11.9 C
United Kingdom
Wednesday, May 8, 2024

More

    ‘ਦੀਨਾ ਝਿਉਰ‘- ਇਹ ਕਹਾਣੀ ਨਹੀਂ, ਤਲਖ਼ ਹਕੀਕਤ ਹੈ….

    ਸੰਪਾਦਕ ਦੀ ਕਲਮ ਤੋਂ

    ਮਨਜੀਤ ਸਿੰਘ ਸਰਾਂ, ਸੀਨੇ ਵਿੱਚ ਪਾਕ ਸਾਫ ਇਨਸਾਨੀ ਦਿਲ ਵਾਲਾ ਪੱਤਰਕਾਰ, ਲੇਖਕ, ਫਿਲਮਕਾਰ, ਨਿਰਦੇਸ਼ਕ ਹੈ ਪਰ ਮੈਨੂੰ ਮਾਣ ਹੈ ਕਿ ਓਹ ਮੇਰਾ “ਮਨਜੀਤ ਬਾਈ” ਹੈ। ਦੀਨੇ ਤਾਏ ਦੀ ਸਖਸ਼ੀਅਤ ਦੀ ਪਾਠਕਾਂ ਨਾਲ ਸਾਂਝ ਪੁਆਉਣ ਵਜੋਂ ਭੇਜੀ ਇਸ ਲਿਖਤ ਨੂੰ ਨੀਂਦੋਂ ਜਾਗਿਆ ਹੋਇਆ ਪੜ੍ਹਨ ਉਪਰੰਤ ਰਾਤ ਦੇ 02:21ਵਜੇ ਇਹ ਵਲਵਲੇ ਲਿਖ ਰਿਹਾ ਹਾਂ। ਇਸ ਲਿਖਤ ਨੇ ਓਸ ‘ਵੱਢਾ-ਟੁੱਕੀ’ ਦੇ ਦੌਰ ਵਿੱਚ ਲਿਜਾ ਖੜ੍ਹਾ ਕੀਤਾ, ਜਦੋਂ ਚੰਦਰੀ ਸਿਆਸਤ ਨੇ ਮਨੁੱਖ ਮਨੁੱਖ ਦਾ ਵੈਰੀ ਬਣਾ ਧਰਿਆ ਸੀ। ਓਸੇ ਦੌਰ ਦੀਨੇ ਵਰਗੇ ‘ਧਰਤੀ ਦੇ ਪੁੱਤ’ ਵੀ ਮੌਜੂਦ ਰਹੇ ਤੇ ਉਸ ਬੀਬੇ ਪੁੱਤ ਨੂੰ ਹਿੱਕ ਨਾਲ ਲਾ ਕੇ ਰੱਖਣ ਵਾਲੇ ਫਤਿਹਗੜ੍ਹ ਕੋਰੋਟਾਣਾ ਪਿੰਡ ਦੇ ਲੋਕਾਂ ਦਾ ਭਰੱਪਾ ਵੀ ਮੌਜੂਦ ਰਿਹਾ। ਮਨਜੀਤ ਬਾਈ ਦੀ ਇਸ ਲਿਖਤ ਜਰੀਏ ਦੀਨੇ ਤਾਏ, ਉਹਨਾਂ ਦੇ ਪਰਿਵਾਰ ਤੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੀ ਧਰਤੀ ਨੂੰ ਸਲਾਮ ਭੇਜਦਾ ਹਾਂ, ਜੋ ਜ਼ਿੰਦਗੀ ਦੇ ਇਸ ਅਨੋਖੇ ਰੰਗਮੰਚ ‘ਤੇ ਆਪੋ ਆਪਣਾ ਕਿਰਦਾਰ ਇਮਾਨਦਾਰੀ ਨਾਲ ਨਿਭਾਉਣ ‘ਚ ਸਫਲ ਰਹੇ।

