ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਜਸ ਮਾਣਿਆ ਬਰੈਡਫੋਰਡ (ਕਸ਼ਮੀਰ ਸਿੰਘ ਘੁੰਮਣ/ ਪੰਜ ਦਰਿਆ ਬਿਊਰੋ) ਵੱਖ ਵੱਖ ਪਰਿਵਾਰਾਂ ਵੱਲੋਂ 31 ਮਾਰਚ 2023 ਤੋਂ 11 ਅਖੰਡ ਪਾਠਾਂ ਦੇ ਲੜੀਵਾਰ ਪਾਠ ਅਰੰਭ ਕੀਤੇ ਗਏ ਸਨ। ਪੁਰਾਤਨ ਨਾਨਕਸ਼ਾਹੀ ਕੈਲੰਡਰ ਅਨੁਸਾਰ ਬੁੱਧਵਾਰ 14 ਅਪ੍ਰੈਲ 2023 ਨੂੰ ਵਿਸਾਖੀ ਵਾਲ਼ੇ ਦਿਹਾੜੇ 7 ਵੇਂ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਸਾਖੀ ਦੇ ਸਪੈਸ਼ਲ ਦੀਵਾਨ ਸਜਾਏ ਗਏ।











ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੀਤ ਸਿੰਘ ਜੀ ਨੇ ਅਰਦਾਸ ਉਪਰੰਤ ਮੁੱਖ ਵਾਕ ਸੰਗਤਾਂ ਨੂੰ ਸਰਵਣ ਕਰਾਏ। ਇਸ ਤੋਂ ਬਾਦ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜੱਥਾ ਭਾਈ ਗੁਰਮੀਤ ਸਿੰਘ ਜੀ, ਭਾਈ ਦਲਜੀਤ ਸਿੰਘ ਜੀ, ਹਰਪ੍ਰੀਤ ਸਿੰਘ ਜੀ ਨੇ ਰਸਭਿੰਨੇ ਸ਼ਬਦ ਕੀਰਤਨ ਨਾਲ਼ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਭਾਈ ਰਸਾਲ ਸਿੰਘ ਜੀ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਸਿੱਖ ਇਤਹਾਸ ਨਾਲ਼ ਜੋੜਿਆ। ਤਕਰੀਬਨ 12.15 ਵਜੇ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਦੇ ਸਿੱਖੀ ਕਲਾਸ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤੇ। ਬੀਬੀ ਗੁਰਮੀਤ ਕੌਰ ਦੇ ਪਰਿਵਾਰ ਦੇ ਬੱਚਿਆਂ ਨੇ ਸੁਰੀਲੀ ਅਵਾਜ ਵਿੱਚ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾ ਕੇ ਗੁਰਬਾਣੀ ਨਾਲ਼ ਜੋੜਿਆ।ਭਾਰੀ ਗਿਣਤੀ ਵਿੱਚ ਸੰਗਤਾਂ ਹੁੰਮ ਹੁਮਾ ਕੇ ਗੁਰੂ ਦਰਬਾਰ ਵਿੱਚ ਨਤਮਸਤਕ ਹੋਣ ਲਈ ਪੁੱਜੀਆਂ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਅਖੰਡ-ਪਾਠਾਂ ਦੀ ਲੜੀ ਦੇ 11ਵੇਂ ਅਖੰਡਪਾਠ ਸਾਹਿਬ ਦੇ ਭੋਗ ਨਗਰ ਕੀਰਤਨ ਵਾਲ਼ੇ ਦਿਨ ਸਵੇਰੇ 9.00 ਵਜੇ ਪੈਣਗੇ। ਨਗਰ ਕੀਰਤਨ ਇਸ ਵਾਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਵੇਕਫੀਲਡ ਰੋਡ, ਬਰੈਡਫੋਰਡ ਤੋਂ ਅਰੰਭ ਹੋਵੇਗਾ ਇਸ ਲਈ 23 ਅਪ੍ਰੈਲ ਨੂੰ ਸੰਗਤਾਂ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਅਤੇ ਸੰਗਤਾਂ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਸੇਵਾ ਵਿੱਚ ਹੱਥ ਵਟਾਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਸਃ ਗੁਰਦਿਆਲ ਸਿੰਘ ਚੱਠਾ, ਜਨਰਲ ਸੈਕਟਰੀ ਸਃ ਹਰਚਰਨ ਸਿੰਘ ਬੈਂਸ, ਖ਼ਜ਼ਾਨਚੀ ਸਃ ਹਰਦੇਵ ਸਿੰਘ ਦੁਸਾਂਝ, ਸਟੇਜ ਸੈਕਟਰੀ ਸਃ ਕਸ਼ਮੀਰ ਸਿੰਘ ਘੁੰਮਣ, ਜਥੇਦਾਰ ਸਃ ਸਰਬੰਤ ਸਿੰਘ ਦੁਸਾਂਝ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਨਾਮ ਲੇਵਾ ਸੰਗਤਾਂ ਨੂੰ ਵਿਸਾਖੀ ਅਤੇ ਖ਼ਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਪੇਸ਼ ਕੀਤੀ ਗਈ।