ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਵਿਸਾਖੀ ਦੇ ਤਿਉਹਾਰ ਸੰਬੰਧੀ ਲੋਕਾਂ ਨੂੰ ਵਧਾਈ ਦੇਣ ਲਈ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ‘ਤੇ ਯਤਨ ਕੀਤੇ ਜਾਂਦੇ ਹਨ। ਇਹਨਾਂ ਯਤਨਾਂ ਵਿੱਚ ਇੱਥੋਂ ਦੇ ਸ਼ਹਿਰਾਂ ਦੀਆਂ ਇਮਾਰਤਾਂ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾ ਦੇਣਾ ਵੀ ਸ਼ਾਮਿਲ ਹੈ। ਇਸ ਸਾਲ ਵੀ ਸਕਾਟਲੈਂਡ ਦੇ ਸ਼ਹਿਰ ਪਰਥ ਵਿਖੇ ਸਥਾਨਕ ਕੌਂਸਲ ਵੱਲੋਂ ਉੱਥੋਂ ਦੇ ਵਿਰਾਸਤੀ ਪੁਲ ਅਤੇ ਚਰਚ ਦੀ ਇਮਾਰਤ ਨੂੰ ਨੀਲੇ ਤੇ ਕੇਸਰੀ ਰੰਗ ਦੀ ਰੌਸ਼ਨੀ ਨਾਲ ਰੁਸ਼ਨਾ ਕੇ ਵਿਸਾਖੀ ਦੀ ਵਧਾਈ ਦਿੱਤੀ ਗਈ ਹੈ। ਪਰਥ ਐਂਡ ਕਿਨਰੌਸ ਕੌਂਸਲ ਵੱਲੋਂ ਬੀਤੇ ਕੱਲ੍ਹ ਅਤੇ ਅੱਜ ਰਾਤ ਤੱਕ ਵਿਸਾਖੀ ਦੇ ਸੰਬੰਧ ਵਿੱਚ ਇਹ ਰੌਸ਼ਨੀ ਬਰਕਰਾਰ ਰੱਖੀ ਜਾਵੇਗੀ। ਪ੍ਰਸ਼ਾਸਨ ਦੇ ਇਸ ਉਪਰਾਲੇ ਸਦਕਾ ਖਾਸਕਰ ਪੰਜਾਬੀ ਭਾਈਚਾਰੇ ਵੱਲੋਂ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਵੱਖ ਵੱਖ ਤਿਉਹਾਰਾਂ ਮੌਕੇ ਸ਼ਹਿਰੀ ਇਮਾਰਤਾਂ ਨੂੰ ਸੰਬੰਧਿਤ ਰੰਗਾਂ ਨਾਲ ਰੁਸ਼ਨਾ ਕੇ ਉਹਨਾਂ ਤਿਉਹਾਰਾਂ ਨਾਲ ਜੁੜੇ ਲੋਕਾਂ ਨੂੰ ਵਧਾਈ ਪੇਸ਼ ਕੀਤੀ ਜਾਂਦੀ ਹੈ।

