ੍ਰ. ਸੁਖਰਾਜ ਸਿੰਘ ਵਿਰਕ, ਪ੍ਰਿੰਸੀਪਲ ਮੈਡਮ ਜਯੋਤੀ ਬਾਂਸਲ, ਇੰਚਾਰਜ ਪ੍ਰਿੰਸੀਪਲ ਮੈਡਮ ਅਮਿਤਾ ਅਤੇ ਸਕੂਲ ਦੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਮੌਜੂਦ ਸਨ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬਾਬਾ ਗੁਰਮੀਤ ਸਿੰਘ ਨੇ ਨੌਜਵਾਨਾਂ ਨੂੰ ਪ੍ਰੇਰਣਾਤਮਕ ਢੰਗ ਨਾਲ ਦੱਸਿਆ ਕਿ ਕਿਵੇਂ ਉਹ ਆਪਣੇ ਮਾਪਿਆਂ ਪਿੰਡ ਅਤੇ ਭਾਈਚਾਰੇ ਦਾ ਨਾਮ ਉੱਚਾ ਕਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਕਿਸੇ ਦੇ ਗੁਣ ਜਾਂ ਕਲ੍ਹਾ ਦਾ ਸਤਿਕਾਰ ਕਰਦੇ ਹੋ ਤਾਂ ਤੁਹਾਡੇ ਅੰਦਰ ਵੀ ਗੁਣ ਤੇ ਕਲ੍ਹਾ ਪਰਗਟ ਹੁੰਦੀ ਹੈ ਜਿਹਨਾਂ ਗੁਣਾਂ ਕਰਕੇ ਅੱਜ ਦਾ ਜੋ ਸਨਮਾਨ ਹੋ ਰਿਹਾ ਜੋ ਹੋਰ ਇੱਥੋਂ ਤੱਕ ਪਹੁਚਣਾ ਚਾਹੁੰਦੇ ਨੇ ਉਹ ਸਿਖਿਆਰਥੀ ਵੀ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਅੱਗੇ ਸਨਮਾਨਯੋਗ ਬਣ ਸਕਦੇ ਨੇ। ਉਹਨਾਂ ਨੇ ਮੈਸੀ, ਰੋਨਾਲਡੋ, ਅਜੇ ਸਿੰਘ ਬੰਗਾ ਤੇ ਅਥਲੀਟ ਤਜਿੰਦਰਪਾਲ ਤੂਰ ਦੀਆਂ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਵੀ ਇਹਨਾਂ ਸ਼ਖਸ਼ੀਅਤਾਂ ਵਾਂਗ ਅਗਲੇ ਸਮਾਗਮਾਂ ਵਿੱਚ ਸਨਮਾਨ ਹਾਸਲ ਕਰਨ ਵਾਲੇ ਬਣਨ।ਡਿਪਟੀ ਡੀਈਓ ਵੱਲੋਂ ਓਵਰਸੀਜ਼ ਗਰੁੱਪ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਲੜਕੀਆਂ ਵਾਲੇ ਸਕੂਲ ਦੇ ਸਿੱਖਿਆ ਪ੍ਰਬੰਧਾਂ ਦੀ ਵੀ ਵਿਸ਼ੇਸ਼ ਤੌਰ ‘ਤੇ ਤਾਰੀਫ ਕੀਤੀ ਉਹਨਾਂ ਕਿਹਾ ਕਿ ਪਿੰਡ ਦਾ ਸਕੂਲ ਲਈ ਯੋਗਦਾਨ ਜ਼ਿਕਰਯੋਗ ਹੈ। ਉਹਨਾਂ ਇਹ ਵੀ ਕਿਹਾ ਕਿ ਅਜਿਹੇ ਉਪਰਾਲੇ ਨਿਰੰਤਰ ਜਾਰੀ ਰੱਖਣ ਦੀ ਪਿੰਡਾਂ ਨੂੰ ਬਹੁਤ ਲੋੜ ਹੈ।ਇਸ ਸਮਾਗਮ ਵਿੱਚ ਓਵਰਸੀਜ਼ ਗਰੁੱਪ ਅਤੇ ਪਿੰਡ ਵੱਲੋਂ ਵਿਦਿਆਰਥੀਆਂ-ਖਿਡਾਰੀਆਂ ਤੋਂ ਇਲਾਵਾ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਤੇ ਮੁੱਖ ਮਹਿਮਾਨਾਂ ਦੇ ਨਾਲ “ਜਾਗੋ ਲਹਿਰ ਘੱਲ ਕਲਾਂ” ਨੂੰ ਵੀ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਸਨਮਾਨਿਤ ਕੀਤਾ।ਸਮਾਗਮ ਵਿੱਚ ਉਦਯੋਗਿਕ ਵਿਭਾਗ ਦੇ ਇੰਚਾਰਜ ਸੁਖਰਾਜ ਸਿੰਘ ਵਿਰਕ ਵੱਲੋਂ ਵਿਦਿਆਰਥੀਆਂ ਅਤੇ ਨਗਰ ਨਿਵਾਸੀਆਂ ਨੂੰ ਆਤਮ ਨਿਰਭਰ ਹੋਣ ਲਈ ਸਰਕਾਰ ਵੱਲੋਂ ਚਲਾਈਆਂ ਯੋਜਨਾਵਾਂ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।ਇਸ ਮੌਕੇ ਗੁਰਦੁਆਰਾ ਗੁਰੂਸਰ ਪ੍ਰਬੰਧਕ ਕਮੇਟੀ ਜੋ ਓਵਰਸੀਜ਼ ਦੇ ਨਾਲ ਪਹਿਲੇ ਦਿਨ ਤੋਂ ਅਣਮੁੱਲਾ ਸਹਿਯੋਗ ਕਰ ਰਹੀ ਹੈ, ਦੋਨੋਂ ਗ੍ਰਾਮ ਪੰਚਾਇਤਾਂ, ਸਰਪੰਚ ਸਿਮਰਨਜੀਤ ਸਿੰਘ ਰਿੱਕੀ ਅਤੇ ਗੁਰਪ੍ਰਤਾਪ ਸਿੰਘ ਰਾਜੂ ਮੌਜੂਦ ਸਨ। ਪਿੰਡ ਦੇ ਨਗਰ ਨਿਵਾਸੀਆਂ, ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕਾਂ, ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਭਰਪੂਰ ਹਾਜ਼ਰੀ ਭਰੀ। ਇਸ ਮੌਕੇ ਸਟੇਜ ਸੈਕਟਰੀ ਮਾਸਟਰ ਹਜੂਰਾ ਸਿੰਘ ਜੀ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਉਹਨਾਂ ਦੇ ਨਾਲ ਮਾ. ਸੁਖਦੇਵ ਸਿੰਘ ਬੱਬੀ, ਮਾ. ਨਛੱਤਰ ਸਿੰਘ ਨੀਲਾ, ਲਖਵੀਰ ਸਿੰਘ ਲੱਖਾ ਖੇਡਾਂ ਅਤੇ ਪੜ੍ਹਾਈ ਕਮੇਟੀ ਦੇ ਨੁਮਾਇੰਦੇ ਅਤੇ ਸਮੂਹ ਸੇਵਾਦਾਰ ਓਵਰਸੀਜ਼ ਗਰੁੱਪ ਦੇ ਸੇਵਾਦਾਰ ਵੀਰ ਹਾਜ਼ਰ ਸਨ।

    PUNJ DARYA

    Leave a Reply

    Latest Posts

    error: Content is protected !!