6.3 C
United Kingdom
Monday, April 21, 2025

More

    ਕਰੋਨਾ ਕਾਰਨ ‘ਅੰਜ਼ੈਕ ਡੇਅ’ ਲੋਕਾਂ ਨੇ ਘਰਾਂ ‘ਚ ਰਹਿਕੇ ਮਨਾਇਆ

    ਵੱਖ ਵੱਖ ਸੂਬਿਆਂ ‘ਚ ਜੰਗੀਂ ਫੌਜੀਆਂ ਨੂੰ ਨਮਨ ਸ਼ਰਧਾਂਜਲੀਆਂ
    (ਹਰਜੀਤ ਲਸਾੜਾ, ਬ੍ਰਿਸਬੇਨ 25 ਅਪਰੈਲ)

    ਕਰੋਨਾ ਮਹਾਂਮਾਰੀ (ਕੋਵਿਡ-19) ਦੇ ਚੱਲਦਿਆਂ ਅਤੇ ਸੋਸ਼ਲ ਡਿਸਟੈਂਸਿੰਗ ਅਧੀਨ ਅੰਜ਼ੈਕ ਦਿਹਾੜੇ ‘ਤੇ ਸੂਬਾ ਸਰਕਾਰਾਂ ਵੱਲੋਂ ਆਸਟਰੇਲੀਆ ਭਰ ਵਿਚ ਯਾਦਗਾਰੀ ਸੇਵਾਵਾਂ ਅਤੇ ਮਾਰਚਾਂ ਨੂੰ ਰੱਦ ਕਰਕੇ ਜੰਗੀ ਫੌਜੀਆਂ ਨੂੰ ਲੋਕਾਂ ਵੱਲੋਂ ਸਵੇਰੇ ਘਰਾਂ ਦੇ ਬੂਹਿਆਂ/ਵਿਹੜਿਆਂ ‘ਚ ਮੋਮਬੱਤੀਆਂ ਜਗਾ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੇਸ਼ ਲਈ ਉਹਨਾਂ ਵੱਲੋਂ ਦਿੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਰਾਸ਼ਟਰੀ ਸਵੇਰ ਦੀ ਸੇਵਾ ਦੀ ਸ਼ੁਰੂਆਤ ਕਰਦਿਆਂ ਆਪਣੇ ਬੂਹੇ ਤੋਂ ਦੇਸ਼ ਲਈ ਕੁਰਬਾਨ ਹੋਏ ਜੰਗੀ ਫੌਜੀਆਂ ਨੂੰ ਯਾਦ ਕੀਤਾ ਅਤੇ ਸਮੂਹ ਦੇਸ਼ ਵਾਸੀਆਂ ਦੇ ਹਵਾਲੇ ਨਾਲ ਸ਼ਰਧਾਂਜਲੀ ਅਰਪਣ ਕੀਤੀ। ਆਸਟ੍ਰੇਲੀਆ ਦੇ ਗਵਰਨਰ-ਜਨਰਲ ਡੇਵਿਡ ਹਰਲੀ ਅਤੇ ਲਿੰਡਾ ਹਰਲੀ ਨੇ ਕੈਨਬਰਾ (ਅਲੇਕਸ ਐਲਿੰਗਹੌਸਨ) ਵਿਖੇ ਆਸਟਰੇਲੀਆਈ ਵਾਰ ਮੈਮੋਰੀਅਲ ਵਿਖੇ ਅੰਜ਼ੈਕ ਦਿਵਸ ਦੀ ਯਾਦਗਾਰੀ ਸੇਵਾ ਦੌਰਾਨ ਅਣਪਛਾਤੇ ਆਸਟਰੇਲੀਆਈ ਸੈਨਿਕ ਦੇ ਮਕਬਰੇ ‘ਤੇ ਮੱਥਾ ਟੇਕਿਆ।
