ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਫੇਅਰਵੈਦਰ ਹਾਲ ਨਿਊਟਨ ਮੈਰਨਜ਼ (ਗਲਾਸਗੋ) ਵਿਖੇ ਈਦ ਪਾਰਟੀ ਦਾ ਆਯੋਜਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਮੈਂਬਰਾਂ ਦੇ ਇਕੱਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੀ ਈਸਟ ਰੈਨਫਰੂਸ਼ਾਇਰ ਕੌਂਸਲ ਦੀ ਲੌਰਡ ਪ੍ਰੋਵੋਸਟ ਮੇਰੀ ਮੌਨਟੇਗ ਦਾ ਤਾੜੀਆਂ ਨਾਲ ਸੁਆਗਤ ਕੀਤਾ। ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੇ ਇੱਕ ਦੂਜੇ ਦੇ ਗਲ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਮੁੱਖ ਮਹਿਮਾਨ ਨੇ ਵੱਖ ਵੱਖ ਧਰਮਾਂ ਦੇ ਜੀਆਂ ਨੂੰ ਮਿਲ ਜੁਲ ਕੇ ਤਿਓਹਾਰ ਮਨਾਉਣ ਦੀ ਖਾਸ ਸ਼ਲਾਘਾ ਕੀਤੀ। ਇਸ ਉਪਰੰਤ ਸਭ ਨੇ ਦੇਸੀ ਪਕਵਾਨਾਂ ਦਾ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ 15 ਸਾਲ ਤੋਂ ਕਾਰਜਸ਼ੀਲ ਹੈ, ਹਰੇਕ ਵੀਰਵਾਰ ਨੂੰ 50 ਸਾਲ ਤੋਂ ਵਡੇਰੀ ਉਮਰ ਦੇ ਦੇਸੀ ਭਾਈਚਾਰੇ ਦੇ ਸੱਜਣ ਯੋਗਾ ਕਰਨ ਉਪਰੰਤ ਤਾਜ਼ਾ ਦੇਸੀ ਭੋਜਨ ਮਿਲ-ਬੈਠ ਕੇ ਛਕਦੇ ਹਨ। ਇਸ ਸੰਸਥਾ ਦਾ ਮੰਤਵ ਹੈ ਕਿ ਬਜ਼ੁਰਗ ਲਗਾਤਾਰ ਘਰ ਦੀ ਚਾਰਦੀਵਾਰੀ ਵਿੱਚ ਰਹਿਣ ਕਾਰਨ- ਇਕਾਂਤ ਵਾਸ ਨਾਲ਼ ਮਾਨਸਿਕ ਰੋਗ (depression) ਦਾ ਸ਼ਿਕਾਰ ਨਾ ਹੋ ਜਾਣ। ਸੰਸਥਾ ਨਾਲ਼ ਪਹਿਲੇ ਤੋਂ ਜੁੜੇ ਜਨਰਲ ਸਕੱਤਰ ਜਗਦੀਸ਼ ਸਿੰਘ ਪਨਫ਼ੇਰ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ 25 ਮਈ ਨੂੰ ਵਿਸਾਖੀ ਦਾ ਤਿਓਹਾਰ ਮਨਾਉਣ ਦਾ ਖੁੁੱਲ੍ਹਾ ਸੱਦਾ ਦਿੱਤਾ। ਖੁਸ਼ੀ ਦਾ ਵਾਤਾਵਰਣ ਮੁੱਕਣ ‘ਤੇ ਹੀ ਨਹੀਂ ਸੀ ਆਉਂਦਾ ਲੇਕਿਨ ਹਾਲ ਕੀਪਰ ਨੇ ਮੁਸਕੁਰਾ ਕੇ ਘੜੀ ਵੱਲ ਦੇਖਿਆ ਤਾਂ ਅਗਲੇ ਵੀਰਵਾਰ ਨੂੰ ਫੇਰ ਮਿਲਣ ਦਾ ਵਾਅਦਾ ਕਰਕੇ ਸਭ ਨੂੰ ਜਾਣਾ ਹੀ ਪਿਆ।