    ਮਨਦੀਪ ਖੁਰਮੀ ਹਿੰਮਤਪੁਰਾ

    ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਇਸ ਦੌਰਾਨ ਧਰਤੀਆਂ ਤਾਂ ਵੰਡੀਆਂ ਹੀ ਗਈਆਂ ਤੇ ਨਾਲ ਸਾਡਾ ਭਾਈਚਾਰਾ ਵੀ ਵੰਡਿਆ ਗਿਆ। ਰਿਸ਼ਤੇ ਨਾਤੇ ਵੰਡੇ ਗਏ, ਰਸਮਾਂ ਰਿਵਾਜ ਵੰਡੇ ਗਏ, ਬਚਪਨ ਦੀਆਂ ਕਿਲਕਾਰੀਆਂ ਵੰਡੀਆਂ ਗਈਆਂ, ਖੁਸ਼ੀਆਂ ਗ਼ਮੀਆਂ ਦੀ ਸਾਂਝ ਵੰਡੀ ਗਈ ਤੇ ਨੌਹਾਂ ਨਾਲ਼ੋਂ ਮਾਸ ਚੂੰਡ ਲਿਆ ਗਿਆ। ਜਿੰਨਾਂ ਗਲੀਆਂ ‘ਚ ਰਾਮ, ਸਿੰਘ, ਮੁਹੰਮਦ ਤੇ ਖਾਨ ਖੇਡਣ ਸਮੇਂ ਚੀਕ ਚਿੰਗਾੜਾ ਪਾਉਂਦੇ ਸਨ, ਉਹ ਗਲੀਆਂ ਸੁੰਨਸਾਨ ਹੋ ਗਈਆਂ ਪਰ ਫੇਰ ਵੀ ਕੁੱਝ ਰਿਸ਼ਤੇ ਅਜਿਹੇ ਸਨ ਜਿਹਨਾਂ ਨੂੰ ਫ਼ਿਰਕੂ ਹਵਾਵਾਂ ਬਦਲ ਨਹੀਂ ਸਕੀਆਂ। ਇਹ ਕਹਾਣੀ ਜੋ ਸ਼ੁਰੂ ਕਰਨ ਜਾ ਰਿਹਾ ਹਾਂ, ਇਹ ਕੋਈ ਕਾਲਪਨਿਕ ਕਹਾਣੀ ਨਹੀਂ ਹੈ, ਉਂਝ ਤਾਂ ਦੇਸ਼ ਦੀ ਵੰਡ ਸਮੇਂ ਇਹ ਕਹਿਰ ਦੇਸ਼ ਦੇ ਹਰੇਕ ਕੋਨੇ ਕੋਨੇ ‘ਚ ਵਾਪਰਿਆ ਪਰ ਇਹ ਕਹਾਣੀ ਮੇਰੇ ਆਪਣੇ ਪਿੰਡ ਫਤਿਹਗੜ੍ਹ ਕੋਰੇਟਾਣਾ ਦੀ ਹੈ। ਇਹ ਕਹਾਣੀ ਬਰਾਦਰੀ ਵਜੋ ਇੱਕ ਮੁਸਲਮਾਨ ਝਿਉਰ ਦੇ ਮਹਾਨ ਇਨਸਾਨ ਦੀ ਹੈ, ਜਿਸ ਦਾ ਨਾਂ ‘ਦੀਨਾ ਝਿਉਰ‘ ਸੀ। ਵੰਡ ਦੌਰਾਨ ਜਦੋਂ ਲੋਕ ਉੱਧਰੋਂ ਇੱਧਰ ਆਉਣ ਲੱਗੇ ਤੇ ਇੱਧਰੋ ਉੱਧਰ ਜਾਣ ਲੱਗੇ ਭਾਵ ਧਰਮਾਂ ਦੇ ਨਾਂ ‘ਤੇ ਦੇਸ਼ ਦਾ ਬਟਵਾਰਾ ਸ਼ੁਰੂ ਹੋ ਗਿਆ ਸੀ ਤਾਂ ਇਸ ‘ਦੀਨੇ ਝਿਉਰ‘ ਦਾ ਪ੍ਰੀਵਾਰ ਵੀ ਸਰਹੱਦੋਂ ਪਾਰ (ਪਾਕਿਸਤਾਨ) ਜਾਣ ਲੱਗਿਆ ਤਾਂ ਦੀਨੇ ਨੇ ਆਪਣੀ ਜਨਮ ਭੂੰਮੀ ਦਾ ਮੋਹ ਨਹੀਂ ਛੱਡਿਆ ਪਰ ਪ੍ਰੀਵਾਰ ਤਿਆਗ ਦਿੱਤਾ ਭਾਵ ਪ੍ਰੀਵਾਰ ਪਾਕਿਸਤਾਨ ਚਲਾ ਗਿਆ ਪਰ ਉਹ ਆਪਣੇ ਜੱਦੀ ਪਿੰਡ ਫਤਿਹਗੜ੍ਹ ਕੋਰੋਟਾਣਾ ਹੀ ਰਹਿ ਗਿਆ। ਬੇਸ਼ੱਕ ਇਹ ਕਹਿਰ ਸਾਡੇ ਜਨਮ ਤੋਂ ਬੁਹਤ ਦੇਰ ਪਹਿਲਾਂ ਵਾਪਰਿਆ ਸੀ ਪਰ ਅਸੀਂ ਆਪਣਾ ਬਚਪਨ ਉਸ ‘ਦੀਨੇ ਝਿਉਰ‘ ਦੇ ਨਾਲ ਗੁਜ਼ਾਰਿਆ ਕਿਉਂਕਿ ਉਹ ਸਾਡੇ ਗੁਆਂਢ ਹੀ ਰਹਿੰਦਾ ਸੀ ਤੇ ਅਸੀਂ ਉਸ ਨੂੰ ਪਿਆਰ ਨਾਲ ਤਾਇਆ ਕਹਿੰਦੇ ਸੀ। ਬਟਵਾਰਾ ਹੋ ਗਿਆ ਤੇ ਇੱਕ ਤੋਂ ਦੋ ਦੇਸ਼ ਬਣ ਗਏ। ਸਮਾਂ ਬੀਤਦਾ ਗਿਆ ਤੇ ਜ਼ਖ਼ਮਾਂ ਨੇ ਹੌਲੀ ਹੌਲੀ ਭਰਨਾ ਸ਼ੁਰੂ ਕੀਤਾ। ‘ਦੀਨੇ‘ ਦੀ ਕੁਰਬਾਨੀ ਨੂੰ ਮੇਰੇ ਪਿੰਡ ਨੇ ਹਮੇਸਾਂ ਯਾਦ ਰੱਖਿਆ ਸ਼ਾਇਦ ਇਸ ਕਰ ਕੇ ਹੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਸ ਨੇ ਕਦੇ ਘਰੇ ਚੁੱਲ੍ਹਾ ਨਹੀਂ ਬਾਲਿਆ ਸੀ ਕਿਉਂਕਿ ਜਿਸ ਘਰ ਵੀ ਉਹ ਜਾਂਦਾ ਸੀ, ਉਸ ਨੂੰ ਪਿਆਰ ਸਤਿਕਾਰ ਨਾਲ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਉਹ ਹਰੇਕ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦਾ ਤੇ ਦੋ ਟਾਈਮ ਗੁਰਦੁਆਰਾ ਸਾਹਿਬ ਜਾਂਦਾ। ਹੁਣ ਉਹ ਪਿੰਡ ‘ਚ ਕਿਸੇ ਦੇ ਵਿਆਹ ਦੀ ਗੰਢ ਲੈ ਕੇ ਜਾਂਦਾ, ਕਿਸੇ ਦੇ ਦੋਹਤੇ ਪੋਤੇ ਦੀ ਭੇਲੀ ਲੈ ਕੇ ਜਾਂਦਾ ਸੀ ਜਾਂ ਦੋਹਤੇ ਪੋਤੇ ਹੋਣ ਤੇ ਘਰਾਂ ‘ਚ ਸਿਹਰੇ ਵੀ ਬੰਨਦਾ ਸੀ। ਉਦੋਂ ਬਰਾਤਾਂ ਧਰਮਸ਼ਾਲਾ ‘ਚ ਉੱਤਰਦੀਆਂ ਸਨ ਤੇ ਬਰਾਤ ਦੀ ਹਰ ਸੇਵਾ ਲਈ ‘ਦੀਨਾ‘ ਸਾਰਾ ਦਿਨ ਉੱਥੇ ਹਾਜ਼ਿਰ ਰਹਿੰਦਾ ਸੀ। ਉਹ ਪਿੰਡ ‘ਚ ਕਿਸੇ ਲਈ ਵੀ ਬਿਗਾਨਾ ਨਹੀਂ ਸੀ। ਉਂਝ ਉਸ ਨੇ ਆਪਣੇ ਘਰ ਦਾਣੇ ਭੁੰਨਣ ਲਈ ਭੱਠੀ ਬਣਾ ਰੱਖੀ ਸੀ, ਸ਼ਾਮ ਹੁੰਦਿਆਂ ਹੀ ਦਾਣੇ ਭੁਨਾਉਣ ਲਈ ਸਿਆਣਿਆਂ ਤੇ ਨਿਆਣਿਆਂ ਦੀ ਲਾਈਨ ਲੱਗ ਜਾਂਦੀ ਸੀ। ਉਹ ਨਾਲੇ ਤਾਂ ਦਾਣੇ ਭੁੰਨਦਾ ਸੀ ਤੇ ਨਾਲ਼ੇ ਹਰੇਕ ਬੱਚੇ ਨੂੰ ਪੁੱਛਦਾ ਕਿ ‘ਤੂੰ ਕੀਹਦਾ ਮੁੰਡਾ ਜਾਂ ਕੀਹਦਾ ਪੋਤਾ ਏ‘ ? ਸਾਡੇ ਬਾਪੂ ਜੀ ਦੱਸਦੇ ਹੁੰਦੇ ਸੀ ਜਦੋਂ ਦੀਨੇ ਦਾ ਪ੍ਰੀਵਾਰ ਪਾਕਿਸਤਾਨ ਜਾਣ ਲੱਗਿਆ ਤਾਂ ਦੀਨੇ ਨੇ ਕਿਹਾ, “ਪੁੱਤ ਤੁਸੀ ਚਲੇ ਜਾਉ ਪਰ ਮੈ ਤਾਂ ਜਿੱਥੇ ਜੰਮਿਆ ਹਾਂ। ਆਖ਼ਰੀ ਸ਼ਾਹ ਵੀ ਉੱਥੇ ਹੀ ਲਵਾਂਗਾ। ਅੱਲਾ ਤੁਹਾਡੀ ਹਿਫ਼ਾਜ਼ਤ ਕਰੇ ਪਰ ਮੈਨੂੰ ਮਜਬੂਰ ਨਾਂ ਕਰੋ ਪੁੱਤ, ਮੈਂ ਆਪਣੀ ਸਰ ਜ਼ਮੀਨ ਤੇ ਆਪਣੇ ਭਾਈਚਾਰੇ ਤੋਂ ਬਿਨਾ ਮਰ ਜਾਵਾਂਗਾ“। “ਪਰ ਅੱਬਾ ਅਸੀਂ ਤੁਹਾਡੇ ਬਿਨਾ ਨਹੀਂ ਰਹਿ ਸਕਦੇ ” ਦੀਨੇ ਦੇ ਮੁੰਡੇ ਨੇ ਵਾਸਤਾ ਪਾਇਆ।“ਤੁਹਾਡੀ ਅੰਮੀ ਤੁਹਾਡੇ ਨਾਲ ਆ, ਮੈਨੂੰ ਨਹੀਂ ਤੁਹਾਨੂੰ ਖਤਰਾ ਪੁੱਤ, ਅੱਲਾ ਨੇ ਚਾਹਿਆ ਤਾਂ ਦੁਬਾਰਾ ਮਿਲਾਂਗੇ।“ ਦੀਨੇ ਨੇ ਪੁੱਤ ਨੂੰ ਜੱਫੀ ਪਾਉਂਦਿਆਂ ਕਿਹਾ। ਦੀਨੇ ਦੇ ਪ੍ਰੀਵਾਰ ਨੂੰ ਪਿੰਡ ਵਾਲਿਆਂ ਵੱਲੋਂ ਜ਼ੁੰਮੇਵਾਰੀ ਚੱਕਣ ‘ਤੇ ਉਨਾਂ ਨੂੰ ਧਰਵਾਸ ਮਿਲਿਆ ਤੇ ਉਹ ਪਾਕਿਸਤਾਨ ਚਲੇ ਗਏ ਤੇ ਉਸ ਦਿਨ ਤੋਂ ਦੀਨਾ ਪੂਰੇ ਪਿੰਡ ਦਾ ਹੋ ਗਿਆ ਸੀ। ਸਮਾਂ ਚੱਲਦਾ ਗਿਆ ਤੇ ਦੀਨਾ ਸਰੀਰਕ ਪੱਖੋਂ ਵੀ ਢਲਦਾ ਗਿਆ। ਕਿਸੇ ਤਰਾਂ ਨਾਲ ਉਸਦੇ ਪ੍ਰੀਵਾਰ ਨੇ ਭਾਰਤ ਦਾ ਵੀਜ਼ਾ ਲਿਆ। ਉਸਦਾ ਪੁੱਤ ਤੇ ਪੋਤਰਾ 1970 ‘ਚ ਪੰਜਾਬ ਆਏ ਤੇ ਆਪਣੇ ਜੱਦੀ ਪਿੰਡ ਫਤਿਹਗੜ੍ਹ ਕੋਰੋਟਾਣਾ ਆ ਪਹੁੰਚੇ। ਪਿੰਡ ਦੇ ਲੋਕਾਂ ਨੇ ਉਨਾਂ ਨੂੰ ਪਲਕਾਂ ‘ਤੇ ਬਿਠਾ ਲਿਆ। ਉਸ ਦਿਨ ਦੀਨੇ ਦਾ ਚਾਅ ਨਹੀਂ ਚੱਕਿਆ ਜਾ ਰਿਹਾ ਸੀ। ਹਰੇਕ ਨੂੰ ਦੱਸਦਾ ਸਿ ਕਿ ‘ਮੇਰਾ ਪੁੱਤ ਤੇ ਪੋਤਰਾ‘ ਆਇਆ। ਦੋ ਕੁ ਹਫ਼ਤੇ ਉਹ ਰਹੇ ਤੇ ਫਿਰ ਵਾਪਿਸ ਪਾਕਿਸਤਾਨ ਚਲੇ ਗਏ। ਦੀਨਾ ਜਦੋਂ ਕਦੇ ਵੀ ਢਿੱਲਾ ਮੱਠਾ ਹੁੰਦਾ ਤਾਂ ਹਰ ਕੋਈ ਉਸ ਲਈ ਦਵਾਈ ਬੂਟੀ ਲਈ ਭੱਜਦਾ। ਫੇਰ ਕੁੱਝ ਸਾਲ ਬਾਅਦ ਦੀਨਾ ਇੱਕ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਕਲਿਆਣ ਸਰ ਸਾਹਿਬ ਮੱਥਾ ਟੇਕਣ ਗਿਆ। ਉਸ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲਈ ਜਿਉਂ ਹੀ ਆਪਣਾ ਸਿਰ ਧਰਤੀ ਨਾਲ ਲਾਇਆ ਤਾਂ ਉੱਥੇ ਹੀ ਉਸ ਦੇ ਸਵਾਸ ਪੂਰੇ ਹੋ ਗਏ। ਜਦੋਂ ਪਿੰਡ ਨੂੰ ਪਤਾ ਲੱਗਿਆ ਕਿ ਦੀਨਾ ਪੂਰਾ ਹੋ ਗਿਆ ਹੈ ਤਾਂ ਪੂਰਾ ਪਿੰਡ ਗੁਰਦੁਆਰਾ ਸਾਹਿਬ ਇੱਕਠਾ ਹੋ ਗਿਆ। ਲੋਕਾਂ ‘ਚ ਕਈ ਤਰਾਂ ਦੀਆਂ ਗੱਲਾਂ ਹੋਈਆਂ। ਕਈਆਂ ਨੇ ਕਿਹਾ ਕਿ ਹੁਣ ਦੀਨੇ ਨੂੰ ਦਫ਼ਨਾਇਆ ਜਾਵੇ ਜਾਂ ਸੰਸਕਾਰ ਕੀਤਾ ਜਾਵੇ। ਆਖ਼ਰ ਤੈਅ ਹੋਇਆ ਕਿ ਉਸ ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਹੈ ਤੇ ਆਖ਼ਰੀ ਸ਼ਾਹ ਵੀ ਗੁਰੂ ਦੀ ਹਜ਼ੂਰੀ ‘ਚ ਲਏ ਹਨ ਸੋ ਸੰਸਕਾਰ ਕੀਤਾ ਜਾਵੇ। ਸਭ ਦੀ ਸਹਿਮਤੀ ਤੇ ਪੂਰਨ ਸਿੱਖ ਮਰਯਾਦਾ ਨਾਲ ਉਸ ਦਾ ਸੰਸਕਾਰ ਕੀਤਾ ਗਿਆ ਤੇ ਭੋਗ ਤੇ ਉਸ ਦੇ ਪ੍ਰੀਵਾਰ ਨੂੰ ਸੂਚਿਤ ਗਿਆ। ਭੋਗ ਦਾ ਸਮਾਂ ਆਇਆ ਤਾਂ ਉਸ ਦਾ ਪ੍ਰੀਵਾਰ ਵੀ ਆਇਆ। ਲੋਕਾਂ ਨੇ ਦੀਨੇ ਦੀਆਂ ਸਾਰੀਆਂ ਦੁਨਿਆਵੀ ਰਸਮਾਂ ਪੂਰੀ ਮਰਯਾਦਾ ਨਾਲ ਪੂਰੀਆਂ ਕੀਤੀਆਂ ਤੇ ਭੋਗ ਤੇ ਗੁਰੂ ਕੇ ਲੰਗਰ ਲਾਏ ਗਏ। ਲੋਕਾਂ ਨੇ ਉਹਦੇ ਪ੍ਰੀਵਾਰ ਨਾਲ ਦੁੱਖ ਜਤਾਇਆ ਪਰ ਉਹ ਦਾ ਪੁੱਤਰ ਹੱਥ ਜੋੜੀ ਖੜਾ ਰਿਹਾ ਤੇ ਆਖ਼ਰ ‘ਚ ਉਹ ਭਰੀਆਂ ਅੱਖਾਂ ਨਾਲ ਬੋਲਿਆ ਕਿ ‘ਕਿ ਜਿਸ ਦਿਨ ਅੱਬਾ ਨੇ ਸਾਡੇ ਨਾਲ ਜਾਣ ਤੋਂ ਇਨਕਾਰ ਕੀਤਾ ਸੀ, ਉਸ ਦਿਨ ਸਾਨੂੰ ਉਹਨਾਂ ‘ਤੇ ਬੁਹਤ ਗ਼ੁੱਸਾ ਵੀ ਆਇਆ ਸੀ ਪਰ ਅੱਜ ਦੇਖ ਕੇ ਮਹਿਸੂਸ ਰਿਹਾ ਹੈ ਕਿ ਜੋ ਉਨਾਂ ਨੇ ਉਸ ਸਮੇਂ ਫੈਸਲਾ ਲਿਆ ਸੀ, ਉਹ ਸਹੀ ਫੈਸਲਾ ਸੀ। ਤੁਸੀ ਸਾਰੀ ਉਮਰ ਸਾਡੇ ਅੱਬਾ ਨੂੰ ਪਲਕਾਂ ‘ਤੇ ਬਿਠਾ ਕੇ ਰੱਖਿਆ ਸੀ। ਸਾਨੂੰ ਹਮੇਸਾਂ ਆਪਣੇ ਅੱਬੂ ‘ਤੇ ਫ਼ਖ਼ਰ ਰਹੇਗਾ ਕਿਉਂਕਿ ਉਹ ਜਿੱਥੇ ਪੈਦਾ ਹੋਏ ਤੇ ਉੱਥੇ ਹੀ ਆਖ਼ਰੀ ਸਵਾਸ ਲਏ। ਆਖ਼ਰ ਭਰੀਆਂ ਅੱਖਾਂ ਤੇ ਮਿਲੇ ਮਾਣ ਸਤਿਕਾਰ ਨਾਲ ਪਿਤਾ ਦੀ ਆਖ਼ਰੀ ਵਿਦਾਇਗੀ ਰਸਮ ਪੂਰੀ ਕਰਕੇ ਵਾਪਿਸ ਪਾਕਿਸਤਾਨ ਚਲੇ ਗਏ। ਦੀਨਾ ਅੱਜ ਵੀ ਲੋਕਾਂ ਦੇ ਦਿਲਾਂ ‘ਚ ਧੜਕਦਾ ਹੈ ਜੋ ਪਿਆਰ ਤੇ ਇੱਕ ਜਨਮ ਭੂਮੀ ਪ੍ਰਤੀ ਸਮਰਪਣ ਦੀਨੇ ਨੇ ਹੰਢਾਇਆ, ਉਸ ਦੀ ਹੋਰ ਕੋਈ ਮਿਸਾਲ ਬੁਹਤ ਘੱਟ ਦੇਖਣ ਨੂੰ ਮਿਲੀ ਹੈ। ਸ਼ਾਡੇ ਸਤਿਕਾਰ ਯੋਗ ਬੁਜੁਰਗ ‘ਦੀਨਾ ਤਾਇਆ‘ ਜੀ ਦੀ ਜੀਵਨੀ ਤੇ 2004 ‘ਚ ਮੈ ਪੰਜਾਬੀ ਸੀਰੀਅਲ ‘ਮਿੱਟੀ ਦਾ ਮੋਹ‘ ਬਣਾਇਆ ਸੀ ਸੋ ਦੂਰਦਰਸ਼ਨ ਜਲੰਧਰ ਤੇ ਟੈਲੀਕਾਸਟ ਹੋਇਆ ਸੀ। ਜਿਸ ਵਿੱਚ ‘ਦੀਨੇ‘ ਦਾ ਕਿਰਦਾਰ ਮਹਾਨ ਅਦਾਕਾਰ ਸਵਰਗੀ ‘ਯਸ਼ ਸ਼ਰਮਾ‘ ਜੀ ਨੇ ਨਿਭਾਇਆ ਸੀ।

    ਮਨਜੀਤ ਸਿੰਘ ਸਰਾਂ/ ਟਰਾਂਟੋ

    PUNJ DARYA

    Leave a Reply

    Latest Posts

    error: Content is protected !!