ਟਿੱਪਰਾਂ ਉੱਪਰੋਂ ਉੱਡਦੀ ਮਿੱਟੀ ਬਣ ਸਕਦੀ ਹੈ ਹਾਦਸੇ ਦਾ ਕਾਰਨ
ਸ਼ਾਇਦ ਬਠਿੰਡਾ ਪ੍ਰਸ਼ਾਸਨ ਹੈ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ
ਪਥਰਾਲਾ 17 ਐਪ੍ਰਲ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ) ਪਿਛਲੇ ਕਈ ਮਹੀਨਿਆਂ ਤੋਂ ਨਿੱਜੀ ਕੰਪਨੀ ਦੇ ਦਰਜਨਾਂ ਟਿੱਪਰਾਂ ਵੱਲੋਂ ਬਠਿੰਡਾ ਦੀਆਂ ਵੱਖ-ਵੱਖ ਕਲੋਨੀਆਂ ‘ਚ ਨਿਯਮਾਂ ਨੂੰ ਛਿੱਕ ਟੰਗ ਕੇ ਮਿੱਟੀ ਪਾਈ ਜਾ ਰਹੀ ਹੈ। ਇਨ੍ਹਾਂ ਓਵਰਲੋਡ ਟਿੱਪਰਾਂ ਕਾਰਨ ਜਿੱਥੇ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ। ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਣ ‘ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ‘ਤੇ ਕਾਰਵਾਈ ਕਰਨ ਦੇ ਨਾਂਅ ‘ਤੇ ਆਪਣੀਆਂ ਅੱਖਾਂ ਮੀਟੀਆਂ ਹੋਈਆਂ ਹਨ। ਹੁਣ ਤਾਂ ਆਮ ਲੋਕਾਂ ਵੱਲੋਂ ਵੀ ਇਨ੍ਹਾਂ ਓਵਰਲੋਡ ਟਿੱਪਰਾਂ ‘ਤੇ ਕਾਰਵਾਈ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਏਮਜ ਹਸਪਤਾਲ ਦੇ ਚਾਲੂ ਹੋਣ ਕਾਰਨ ਬਠਿੰਡਾ ਦੇ ਆਸ-ਪਾਸ ਇਕ ਦਰਜਨ ਤੋਂ ਜ਼ਿਆਦਾ ਕਲੋਨੀ ਦਾ ਨਿਰਮਾਣ ਹੋ ਰਿਹਾ ਹੈ। ਇਨ੍ਹਾਂ ਕਲੋਨੀਆਂ ‘ਚ ਇੱਕ ਨਿੱਜੀ ਕੰਪਨੀ ਵੱਲੋਂ ਜਗ੍ਹਾ ਨੂੰ ਉੱਚਾ ਕਰਨ ਲਈ ਭਰਤ ਪਾਈ ਜਾ ਰਹੀ ਹੈ। ਇਹ ਮਿੱਟੀ ਟਿੱਪਰ ਚਾਲਕਾਂ ਵੱਲੋਂ ਬਠਿੰਡਾ ਦੇ ਨਾਲ ਲਗਦੇ ਪਿੰਡਾਂ ‘ਚੋਂ ਚੁੱਕੀ ਜਾ ਰਹੀ ਹੈ। ਟਿੱਪਰਾ ‘ਚ ਇਸ ਕਦਰ ਓਵਰਲੋਡ ਮਿੱਟੀ ਭਰੀ ਜਾਂਦੀ ਹੈ, ਜਿਸ ਨਾਲ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ।ਪਿੰਡ ਵਾਸੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਨ੍ਹਾਂ ਟਿੱਪਰ ਚਾਲਕਾਂ ਵੱਲੋਂ ਮਿੱਟੀ ਨੂੰ ਉੱਪਰ ਤੱਕ ਭਰ ਕੇ ਪੋਲੀਥੀਨ ਲਿਫਾਫੇ ਨਾਲ ਢਕਿਆ ਵੀ ਨਹੀਂ ਜਾਂਦਾ, ਜਿਸ ਕਾਰਨ ਇਹ ਮਿੱਟੀ ਉੱਡ ਕੇ ਸੜਕ ‘ਤੇ ਜਾਂਦੇ ਮੋਟਰਸਾਈਕਲ, ਸਕੂਟਰ ਸਵਾਰਾਂ ਰਾਹਗੀਰਾਂ ਦੀਆਂ ਅੱਖਾਂ ‘ਚ ਪੈਂਦੀ ਹੈ, ਜਿਸ ਨਾਲ ਕਿਸ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਟਿੱਪਰ ਚਾਲਕਾਂ ਵਲੋਂ ਕਲੋਨੀਆਂ ‘ਚ ਮਿੱਟੀ ਪਾਉਣ ਲਈ ਮੋਟੇ ਪੈਸੇ ਲਏ ਜਾ ਰਹੇ ਹਨ ਪ੍ਰੰਤੂ ਦੂਸਰੇ ਪਾਸੇ ਉਨ੍ਹਾਂ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟ ਰਹੀਆ ਹਨ। ਉਨ੍ਹਾਂ ਪੁਲਿਸ ‘ਤੇ ਕਟਾਕਸ਼ ਕਰਦਿਆਂ ਕਿਹਾ ਕਿ ਪੁਲਿਸ ਆਮ ਲੋਕਾਂ ਦਾ ਤਾਂ ਇਕ ਮਿੰਟ ‘ਚ ਚਲਾਨ ਕਰ ਦਿੰਦੀ ਹੈ ਪਰ ਇਹ ਟਿੱਪਰ ਪੁਲਿਸ ਨੂੰ ਕਿਉਂ ਨਹੀਂ ਦਿਸਦੇ? ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਫਿਰਨੀਆਂ ਤੋਂ ਟਿੱਪਰ ਚਾਲਕਾਂ ਵਲੋਂ ਤੇਜ਼ ਰਫ਼ਤਾਰ ਨਾਲ ਇਨ੍ਹਾਂ ਟਿੱਪਰਾਂ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੀਆਂ ਸਰੇਆਮ ਧੱਜੀਆਂ ਉਡਾਉਣ ਵਾਲੇ ਇਨ੍ਹਾਂ ਟਿੱਪਰ ਚਾਲਕਾਂ ‘ਤੇ ਕਾਰਵਾਈ ਕੀਤੀ ਜਾਵੇ।