ਨਵੀਨ ਕੁਮਾਰ

ਮੈਂ ਇਕ ਟਾਹਣੀ ‘ਤੇ ਬੈਠਾ ਉਤਾਂਹ ਵੱਲ ਨੂੰ ਦੇਖ ਰਿਹਾ ਸੀ ਕਿ ਅਚਾਨਕ ਇਕ ਅਜੀਬ ਜਿਹੀ ਚੀਜ਼ ਹਵਾ ‘ਚ ਉੱਡਦੀ ਦਿਸੀ| ਮੈਂ ਕਦੇ ਵੀ ਅਜਿਹਾ ਕੋਈ ਪੰਛੀ ਨਹੀਂ ਸੀ ਦੇਖਿਆ ਅਤੇ ਮੈਂ ਉਸ ਚੀਜ਼ ਮਗਰ ਉੱਡਣਾ ਸ਼ੁਰੂ ਕਰ ਦਿੱਤਾ| ਥੋੜੀ ਜਿਹੀ ਦੂਰ ਜਾ ਕੇ ਉਹ ਚੀਜ਼ ਇੱਕ ਇਮਾਰਤ ਦੇ ਉੱਪਰ ਰੁੱਕ ਗਈ| ਇੰਝ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਕੋਈ ਪੰਛੀ ਆਪਣੇ ਖਾਣੇ ਦੀ ਤਲਾਸ਼ ਕਰ ਰਿਹਾ ਹੋਵੇ ਤੇ ਹੇਠਾਂ ਕੁਝ ਲੱਭ ਰਿਹਾ ਹੋਵੇ| ਫਿਰ ਥੋੜੀ ਦੇਖ ਭਾਲ ਤੋਂ ਬਾਅਦ ਉਹ ਚੀਜ਼ ਨੀਚੇ ਉੱਤਰਨ ਲੱਗੀ ਤੇ ਕੁਝ ਹੇਠਾਂ ਜਾ ਕੇ ਉਹ ਚੀਜ਼ ਇਮਾਰਤ ‘ਤੇ ਜਾ ਕੇ ਮੰਡਰਾਣ ਲੱਗੀ| ਅਚਾਨਕ ਉਸ ਚੀਜ਼ ਚੋਂ ਕੁਝ ਵੱਖ ਹੋ ਕੇ ਉਸ ਇਮਾਰਤ ਵਿੱਚ ਡਿੱਗ ਪਿਆ ਅਤੇ ਉਹ ਚੀਜ਼ ਮੁੜ ਪਰਤਣ ਲੱਗੀ| ਮੈਂ ਕਦੇ ਵੀ ਅਜਿਹਾ ਕਿਸੀ ਪੰਛੀ ਨੂੰ ਕਰਦਿਆਂ ਨਹੀਂ ਸੀ ਦੇਖਿਆ, ਜਿਸ ਕਰਕੇ ਮੈਨੂੰ ਥੋੜਾ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ| ਉਹ ਸਾਰੀ ਦੁਪਹਿਰ ਮੈਂ ਸੋਚਦਾ ਰਿਹਾ ਕਿ ਉਹ ਉੱਡਦੀ ਚੀਜ਼ ਕੀ ਸੀ? ਕਿਥੋਂ ਆਈ ਸੀ? ਕਿਸਨੇ ਭੇਜੀ ਸੀ? ਕਿਥੇ ਰਹਿੰਦੀ ਹੈ? ਤੇ ਕੀ ਕਰਦੀ ਹੈ? ਪਰ ਮੈਨੂੰ ਆਪਣੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਮਿਲ ਰਿਹਾ| ਆਪਣੀ ਮੁਸ਼ਕਿਲ ਹੱਲ ਕਰਨ ਲਈ ਸ਼ਾਮ ਨੂੰ ਦਿਨ ਢਲੇ ਬੋਹੜ ਦੇ ਬਿਰਛ ਉੱਪਰ, ਮੈਂ ਆਪਣੇ ਸਾਥੀ ਪੰਛੀਆਂ ਦੀ ਇਕ ਮੀਟਿੰਗ ਬੁਲਾ ਲਈ| ਛੇਤੀ ਹੀ ਪੰਛੀਆਂ ਦੀਆਂ ਡਾਰਾਂ ਜੁੜਣ ਲੱਗ ਪਈਆਂ ਅਤੇ ਜਦੋਂ ਸਾਰੇ ਕੱਠੇ ਹੋ ਗਏ ਤਾਂ ਮੈਂ ਦਿਨ ਵੇਲੇ ਹੋਈ ਸਾਰੀ ਘਟਨਾ ਦਾ ਬਿਰਤਾਂਤ ਕੀਤਾ| ਗੱਲਾਂ ਚੱਲ ਹੀ ਰਹੀਆਂ ਸੀ ਕੀ ਇਕ ਹੋਰ ਪੰਛੀ ਬੋਲ ਪਿਆ ਕੇ ਕੁੱਝ ਦਿਨ ਪਹਿਲਾਂ ਉਸਨੇ ਵੀ ਉਹ ਅਜੀਬ ਜਿਹੀ ਚੀਜ਼ ਦੇਖੀ ਸੀ, ਪਰ ਉਸ ਨੇ ਉਸ ਤੇ ਵਿਚਾਰ ਨਹੀਂ ਕੀਤਾ| ਉਸ ਵਸਤੂ ਵਿਸ਼ੇਸ਼ ਬਾਰੇ ਗੱਲਾਂ ਤਾਂ ਸੱਭ ਕਰ ਰਹੇ ਸੀ ਪਰ ਉਸ ਚੀਜ਼ ਦਾ ਨਾਮ ਕਿਸੇ ਨੂੰ ਨਹੀਂ ਸੀ ਪਤਾ| ਗੱਲਾਂ – ਗੱਲਾਂ ਵਿੱਚ ਇਕ ਕਬੂਤਰ ਬੋਲਿਆ ਕੇ ਕੱਲ ਮੰਡੀ ਚੋਗਾ ਕਰਦੇ ਉਸਨੇ ਦੋ ਇਨਸਾਨਾਂ ਨੂੰ ਇਕ ਹਵਾਈ ਵਸਤੂ ਬਾਰੇ ਗੱਲ ਕਰਦੇ ਸੁਣਿਆ ਸੀ ਤੇ ਉਹ ਉਸਨੂੰ ਡਰੋਨ ਕਹਿ ਰਹੇ ਸੀ ਅਤੇ ਮੈਂਨੂੰ ਇੰਝ ਲੱਗਦੇ ਕੇ ਉਹ ਹਵਾਈ ਵਸਤੂ ਡਰੋਨ ਹੀ ਹੋਵੇਗੀ| ਇੰਨੇ ਨੂੰ ਉੱਥੇ ਇਕ ਹੋਰ ਪੰਛੀ ਦਾਖਿਲ ਹੋਇਆ ਤੇ ਮੈਂ ਕੀ ਦੇਖਦਾ ਹਾਂ ਕੀ ਉਸ ਪੰਛੀ ਦਾ ਇਕ ਪਰ ਕੱਟਿਆ ਹੋਇਆ ਸੀ ਤੇ ਖੂਨ ਵੱਗ ਰਿਹਾ ਸੀ| ਉਸਦੇ ਲੱਗੀ ਸੱਟ ਦਾ ਕਾਰਣ ਪੁੱਛਣ ਤੇ ਪਤਾ ਲੱਗਾ ਕੇ ਇਕ ਅਜੀਬ ਜਿਹੀ ਉੱਡਦੀ ਚੀਜ਼ ਨਾਲ ਟਕਰਾ ਕੇ ਉਸਦਾ ਪਰ ਕੱਟ ਗਿਆ ਅਤੇ ਉਹ ਥੱਲੇ ਡਿੱਗ ਪਿਆ ਤੇ ਸੱਟ ਲੱਗ ਗਈ| ਉਸ ਪੰਛੀ ਦੀਆਂ ਚੋਟਾਂ ਗੰਭੀਰ ਸਨ ਤੇ ਅਜਿਹਾ ਭਵਿੱਖ ਵਿੱਚ ਹੋਰਨਾਂ ਪੰਛੀਆਂ ਨਾਲ ਵੀ ਹੋ ਸਕਦਾ ਸੀ| ਇਹਨਾਂ ਸੱਭ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫੈਂਸਲਾ ਲਿਆ ਗਿਆ ਕੇ ਇਨਸਾਨ ਦੀ ਬਣਾਈ ਇਸ ਵਸਤੂ ਨਾਲ ਪੰਛੀ ਜਗਤ ਤੇ ਬੜਾ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਭਵਿੱਖ ਵਿਚ ਅਜਿਹੀ ਘਟਨਾਵਾਂ ਹੋਰ ਵਧੇਰੇ ਹੋ ਸਕਦੀਆਂ ਹਨ, ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਪੰਛੀਆਂ ਦਾ ਖੁੱਲੇ ਅਸਮਾਨ ਵਿਚ ਉੱਡਣਾ ਮੁਸ਼ਕਿਲ ਹੋ ਜਾਵੇਗਾ| ਪੰਛੀ ਸਮਾਜ ਦੀ ਇਸ ਸਮੱਸਿਆ ਦਾ ਇਨਸਾਨਾਂ ਤਕ ਪਹੁੰਚਣਾ ਬੋਹਤ ਜ਼ਰੂਰੀ ਹੈ| ਮਨੁੱਖ ਆਪਣੀ ਸਹੂਲਤ ਦੇ ਲਈ ਅਜਿਹੇ ਵਿਮਾਨ ਬਨਾਣ ਲੱਗ ਪਿਆ ਜਿਸ ਦਾ ਨਤੀਜਾ ਭਿਆਨਕ ਹੋ ਸਕਦਾ ਹੈ| ਮੇਰੀ ਮਨੁੱਖਾਂ ਨੂੰ ਇਹ ਬਿਨਤੀ ਹੈ ਕਿ ਕੁਦਰੱਤ ਵਿਚ ਹੋਣ ਵਾਲਿਆਂ ਤਬਦੀਲੀਆਂ ਨੂੰ ਤਾਂ ਨਹੀਂ ਰੋਕਿਆ ਜਾ ਸਕਦਾ, ਪਰ ਤਕਨੀਕੀ ਤਬਦੀਲੀਆਂ ਦੇ ਕਾਰਣ ਹੋਣ ਵਾਲੇ ਸਿੱਟਿਆਂ ਦੇ ਬਾਰੇ ਤਾਂ ਵਿਚਾਰ ਕੀਤਾ ਜਾ ਸਕਦਾ ਹੈ|
ਨਵੀਨ ਕੁਮਾਰ
9988253747