    ਜਿਕਰਯੋਗ ਹੈ ਕਿ 1915 ਵਿਚ ਤੁਰਕੀ ਪ੍ਰਾਇਦੀਪ ਵਿਚ ਗੈਲੀਪੋਲੀ ਵਿਖੇ ਆਸਟਰੇਲੀਆਈ ਅਤੇ ਨਿਊਜ਼ੀਲੈਂਡ (ਅੰਜ਼ੈਕ) ਦੀਆਂ ਸਾਂਝੀਆਂ ਫੌਜਾਂ ਦੀ ਉਤਰਾਈ ਦੇ ਮੌਕੇ ‘ਤੇ ਹਰ ਸਾਲ 25 ਅਪਰੈਲ ਨੂੰ ਅੰਜ਼ੈਕ ਦਿਵਸ ਮਨਾਇਆ ਜਾਂਦਾ ਹੈ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਇਹ ਫੌਜੀ ਮੁਹਿੰਮ ਅੱਠ ਮਹੀਨਿਆਂ ਤੱਕ ਚੱਲੀ ਅਤੇ ਘੱਟੋ ਘੱਟ 125,000 ਲੋਕਾਂ ਦੀਆਂ ਜਾਨਾਂ ਗਈਆਂ ਸਨ। ਬਹੁਤ ਸਾਰੇ ਸਿੱਖਾਂ ਨੇ ਗੈਲੀਪੋਲੀ ‘ਤੇ ਵੀ ਅਖੀਰਲੀ ਕੁਰਬਾਨੀ ਦਿੱਤੀ, ਜਿਸ ਵਿੱਚ ਇੱਕ ਸਿੱਖ ਬਟਾਲੀਅਨ ਦੇ 80% ਸਿਪਾਹੀ ਵੀ ਸ਼ਾਮਲ ਸਨ। ਗੈਲੀਪੋਲੀ ਵਿਚਲੀ ਭਾਰਤੀ ਫੌਜ ਵਿਚ ਗੋਰਖਾ ਅਤੇ ਸਿੱਖ ਬਟਾਲੀਅਨ ਦੇ ਫੌਜੀ ਸ਼ਾਮਲ ਸਨ।ਜਿਨ੍ਹਾਂ ਨੇ ਬ੍ਰਿਟਿਸ਼ ਫੌਜਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਮਿਲ ਕੇ ਜੰਗ ਲੜੀ ਅਤੇ ਸ਼ਹਾਦਤਾਂ ਪਾਈਆਂ ਸਨ। ਇਹਨਾਂ ਫੌਜੀਆਂ ਨੂੰ ਸ਼ਰਧਾਂਜਲੀ ਬਾਬਤ ਦੋਵੇਂ ਮੁਲਕ ਸਾਂਝੇ ਰੂਪ ‘ਚ ‘ਅੰਜ਼ੈਕ ਡੇਅ’ ਮਨਾਉਂਦੇ ਹਨ।
    ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਗ੍ਰੀਨਸਲੋਪ ਇਲਾਕੇ ਵਿਚ ਸਮੂਹ ਪਰਿਵਾਰਾਂ ਵੱਲੋਂ ਆਪਣੇ ਵਿਹੜਿਆਂ (ਡਰਾਈਵਵੇਅ) ‘ਚ ਮੋਮਬੱਤੀਆਂ ਜਗਾ ਸੰਗੀਤ ਨਾਲ਼ ਯੋਧਿਆਂ ਨੂੰ ਯਾਦ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ, ਰਾਜਪਾਲ ਪਾਲ ਡੀ ਜਰਸੀ ਅਤੇ ਬ੍ਰਿਸਬੇਨ ਲਾਰਡ ਮੇਅਰ ਐਡਰਿਅਨ ਸ਼੍ਰਾਈਨਰ ਨੇ ਇੱਕ ਵਿਸ਼ਾਲ ਸਵੇਰ ਦੀ ਸੇਵਾ ਦੌਰਾਨ ਬ੍ਰਿਸਬੇਨ ਦੇ ਅੰਜ਼ੈਕ ਸਕੁਏਰ ਵਿਖੇ ਮੱਥਾ ਟੇਕਿਆ। ਗੌਰਤਲਬ ਹੈ ਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਆਰਐਸਐਲ ਕੁਈਨਜ਼ਲੈਂਡ ਦੀਆਂ ਸਬ-ਬ੍ਰਾਂਚਾਂ ਨੂੰ ਕੋਵਿਡ-19 ਪਾਬੰਦੀਆਂ ਕਾਰਨ 500 ਤੋਂ ਵੱਧ ਸੇਵਾਵਾਂ ਅਤੇ ਮਾਰਚਾਂ ਨੂੰ ਰੱਦ ਕਰਨ ਲਈ ਕਿਹਾ ਗਿਆ ਸੀ ਅਤੇ ਨਾਲ਼ ਹੀ ਲੋਕਾਂ ਨੂੰ ਇਸ ਯਾਦਗਾਰ ਦੇ ਸਮੂਹਿਕ ਪਲ ਲਈ ਆਪਣੇ ਘਰਾਂ ‘ਚ ਸੁਰੱਖਿਅਤ ਰਹਿ ਇਕੱਤਰ ਹੋਣ ਲਈ ਉਤਸ਼ਾਹਤ ਵੀ ਕੀਤਾ ਗਿਆ। ਆਰਐਸਐਲ ਕੁਈਨਜ਼ਲੈਂਡ ਦੇ ਪ੍ਰਧਾਨ ਟੋਨੀ ਫਰਿਸ ਨੇ ਕਿਹਾ, “ਸਾਡੇ ਸਾਰਿਆਂ ਲਈ ਸੁਰੱਖਿਅਤ ਰਹਿਣ ਦੇ ਦੌਰਾਨ, ਭੂਤਕਾਲ ਅਤੇ ਮੌਜੂਦਾ, ਸੇਵਾ
    ਕਰਨ ਵਾਲੇ ਲੋਕਾਂ ਪ੍ਰਤੀ ਆਪਣਾ ਆਦਰ ਅਤੇ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਹ ਇਕ ਵਧੀਆ ਢੰਗ ਹੈ।”

    ਸੂਬਾ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ, ਰਾਜਪਾਲ ਮਾਰਗਰੇਟ ਬੀਜ਼ਲੀ, ਆਰਐਸਐਲ ਦੇ ਕਾਰਜਕਾਰੀ ਪ੍ਰਧਾਨ ਰੇਅ ਜੇਮਜ਼ ਆਦਿ ਨੇ ਹਾਈਡ ਪਾਰਕ ‘ਚ ਸਿਡਨੀ ਦੇ ਅੰਜ਼ੈਕ ਮੈਮੋਰੀਅਲ ਅਤੇ ਮਾਰਟਿਨ ਪਲੇਸ ਵਿੱਚ ਸੇਨੋਟੈਫ ਤੋਂ 30 ਮਿੰਟ ਦੀ ਸੇਵਾ ਵਿੱਚ ਹਿੱਸਾ ਲਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉੱਧਰ ਆਸ ਪਾਸ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੇ ਸਾਂਝ ਅਧੀਨ ਸਵੇਰੇ ਇਕੱਲਤਾ ਅੰਜ਼ੈਕ ਦਿਵਸ ਸਮਾਰੋਹਾਂ ਵਿੱਚ ਹਿੱਸਾ ਲਿਆ ਅਤੇ ਘਰਾਂ ਦੇ ਅੰਦਰ/ਬਾਹਰ ਸੈਨਿਕਾਂ ਨੂੰ ਯਾਦ ਕੀਤਾ। ਸ਼੍ਰੀਮਾਨ ਜੇਮਜ਼ ਦਾ ਕਹਿਣਾ ਹੈ ਕਿ ਬਜ਼ੁਰਗ ਅੰਜ਼ੈਕ ਡੇਅ ਨੂੰ ਦੋਸਤਾਂ ਨਾਲ ਮੁੜ ਜੁੜਨ ਅਤੇ ਪੁਰਾਣੇ ਸਮੇਂ ਬਾਰੇ ਗੱਲ ਕਰਨ ਦੇ ਅਵਸਰ ਵਜੋਂ ਉਡੀਕਦੇ ਹਨ।

    ਐਨਐਸਡਬਲਯੂ ਦੇ ਪੁਲਿਸ ਕਮਿਸ਼ਨਰ ਮਿਕ ਫੁੱਲਰ ਨੇ ਕਿਹਾ ਕਿ ਜਦੋਂ ਕਿ ਇਸ ਸਾਲ ਦੀਆਂ ਯਾਦਗਾਰਾਂ ਬਹੁਤ ਵੱਖਰੀਆਂ ਹੋਣਗੀਆਂ। ਇਹ ਉਸ ਦਿਨ ਤੋਂ ਦੂਰ ਨਹੀਂ ਹੁੰਦਾ ਜੋ ਉਸ ਦਿਨ ਨੂੰ ਦਰਸਾਉਂਦਾ ਹੈ। ਸ਼੍ਰੀ ਫੁੱਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਇਹ ਦਿਨ ਉਨ੍ਹਾਂ ਬਹਾਦਰਾਂ ਦਾ ਸਨਮਾਨ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਕੀਤੀ ਹੈ ਅਤੇ ਜਿਹੜੇ ਸਾਡੀ ਆਜ਼ਾਦੀ ਲਈ ਲੜਦੇ ਹੋਏ ਮਾਰੇ ਗਏ।” ਐਨਐਸਡਬਲਯੂ ਦੇ ਲੇਬਰ ਲੀਡਰ ਜੋਡੀ ਮੈਕਕੇ ਨੇ ਕਿਹਾ ਕਿ ਉਹ ਘਰ ਤੋਂ ਹੀ ਇਸ ਸਮਾਗਮ ਦੀ ਯਾਦ ਦਿਵਾਉਣ ਵਾਲਿਆਂ ਵਿੱਚ ਸ਼ਾਮਲ ਹੋਵੇਗੀ। ਉਹਨਾਂ ਹੋਰ ਕਿਹਾ ਕਿ, “ਮੈਂ ਉਨ੍ਹਾਂ ਸਾਰਿਆਂ ਨੂੰ ਯਾਦ ਕਰਾਂਗੀ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਕੀਤੀ ਹੈ।”
    ਸੂਬਾ ਵਿਕਟੋਰੀਆ ਵਿੱਚ ਵੀ ਲੋਕਾਂ ਨੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿਚ ਹੀ ਰਹਿ ਜੰਗੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਦੂਜੇ ਵਿਸ਼ਵ ਯੁੱਧ ਦੇ ਬਜ਼ੁਰਗ ਜੈਕ ਹੇਅਰ (97 ਸਾਲਾਂ) ਨੇ ਉਨ੍ਹਾਂ ਦੇ ਲੰਗਵਾਰਿਨ ਘਰ ਦੇ ਬਾਹਰ ਹਿੱਸਾ ਲੈਣ ਵਾਲਿਆਂ ਵਿੱਚ ਆਪ ਸ਼ਾਮਿਲ ਹੋਕੇ ਸ਼ਰਧਾਂਜਲੀ ਦਿੱਤੀ।
    ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਐਡੀਲੇਡ ਦੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਆਪਣੀ ਨਮਨ ਸ਼ਰਧਾਂਜਲੀ ਭੇਂਟ ਕੀਤੀ। ਵਸਨੀਕਾਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਐਡੀਲੇਡ ਸ਼ਹਿਰ ਦੀਆਂ ਸੜਕਾਂ ਤੇ ਲਾਈਟਾਂ ਜਗਾ ਸ਼ਰਧਾਂਜਲੀ ਭੇਂਟ ਕੀਤੀ।


    ਪੱਛਮੀ ਆਸਟਰੇਲੀਆਈ ਦੇ ਸਥਾਨਕ ਲੋਕਾਂ ਨੇ ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਲਈ ਆਪਣਾ ਵਿਲੱਖਣ ਤਰੀਕਾ ਅਪਣਾਉਦਿਆਂ ਤਖ਼ਤੀਆਂ ਨਾਲ਼ ਮੋਮਬੱਤੀਆਂ ਜਗਾ ਕੇ ਜੰਗੀ ਸ਼ਹੀਦਾਂ ਨੂੰ ਸਿੱਜਦਾ ਕੀਤਾ। ਦੂਜੇ ਵਿਸ਼ਵ ਯੁੱਧ ਦੇ ਬਜ਼ੁਰਗ ਕੇਵਿਨ ਜੋਨਸ, ਜਿਸ ਨੇ ਇਸ ਸਾਲ ਦੇ ਅੰਜ਼ੈਕ ਦਿਵਸ ਨੂੰ ਆਪਣੇ ਵਿਹੜੇ (ਡ੍ਰਾਇਵਵੇਅ) ਵਿੱਚ ਮਨਾਇਆ ਨੇ ਕਿਹਾ ਕਿ ਕਮਿਊਨਟੀ ਦੁਆਰਾ ਉਸਨੂੰ ਦਿੱਤਾ ਗਿਆ ਸਨਮਾਨ ਅਤੇ ਸਮਰਥਨ ਦੀ ਬਹੁਤ ਕਦਰ ਕਰਦਾ ਹਾਂ।
    ਆਸਟਰੇਲੀਆਈ ਮੁਹਿੰਮ ਅੰਟਾਰਕਟਿਕਾ ਦਾ ਡੇਵਿਸ ਰਿਸਰਚ ਸਟੇਸ਼ਨ ਜੋ ਕੌਵੀਡ-19 ਮੁਕਤ ਅਤੇ ਗਲੋਬਲ ਮਹਾਂਮਾਰੀ ਤੋਂ ਅਲੱਗ ਹੈ ਵਿਖੇ ਆਸਟਰੇਲੀਆ ਦੇ ਅੰਟਾਰਕਟਿਕ ਡਵੀਜ਼ਨ ਦੇ ਡਾਇਰੈਕਟਰ ਕਿਮ ਐਲੀਸ ਨੇ ਕਿਹਾ, “ਸਾਡੇ ਅੰਟਾਰਕਟਿਕ ਸਟੇਸ਼ਨਾਂ ‘ਤੇ ਇਸ ਸਾਲ ਅੰਜ਼ੈਕ ਦਿਵਸ ਸਮਾਰੋਹ ਝੰਡੇ ਦੀ ਰਸਮ ਨਾਲ ਮਨਾਇਆ ਗਿਆ।
    ਉੱਧਰ ਗੁਆਂਡੀ ਮੁਲਕ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਉਨ੍ਹਾਂ ਹਜ਼ਾਰਾਂ ਕੀਵੀਆਂ ਵਿਚੋਂ ਇਕ ਸਨ ਜਿਨ੍ਹਾਂ ਨੇ ਸਵੇਰੇ ਆਪਣੇ ਵਿਹੜੇ ਤੋਂ ਮੌਨ ਧਾਰਨ ਕਰਕੇ ਚਿੰਤਨ ਕੀਤਾ।
    ਇਸ ਸਮੇਂ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਦੇ ਨਾਲ਼ ਉਹਨਾਂ ਦੇ ਪਿਤਾ ਰਾਸ ਆਰਡਰਨ ਵੀ ਮਜ਼ੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!