10.3 C
United Kingdom
Wednesday, April 9, 2025

More

    ਇਸ ਵਜ੍ਹਾ ਕਰਕੇ ਹੋ ਰਹੀਆਂ ਹਨ ਕੈਨੇਡਾ ਪੜ੍ਹਨ ਆਏ ਬੱਚਿਆਂ ਦੀਆਂ ਮੌਤਾਂ

    ਤਣਾਅ ਦੀ ਮਾਰ ਝੱਲਦੇ ਬੱਚਿਆਂ ਦਾ ਸਾਥ ਦੇਣ ਦੀ ਲੋੜ

    ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਅਦਾਰਿਆਂ ਵੱਲੋਂ ਸਮੇਂ ਸਮੇਂ ‘ਤੇ ਆਵਾਜ਼ ਉਠਾਈ ਜਾਂਦੀ ਹੈ ਕਿ ਨਸ਼ੇ ਨਾ ਕਰੋ, ਕਿਉਂਕਿ ਮਿਲਾਵਟ ਬਹੁਤ ਹੋ ਰਹੀ। ਫੈਂਟਾਨਿਲ ਨੇ ਬਹੁਤ ਮਾਰ ਦਿੱਤੇ ਪਰ ਕੋਈ ਸੁਣਦਾ ਹੀ ਨਹੀਂ। ਕਈਆਂ ਨੂੰ ਖਰਚੇ ਪੂਰੇ ਕਰਨ ਲਈ ਕੰਮ ਸਖਤ ਕਰਨਾ ਪੈਂਦਾ ਹੈ। ਕਈ ਸਖ਼ਤ ਕੰਮ ਕਰਨ ਲਈ ਅਤੇ ਸਰੀਰ ਦੀ ਥਕਾਵਟ ਦੂਰ ਕਰਨ ਲਈ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਤੇ ਫਿਰ ਹੌਲ਼ੀ ਹੌਲ਼ੀ ਪੱਕੇ ਨਸ਼ਿਆਂ ‘ਤੇ ਲੱਗ ਜਾਂਦੇ ਹਨ। ਹਰੇਕ ਦਾ ਸਰੀਰ ਵੱਖੋ ਵੱਖਰਾ, ਕੋਈ ਥੋੜੇ ਜਿਹੇ ਨਸ਼ੇ ਨਾਲ ਵੀ ਓਵਰਡੋਜ਼ ਹੋ ਸਕਦਾ ਤੇ ਕਈ ਬਹੁਤ ਸਾਰਾ ਨਸ਼ਾ ਕਰਕੇ ਵੀ ਬਚ ਜਾਂਦੇ ਹਨ। ਪਤਾ ਸਭ ਨੂੰ ਹੈ ਕਿ ਆਲੇ-ਦੁਆਲੇ ਕੀ ਹੋ ਰਿਹਾ, ਪਰ ਇਸ ਵਾਰੇ ਕੋਈ ਬੋਲਦਾ ਨਹੀਂ। ਨਸ਼ਾ ਆਮ ਵਿਕਦਾ ਹੈ, ਭੰਗ ਵਰਗੇ ਸਟਰੀਟ ਨਸ਼ਿਆਂ ਦੀਆਂ ਡਿਸਪੈਂਸਰੀਆਂ ਆਮ ਖੁੱਲ ਗਈਆਂ ਹਨ। ਜਿਸ ਨਾਲ਼ ਬੱਚਿਆਂ ਨੂੰ ਇਹ ਅਸਾਨੀ ਨਾਲ਼ ਮਿਲ਼ ਜਾਂਦਾ।ਇੱਕ ਗੱਲ ਹੋਰ ਇੱਥੇ ਮਾਨਸਿਕ ਤਣਾਅ ਬਹੁਤ ਹੈ, ਕੰਮ, ਪੜਾਈਆਂ ਤੇ ਬਾਕੀ ਕੰਮਾਂ ਦੀ ਜੁੰਮੇਵਾਰੀ ਆਂ ਜਦੋਂ ਮੋਢਿਆਂ ਤੇ ਆਣ ਪੈਂਦੀ ਹੈ ਤਾਂ ਵੀ ਨੌਜਵਾਨ ਨਸ਼ੇ ਕਰਨ ਲੱਗ ਜਾਂਦੇ ਜਾਂ ਫਿਰ ਖੁਦਕੁਸ਼ੀ ਵੱਲ ਨੂੰ ਹੋ ਤੁਰਦੇ। ਇਕੱਲੇ ਰਹਿ ਰਹੇ ਬੱਚਿਆਂ ਨੂੰ ਰੋਕਣ ਟੋਕਣ ਵਾਲ਼ਾ ਕੋਈ ਨਹੀਂ ਹੁੰਦਾ, ਕੈਨੇਡਾ ਨਵੇਂ ਆਏ ਬੱਚਿਆਂ ਨੂੰ ਨਵੇਂ ਮਹੌਲ ਵਿੱਚ ਰਚਣ ਮਿਚਣ ਨੂੰ ਵੀ ਸਮਾਂ ਲੱਗਦਾ। ਜਿਹੜੇ ਬੱਚੇ ਦੂਜਿਆਂ ਨਾਲ਼ ਘੁਲ਼ ਮਿਲ਼ ਨਹੀਂ ਪਾਉਂਦੇ, ਉਹ ਇਕਲਾਪੇ ਦਾ ਸ਼ਿਕਾਰ ਹੋ ਜਾਂਦੇ। ਜਿਸ ਨਾਲ਼ ਉਹ ਮਾਨਸਿਕ ਤਨਾਅ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ।ਪਹਿਲਾਂ ਪਹਿਲ ਆਇਆਂ ਨੂੰ ਤਾਂ ਕਨੇਡਾ ਮੁਲਕ ਸਵਰਗ ਵਰਗਾ ਲੱਗਦਾ, ਜਦੋਂ ਅਸਲੀਅਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਬੱਚਿਆਂ ਕੋਲ਼ੋਂ ਐਨਾ ਕੁਝ ਸੰਭਾਲਣਾ ਮੁਸ਼ਕਿਲ ਹੋ ਜਾਂਦਾ।ਕੰਮ ਲੱਭਣਾ, ਕਈ ਵਾਰ ਕੰਮ ਨਹੀਂ ਮਿਲਦਾ, ਕਈ ਵਾਰ ਕੰਮ ਮਿਲ਼ ਵੀ ਜਾਂਦਾ ਪਰ ਜਦੋਂ ਮਾਲਕ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ ਜਾਂ ਘੱਟ ਪੈਸੇ ਦਿੰਦੇ ਹਨ। ਆਵਾਜ ਉਠਾਉਣ ਤੇ ਕੰਮ ਦੇ ਮਾਲਕਾਂ ਵੱਲੋਂ ਕੰਮ ਤੋਂ ਕੱਡਣ ਜਾਂ ਵਾਪਸ ਭਾਰਤ ਭੇਜਣ ਦੀ ਧਮਕੀ ਦੇ ਡਰੋਂ ਚੁੱਪ ਕਰ ਕੇ ਬੈਠ ਜਾਣਾ। ਕੰਮਾਂ ਤੇ ਮਾਨਸਿਕ ਦੇ ਨਾਲ਼ ਨਾਲ਼ ਸਰੀਰਕ ਸ਼ੋਸ਼ਣ ਹੋਣਾ। ਮਹਿੰਗਾਈ ਹੱਦੋਂ ਵੱਧ ਹੋਣ ਕਾਰਣ ਰੈਂਟ ਦੇਣ ਦਾ ਤਨਾਵ, ਗਰੋਸਰੀ ਦਾ ਖਰਚਾ, ਪੱਕੇ ਹੋਣ ਦੀ ਪ੍ਰੇਸ਼ਾਨੀ, ਘਰਦਿਆਂ ਦੀਆਂ ਮੰਗਾਂ ਜਾਂ ਉਹਨਾ ਦੀਆਂ ਆਸਾਂ ਤੇ ਪੂਰਾ ਉਤਰਨ ਦਾ ਡਰ। ਬਾਰਾਂ ਪਾਸ ਬੱਚੇ 16-17 ਸਾਲ ਦੀ ਉਮਰ ਵਿੱਚ ਅਜੇ ਬਚਪਨਾ ਹੀ ਤਾਂ ਹੁੰਦਾ, ਘੱਟੋ ਘੱਟ 25 ਸਾਲ ਦੀ ਉਮਰ ਤੱਕ ਬੱਚਾ ਮਾਨਸਿਕ ਅਤੇ ਸਰੀਰਕ ਪੱਖ ਤੋਂ ਪੂਰੀ ਤਰਾਂ ਵਿਕਸਤ ਹੁੰਦਾ ਹੈ। ਚੰਗੇ ਮਾੜੇ ਦਾ ਫੈਸਲਾ ਲੈਣਾ ਉਹਨਾ ਲਈ ਬਹੁਤ ਔਖਾ ਹੁੰਦਾ। ਇਹ ਉਮਰ ਹੀ ਇਹੋ ਜਿਹੀ ਹੈ ਕਿ ਇਹਨਾ ਨੂੰ ਕੋਈ ਵੀ ਵਰਗਲਾ ਕੇ ਕੁਝ ਵੀ ਕਰਵਾ ਸਕਦੈ। ਬਾਕੀ ਬੱਚੇ ਬੱਚੇ ਦੀ ਪਰਵਰਿਸ਼ ਤੇ ਵੀ ਨਿਰਭਰ ਕਰਦਾ, ਕਈ ਬੱਚੇ ਸਮਝਦਾਰ ਹੁੰਦੇ ਉਹ ਔਖੇ ਸੌਖੇ ਹੋ ਕੇ ਤੰਗੀ ਕੱਟ ਲੈਂਦੇ, ਪਰ ਜਿਹੜੇ ਬੱਚੇ ਮਾਪਿਆਂ ਨੇ ਬਹੁਤ ਲਾਡਲੇ ਰੱਖੇ ਹੁੰਦੇ ਉਹ ਕਈ ਵਾਰ ਡੋਲ ਜਾਂਦੇ ਹਨ। ਇੱਥੇ ਆ ਕੇ ਮਹਿੰਗੀਆਂ ਕਾਰਾਂ ਮਹਿੰਗੇ ਵਿਆਜ ਦਰਾਂ ਤੇ ਲੈ ਕੇ, ਮੁੜ ਕੇ ਕਿਸ਼ਤਾਂ ਨਹੀਂ ਦੇ ਹੁੰਦੀਆਂ ਅਤੇ ਫਿਰ ਤਰੀਕੇ ਭਾਲਣੇ ਕਿ ਕਿਤਿਓਂ ਸੌਖੇ ਤਰੀਕੇ ਨਾਲ ਪੈਸਾ ਬਣ ਜਾਵੇ। ਉਸ ਵੇਲ਼ੇ ਨਸ਼ੇ ਵੇਚਣ ਵਰਗਾ ਤਰੀਕਾ ਆਸਾਨ ਲੱਗਦਾ ਹੈ। ਇਹ ਸਿਰਫ ਅੰਰਰਾਸ਼ਟਰੀ ਵਿਦਿਆਰਥੀ ਹੀ ਨਹੀਂ, ਕਨੇਡਾ ਦੇ ਜੰਮ-ਪਲ ਬੱਚਿਆਂ ਦਾ ਵੀ ਰੁਝਾਨ ਇਸ ਪਾਸੇ ਬਹੁਤ ਹੈ। ਡਰੱਗ ਵੇਚਣ ਵਾਲ਼ਿਆਂ ਕੋਲ਼ ਇਹਨਾ ਬੱਚਿਆਂ ਨੂੰ ਭਰਮਾਉਣ ਦੇ ਬੜੇ ਪੈਂਤੜੇ ਹੁੰਦੇ ਹਨ।ਸੋਲ਼ਾਂ ਸਤਾਰਾਂ ਸਾਲ ਉਮਰ ਬਹੁਤ ਛੋਟੀ ਹੈ, ਇਸ ਕਰਕੇ ਬੱਚੇ ਨੂੰ ਬਾਰਵੀਂ ਕਲਾਸ ਤੋਂ ਅੱਗੇ ਪੜਾਓ। ਕੋਈ ਹੁਨਰ ਸਿਖਾਓ ਤਾਂ ਕਿ ਉਸ ਨੂੰ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਉਮਰ ਦੇ ਹਿਸਾਬ ਨਾਲ਼ ਥੋੜਾ ਜਿਹਾ ਸਿਆਣਾ ਅਤੇ ਸਮਝਦਾਰ ਵੀ ਹੋ ਜਾਵੇ। ਜੇ ਬੱਚਾ ਬਾਹਰ ਜਾਣ ਦੀ ਜਿਦ ਕਰਦਾ ਤਾਂ ਉਸਨੂੰ ਸਮਝਾਵੋ, ਜਜ਼ਬਾਤੀ ਜਾਂ ਭਾਵੁਕ ਹੋ ਕੇ ਕੀਤੇ ਗਏ ਫੈਸਲੇ ਕਈ ਵਾਰ ਬਹੁਤ ਨੁਕਸਾਨ ਕਰਦੇ ਹਨ। ਇਹ ਉਮਰ ਹੀ ਇਹੋ ਜਿਹੀ ਹੈ ਕਿ ਬੱਚੇ ਲਈ ਇਸ ਉਮਰ ਚ ਠੀਕ ਗਲਤ ਦਾ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਬਹੁਤੇ ਪਰਿਵਾਰਾਂ ਵਿੱਚ ਅੱਜ ਕੱਲ ਸਿਰਫ ਇੱਕ ਹੀ ਬੱਚਾ ਹੁੰਦਾ ਹੈ ਉਹ ਵੀ ਅਸੀਂ ਬਾਹਰ ਭੇਜ ਦਿੰਦੇ ਹਾਂ, ਕਨੇਡਾ ਭੇਜਣ ਦੇ ਚੱਕਰ ਚ ਕਈ ਵਾਰ ਉਹ ਵੀ ਹੱਥੋਂ ਗੁਆ ਲੈਂਦੇ ਹਾਂ ਤੇ ਆਪਣਾ ਬੁਢਾਪਾ ਵੀ ਰੁਲ ਜਾਂਦਾ ਹੈ…!ਆਏ ਦਿਨ ਖਬਰਾਂ ਆਉਂਦੀਆਂ ਕਿ ਫਲ਼ਾਣੇ ਵਿਦਿਆਰਥੀ ਦੀ ਮੌਤ ਹੋ ਗਈ, ਫਿਰ ਲਾਸ਼ ਪੰਜਾਬ ਭੇਜਣੀ, ਉਸ ਲਈ ਗੋ ਫੰਡ ਮੀ ਦਾ ਪ੍ਰਬੰਧ ਕਰਨਾ। ਭਾਈਚਾਰੇ ਦੇ ਲੋਕਾਂ ਵੱਲੋਂ, ਕਈ ਸੰਸਥਾਵਾਂ ਵੱਲੋਂ ਜਾਂ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਅੱਗੇ ਹੋਕੇ ਲਾਸ਼ ਭਾਰਤ ਭੇਜਣ ਲਈ ਇੱਕ ਜੁੱਟ ਹੋ ਕੇ ਮਦਦ ਕੀਤੀ ਜਾਂਦੀ ਹੈ। ਮਰਨ ਵਾਲ਼ਿਆਂ ਵਿੱਚ ਜ਼ਿਆਦਾਤਰ ਮੁੰਡੇ ਹੁੰਦੇ ਅਤੇ ਕੁੜੀਆਂ ਘੱਟ।ਸਾਨੂੰ ਚਾਹੀਦਾ ਹੈ ਕਿ ਅਸੀਂ ਸੱਚ ਤੇ ਪਰਦਾ ਪਾਉਣ ਦੀ ਬਜਾਏ, ਇਸ ਗੱਲ ਦਾ ਕੋਈ ਹੱਲ ਲੱਭੀਏ ਨਹੀਂ ਤਾਂ ਭਵਿੱਖ ਵਿੱਚ ਸਾਨੂੰ ਇਸ ਦਾ ਹੋਰ ਵੀ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਹੋ ਜਿਹੀਆਂ ਕਿੰਨੀਆਂ ਹੀ ਅਖਬਾਰਾਂ ਦੀਆਂ ਖਬਰਾਂ ਜਾਂ ਸੁਰਖੀਆਂ, ਰੋਜ ਪੜਨ ਨੂੰ ਮਿਲ਼ਦੀਆਂ ਹਨ ਅਤੇ ਦਿਲ ਪਸੀਜ ਕੇ ਰਹਿ ਜਾਂਦਾ ਹੈ।ਨਸ਼ੇ ਤੋਂ ਇਲਾਵਾ ਤੁਹਾਡਾ ਰਹਿਣ ਸਹਿਣ, ਤੁਹਾਡਾ ਬੇਹਾ, ਪੁਰਾਣਾ ਖਾਣਾ ਖਾਣ ਨਾਲ਼, ਰੋਜ ਸਸਤੇ ਫਾਸਟ ਫੂਡ ਖਾਣ ਨਾਲ਼ , ਘੱਟ ਸੌਣਾ, ਨੀਂਦ ਪੂਰੀ ਨਾ ਹੋਣੀ। ਭੁੱਖੇ ਰਹਿ ਕੇ ਕੰਮ ਕਰੀ ਜਾਣਾ। ਉਸਦੇ ਨਾਲ਼ ਨਾਲ਼ ਚੌਵੀ ਘੰਟੇ ਤਨਾਵ ਵਿੱਚ ਰਹਿਣਾ, ਵੀ ਹਾਰਟ ਅਟੈਕ ਦੇ ਕਾਰਨ ਬਣ ਸਕਦੇ ਹਨ। ਸਾਡਾ ਗੀਤ ਸੰਗੀਤ, ਸਾਡਾ ਵਿਰਸਾ ਜਿਸ ਵਿੱਚ ਗਾਇਕਾਂ ਨੇ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ ਤੋਂ ਇਲਾਵਾ ਚਿੱਟਾ, ਕਾਲ਼ੀ ਨਾਗਣੀ, ਬੰਦੂਕਾਂ ਏਕੇ 47, ਆਦਿ ਪ੍ਰਮੋਟ ਕੀਤੀਆਂ ਹੋਣ ਓਥੇ ਭਵਿੱਖ ਅਤੇ ਜਵਾਨੀ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ। ਗੀਤਾਂ ਦੀਆਂ ਵੀਡੀਓ ਵਿੱਚ ਅਸਲ ਤੋਂ ਕਿਤੇ ਪਰ੍ਹੇ ਦਾ ਸਮਾਜ ਦਿਖਾਇਆ ਜਾਂਦਾ ਹੈ। ਜਿੱਥੇ ਮਹਿੰਗੀਆਂ ਕਾਰਾਂ, ਬਰੈਂਡਡ ਕੱਪੜੇ, ਨੰਗੇਜ਼, ਅਸਲਾ, ਨਸ਼ਾ, ਸ਼ਰਾਬ ਆਦਿ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੋਵੇ, ਉਸ ਤੋਂ ਕਿਹੋ ਜਿਹੇ ਸੱਭਿਆਚਾਰ ਦੀ ਆਸ ਕਰਾਂਗੇ।ਅੱਗੇ ਬੱਚਿਆਂ ਦੀ ਰੁਚੀ ਸਕੂਲ ਕਾਲਜਾਂ ਤੋਂ ਇਲਾਵਾ ਖੇਡਾਂ ਵੱਲ ਹੁੰਦੀ ਸੀ। ਛੁੱਟੀ ਤੋਂ ਬਾਅਦ ਬੱਚੇ ਘਰੋਂ ਬਾਹਰ ਖੇਡਦੇ ਸਨ। ਪਰ ਹੁਣ ਉਹ ਖੇਡਾਂ ਵਗੈਰਾ ਛੱਡ, ਬਾਕੀ ਸਮਾਂ ਆਪਣੇ ਫੋਨਾਂ ਤੇ ਬਿਤਾਉਂਦੇ ਹਨ। ਫੋਨ ਜਾਂ ਸ਼ੋਸ਼ਲ ਮੀਡੀਏ ਤੇ ਉਹ ਸਭ ਜਾਣਕਾਰੀ ਉਪਲਭਧ ਹੈ ਜਿਸ ਦੀ ਬੱਚਿਆਂ ਨੂੰ ਲੋੜ ਵੀ ਨਹੀਂ ਹੈ। ਬੱਚੇ ਉਮਰ ਤੋਂ ਪਹਿਲਾਂ ਹੀ ਸਭ ਕੁਝ ਸਿੱਖ ਲੈਂਦੇ ਹਨ। ਬੱਚਿਆਂ ਦੀ ਜ਼ਿੰਦਗੀ ਵਿੱਚ ਆਉਣ ਵਾਲ਼ੇ ਇਸ ਨਿਘਾਰ ਵਿੱਚ ਕਿਤੇ ਨਾ ਕਿਤੇ ਮਾਪਿਆਂ ਵੱਲੋਂ ਦਿੱਤੀ ਲੋੜ ਤੋਂ ਵੱਧ ਖੁੱਲ, ਸਾਡਾ ਸਮਾਜ, ਸੰਗੀਤ ਅਤੇ ਖਾਸਕਰ ਸਿਨੇਮੇ ਵਿੱਚ ਜੋ ਪਰੋਸਿਆ ਜਾ ਰਿਹਾ ਹੈ ਦਾ ਵੱਡਾ ਰੋਲ ਹੈ। ਬੱਚੇ ਜੋ ਦੇਖਦੇ ਹਨ, ਉਹੋ ਜਿਹਾ ਬਣਨਾ ਚਾਹੁੰਦੇ ਹਨ। ਅੱਜ ਦੇ ਸਮਾਜ ਵਿੱਚ ਸਾਡੇ ਬੱਚਿਆਂ ਦੇ ਰੋਲ ਮਾਡਲ ਅਧਿਆਪਕ ਜਾਂ ਮਾਪੇ ਘੱਟ ਤੇ ਸਾਡੇ ਸਿੰਗਰ ਵੱਧ ਹਨ। ਮਾਪਿਆਂ ਤੋਂ ਵੱਧ ਬੱਚਿਆਂ ਨੂੰ ਸੇਧ ਕੌਣ ਦੇ ਸਕਦਾ ਹੈ, ਸਾਡੇ ਬੱਚਿਆਂ ਨੂੰ ਵੀ ਸੋਚਣ ਅਤੇ ਸਮਝਣ ਦੀ ਲੋੜ ਹੈ। ਗਲਤ ਅਤੇ ਸਹੀ ਦੀ ਚੋਣ ਕਰਨ ਦੀ ਸੋਝੀ ਅਤੇ ਆਪਣੇ ਸੁਪਨਿਆਂ ਅਤੇ ਸਮਾਜ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਕਨੇਡਾ ਭੇਜਣ ਤੋਂ ਪਹਿਲਾਂ ਉਹਨਾ ਨੂੰ ਚੰਗੀ ਤਰਾਂ ਸਮਝਾਉਣ, ਇੱਥੇ ਆਉਣ ਵਾਲ਼ੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਣ, ਪੜਾਈ, ਜੌਬ ਨਾਲ਼ ਘਰਦੇ ਕੰਮ ਕਰਨੇ ਵੀ ਸਿਖਾਉਣ। ਲੋਕਾਂ ਵਿੱਚ ਕਿੱਦਾਂ ਵਿਚਰਨਾ ਹੈ, ਉਹਨਾ ਨੂੰ ਦੱਸਣ ਕਿ ਕੋਈ ਵੀ ਗਲਤ ਕੰਮ ਕਰਨ ਨਾਲ਼ ਉਹਨਾ ਨੂੰ ਕੀ ਨੁਕਸਾਨ ਹੋ ਸਕਦਾ। ਕਈ ਵਾਰ ਨਿੱਕੀ ਜਿਹੀ ਕੀਤੀ ਗਲਤੀ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਸਕਦੀ ਹੈ। ਜਿਸ ਵੀ ਸ਼ਹਿਰ ਵਿੱਚ ਬੱਚੇ ਨੂੰ ਪੜ੍ਹਨ ਲਈ ਭੇਜਣਾ ਹੈ, ਚਾਹੇ ਉਹ ਸਰੀ, ਵੈਨਕੂਵਰ, ਟੋਰਾਂਟੋ, ਵਿਨੀਪੈਗ, ਔਟਵਾ ਜਾਂ ਹੋਰ ਕੋਈ ਵੀ ਸ਼ਹਿਰ ਹੋਵੇ, ਉਸ ਸ਼ਹਿਰ ਦੀ ਆਨਲਾਇਨ ਜਾਣਕਾਰੀ ਹਾਸਲ ਕਰਨ, ਇਹ ਜਾਨਣ ਕਿ ਉੱਥੇ ਦੀ ਆਰਥਿਕ ਦਸ਼ਾ ਕਿਹੋ ਜਿਹੀ ਹੈ, ਰਹਿਣ ਲਈ ਜਗ੍ਹਾ ਮਿਲ਼ ਜਾਵੇਗੀ, ਕੀ ਓਥੇ ਜੌਬ ਜਾਂ ਕੰਮ ਆਸਾਨੀ ਨਾਲ਼ ਮਿਲ਼ ਸਕਦਾ ਹੈ, ਕੀ ਤੁਹਾਡਾ ਓਥੇ ਕੋਈ ਰਿਸ਼ਤੇਦਾਰ ਜਾਂ ਕੋਈ ਜਾਣਕਾਰ ਰਹਿੰਦਾ ਹੈ। ਬੱਚਿਆਂ ਨੂੰ ਆਉਣ ਤੋਂ ਪਹਿਲਾਂ ਘਰ ਦੇ ਕੰਮ ਸਿਖਾਓ, ਘੱਟੋ ਘੱਟ ਰੋਟੀ ਬਣਾਉਣੀ ਸਿਖਾਓ, ਕੋਈ ਵੀ ਖਾਣੇ ਜੋ ਛੇਤੀ ਅਤੇ ਘੱਟ ਸਮੇਂ ਵਿੱਚ ਬਣ ਸਕਦੇ ਹੋਣ, ਬੱਚਿਆਂ ਨੂੰ ਕੋਈ ਕੁਕਿੰਗ ਕਲਾਸਾਂ ਲਵਾ ਸਕਦੇ ਹੋ। ਸਮੇਂ ਨੂੰ ਕਿਵੇਂ ਸਹੀ ਤਰੀਕੇ ਨਾਲ਼ ਵਰਤਣਾ ਹੈ ਆਦਿ। ਯੂਨੀਵਰਸਿਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਮੁਢਲੀ ਜਾਣਕਾਰੀ ਓਰੀਐਂਟੇਸ਼ਨ ਦਾ ਸਮਾਂ ਜੇਕਰ ਚਾਰ ਘੰਟੇ ਹੈ ਤਾਂ ਘੱਟੋ ਘੱਟ ਦੋ ਦਿਨ ਦੀ ਕੀਤੀ ਜਾਵੇ। ਜਿਸ ਵਿੱਚ ਬੱਚਿਆਂ ਨੂੰ ਨਵੇਂ ਮੁਲਕ ਦੇ ਕਨੂੰਨ ਅਤੇ ਰਹਿਣ ਸਹਿਣ ਦੇ ਤਰੀਕਿਆਂ ਜਾਂ ਸਲੀਕਿਆਂ ਵਾਰੇ ਜਾਣਕਾਰੀ ਦਿੱਤੀ ਜਾਵੇ। ਜਿਸ ਵਿੱਚ ਕੰਮ ਕਿਵੇਂ ਲੱਭਣਾ, ਬੈਂਕਿੰਗ ਕਿਵੇਂ ਕਰਨੀ, ਮੁਫਤ ਟੈਕਸ ਕਿਵੇਂ ਭਰਨਾ, ਸਸਤੀ ਗਰੌਸਰੀ ਕਿੱਥੋਂ ਖਰੀਦਣੀ, ਮੁਸ਼ਕਲ ਜਾਂ ਐਮਰਜੈਂਸੀ ਵਿੱਚ ਕਿੱਥੇ ਜਾਣਾ, ਫੂਡ ਬੈਂਕ, ਫਰੀ ਕੌਂਸਲਿੰਗ ਜਾਂ ਨਵੇਂ ਆਉਣ ਵਾਲ਼ਿਆਂ ਲਈ ਜੋ ਵੀ ਸਹੂਲਤਾਂ ਉਪਲਭਧ ਹਨ ਉਹਨਾਂ ਵਾਰੇ ਜਾਣਕਾਰੀ ਦੇਣੀ ਆਦਿ। ਜੇ ਕੋਈ ਲੋਕਲ ਸੰਸਥਾਵਾਂ ਹਨ ਉਹਨਾਂ ਤੱਕ ਪਹੁੰਚ ਕਿਵੇਂ ਕਰਨੀ। ਜੇਕਰ ਬੱਚਿਆਂ ਕੋਲ਼ ਏਨੀ ਕੁ ਜਾਣਕਾਰੀ ਹੋਵੇਗੀ ਤਾਂ ਉਹ ਆਪਣੇ ਆਪ ਨੂੰ ਏਨਾ ਇਕੱਲਾ ਮਹਿਸੂਸ ਨਹੀਂ ਕਰਨਗੇ। ਮਾਪਿਆਂ ਨੂੰ ਇੱਕ ਬੇਨਤੀ ਹੈ ਜਿੱਥੇ ਤੁਸੀਂ ਬੱਚਿਆਂ ਨੂੰ ਭੇਜਣ ਉੱਤੇ ਲੱਖਾਂ ਰੁਪਏ ਖਰਚ ਕਰਦੇ ਹੋ, ਕਾਲਜਾਂ ਦੀਆਂ ਏਨੀਆਂ ਫੀਸਾਂ ਦਿੰਦੇ ਹੋ, ਓਥੇ ਬੱਚਿਆਂ ਦੀ ਇੰਸ਼ੋਰੈਂਸ ਜਰੂਰ ਕਰਵਾ ਕੇ ਭੇਜਿਆ ਕਰੋ। ਤੁਸੀਂ ਉਸ ਇੰਸ਼ੋਰੈਂਸ ਦੇ ਆਪ ਬੈਨੇਫਿਸ਼ਰੀ ਬਣ ਸਕਦੇ ਹੋ। ਰੱਬ ਨਾ ਕਰੇ ਬੱਚਾ ਬਿਮਾਰ ਹੋ ਜਾਂਦਾ ਹੈ ਜਾਂ ਕੋਈ ਅਨਹੋਣੀ ਵਾਪਰ ਜਾਂਦੀ ਹੈ ਤਾਂ ਮੈਡੀਕਲ ਦਾ ਫਿਕਰ ਨਹੀਂ ਰਹਿੰਦਾ। ਵਿਦਿਆਰਥੀ ਕੌਂਸਲਿੰਗ ਲਈ Councelling program @ diversity, ਜਾਂ ਇਹੋ ਜਿਹੀਆਂ ਹੋਰ ਕਈ ਸੰਸਥਾਵਾਂ ਨਾਲ਼ ਸੰਪਰਕ ਕਰ ਸਕਦੇ ਹਨ। PICS ਪਿਕਸ ਵਾਲ਼ਿਆਂ ਤੋਂ ਰੈਜ਼ਮੇ ਬਣਾਉਣ ਲਈ ਇਹਨਾਂ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ। ਇਹ ਕੰਮ ਲੱਭਣ ਵਿੱਚ ਵੀ ਮੱਦਦ ਕਰਦੇ ਹਨ। ਜੇਕਰ ਤੁਸੀਂ ਪੰਜਾਬ/ ਭਾਰਤ ਵਿੱਚ ਕਿਤੇ ਵਲੰਟੀਅਰ ਵਜੋਂ ਕੰਮ ਕੀਤਾ ਉਹ ਤੁਸੀਂ ਆਪਣੇ ਰੈਜ਼ਮੇ ਵਿੱਚ ਵੀ ਲਿਖ ਸਕਦੇ ਹੋ। ਜਿਹੜੇ ਬੱਚੇ ਜਾਂ ਪਰਿਵਾਰ ਸਰੀ ਜਾਂ ਨੇੜੇ ਦੇ ਸ਼ਹਿਰਾਂ ਵਿੱਚ ਨਵੇਂ ਆਉਂਦੇ ਹਨ, ਉਹ ਗੁਰੂ ਨਾਨਕ ਫੂਡ ਬੈਂਕ ਤੋਂ ਛੇ ਮਹੀਨੇ ਤੱਕ ਦੀ ਫਰੀ ਗਰੌਸਰੀ ਲੈ ਸਕਦੇ ਹਨ। ਇਹਨਾਂ ਵੱਲੋਂ ਵਿਦਿਆਰਥੀਆਂ ਨੂੰ ਮੈਟਰੈਸ ਅਤੇ ਬਿਸਤਰਾ ਵੀ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਦੋ ਸ਼ਾਖਾਵਾਂ ਹਨ ਸਰੀ ਅਤੇ ਐਬਟਸਫੋਰਡ ਵਿੱਚ। ਤੁਸੀਂ ਆਉਣ ਤੋਂ ਪਹਿਲਾਂ ਇਸ ਵੈਬਸਾਇਟ www.gnfb.ca ਤੇ ਰਜਿਸਟਰ ਕਰ ਸਕਦੇ ਹੋ। ਕੇ ਪੀ ਯੂ ਦੇ ਹੀਰੇ, ਟੀਮ ਵੀ ਕੇਅਰ, ਇਹ ਨਵੇਂ ਆਏ ਵਿਦਿਆਰਥੀਆਂ ਦੀ ਮੱਦਦ ਕਰਦੇ ਹਨ। ਉਹਨਾਂ ਨੂੰ ਰਹਿਣ ਲਈ ਜਗ੍ਹਾ ਲੱਭਣ ਵਿੱਚ ਮੱਦਦ ਕਰਦੇ ਹਨ, ਕੰਮ ਲੱਭਣ ਵਿੱਚ ਮੱਦਦ ਕਰਦੇ ਹਨ, ਨਵੇਂ ਆਏ ਵਿਦਿਆਰਥੀਆਂ ਨੂੰ ਏਅਰਪੋਰਟ ਤੋਂ ਰਾਇਡ ਵੀ ਦਿੰਦੇ ਹਨ। ਇਹ ਗਰੁੱਪ ਵਿਦਿਆਰਥੀਆਂ ਨੇ ਨਵੇਂ ਆਉਣ ਵਾਲ਼ੇ ਵਿਦਿਆਰਥੀਆਂ ਲਈ ਬਣਾਏ ਹਨ। ਸਰੀ ਵਿੱਚ “ਹੋਪ ਸੇਵਾ ਸੁਸਾਇਟੀ ਨੂੰ ਵੀ ਪਹੁੰਚ ਕੀਤੀ ਜਾ ਸਕਦੀ ਹੈ। ਉਮੀਦ ਹੈ ਕਿ ਇਸ ਜਾਣਕਾਰੀ ਨਾਲ਼ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਹੋਵੇਗੀ। ਬਲਵੀਰ ਕੌਰ ਢਿੱਲੋਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!