23 ਤੇ 30 ਜੁਲਾਈ, 6 ਤੇ 13 ਅਗਸਤ ਨੂੰ ਪੈਣਗੀਆਂ ਧਮਾਲਾਂ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੀ ਧਰਤੀ ‘ਤੇ ਅਕਸਰ ਹੀ ਮੇਲੇ ਮੁਸਾਹਬੇ ਹੁੰਦੇ ਰਹਿੰਦੇ ਹਨ। ਸਮੇਂ ਸਮੇਂ ‘ਤੇ ਵਡੇਰੇ ਕਾਰਜ ਵੀ ਸੰਸਥਾਵਾਂ ਵੱਲੋਂ ਆਰੰਭੇ ਤੇ ਨੇਪਰੇ ਚਾੜ੍ਹੇ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੋਇਸ ਆਫ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਲੰਡਨ ਵੱਲੋਂ ਰਲਵੇਂ ਸਹਿਯੋਗ ਨਾਲ “ਤੀਆਂ ਤੀਜ ਦੀਆਂ” ਦਾ ਪ੍ਰਬੰਧ 23 ਜੁਲਾਈ ਤੋਂ 13 ਅਗਸਤ ਤੱਕ (ਹਰ ਐਤਵਾਰ) ਕੀਤਾ ਜਾ ਰਿਹਾ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਸ੍ਰੀਮਤੀ ਸੁਰਿੰਦਰ ਕੌਰ ਤੇ ਸ਼ਿਵਦੀਪ ਕੌਰ ਢੇਸੀ ਨੇ ਦੱਸਿਆ ਕਿ 23, 30 ਜੁਲਾਈ ਤੇ 6,13 ਅਗਸਤ ਨੂੰ ਬੀਬੀਆਂ ਦੇ ਮੇਲੇ ਗੇਲੇ ਲਈ ਤੀਆਂ ਦਾ ਤਿਉਹਾਰ ਮਨਾਇਆ ਜਾਵੇਗਾ। ਸਮਾਂ ਦੁਪਹਿਰ 2 ਤੋਂ 5 ਵਜੇ ਤੱਕ ਹੋਇਆ ਕਰੇਗਾ। ਉਹਨਾਂ ਲੰਡਨ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਵਸਦੀਆਂ ਪੰਜਾਬਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਜ਼ਰੂਰ ਸ਼ਾਮਲ ਹੋਣ। ਨਾਲ ਹੀ ਉਹਨਾਂ ਅਪੀਲ ਕੀਤੀ ਕਿ ਆਪਣੀਆਂ ਵਿਦੇਸ਼ਾਂ ‘ਚ ਜੰਮੀਆਂ ਧੀਆਂ ਨੂੰ ਜ਼ਰੂਰ ਨਾਲ ਲਿਆਉਣ ਤਾਂ ਕਿ ਉਹਨਾਂ ਨੂੰ ਤੀਆਂ ਦੇ ਪੁਰਾਤਨ ਮਾਹੌਲ ਬਾਰੇ ਜਾਣੂੰ ਕਰਵਾਇਆ ਜਾ ਸਕੇ।
